ਕੱਲ• ਵਿਸਾਖੀ ‘ਤੇ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਝੱਟ ਤਿਆਰ ਤੇ ਫੱਟ ਰਿਲੀਜ਼ ਹੋਈ ਇਸ ਫ਼ਿਲਮ ਨੂੰ ਸੈਂਸਰ ਬੋਰਡ ਦੀ ਵਧੀਕੀ ਦਾ ਸਾਹਮਣਾ ਕਰਨਾ ਪਿਆ ਹੈ। ਇਹ ਫ਼ਿਲਮ ਮੋਦੀ ਸਰਕਾਰ ਵੱਲੋਂ ਦੋ ਸਾਲ ਪਹਿਲਾਂ 8 ਨਵੰਬਰ 2016 ਨੂੰ ਕੀਤੀ ਗਈ ਨੋਟਬੰਦੀ ‘ਤੇ ਅਧਾਰਿਤ ਹੈ। ਇਹੀ ਨਹੀਂ ਇਸ ਤੋਂ ਪਹਿਲਾਂ ਦੇਸ਼ ‘ਚ 1977 ‘ਚ ਪਹਿਲੀ ਵਾਰ ਹੋਈ ਨੋਟਬੰਦੀ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਹੈ। ਫ਼ਿਲਮ ਦਾ ਵਿਸ਼ਾ ਮੌਲਿਕ ਅਤੇ ਨਿਰਾਲਾ ਹੈ। ਹਲਕੀ ਫੁਲਕੀ ਕਾਮੇਡੀ ਵਾਲੀ ਇਸ ਫ਼ਿਲਮ ‘ਚ ਨੋਟਬੰਦੀ ਨਾਲ ਆਈਆਂ ਸਮੱਸਿਆਵਾਂ ਅਤੇ ਇਸ ਪਿਛਲੇ ਕਾਰਨਾਂ ‘ਤੇ ਬੜੇ ਬੇਬਾਕ ਵਿਅੰਗ ਕੀਤੇ ਗਏ ਸਨ। ਜਿਸ ਨਾਲ ਦੇਸ਼ ਦਾ ਹਰ ਬੰਦਾ ਜੁੜਿਆ ਹੋਇਆ ਸੀ, ਪਰ ਮੋਦੀ ਸਰਕਾਰ ਦੇ ਸੈਂਸਰ ਬੋਰਡ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਇਹ ਫ਼ਿਲਮ ਸਰਕਾਰ ਦੇ ਇਸ ਅਹਿਮ ਫ਼ੈਸਲੇ ‘ਤੇ ਵਿਅੰਗ ਕਰਦੀ ਹੋਈ ਆਮ ਲੋਕਾਂ ਦੀ ਸਮੱਸਿਆ ਨੂੰ ਪਰਦੇ ‘ਤੇ ਲਿਆਵੇ। ਇਸ ਲਈ ਫ਼ਿਲਮ ‘ਚ ਨੋਟਬੰਦੀ ਵਾਲੇ ਅੱਧੀ ਦਰਜਨ ਤੋਂ ਵੱਧ ਵੱਡੇ ਸੀਨ• ਕਟਵਾ ਦਿੱਤੇ ਗਏ। ਫ਼ਿਲਮ ਦੇਖਦਿਆਂ ਸ਼ਾਇਦ ਤੁਹਾਨੂੰ ਇਹ ਗੱਲ ਮਹਿਸੂਸ ਵੀ ਹੋਵੇ, ਪਰ ਇਹ ਫ਼ਿਲਮ ਰੱਤਾ ਵੀ ਤੁਹਾਨੂੰ ਕਹਾਣੀ ਨਾਲੋਂ ਟੁੱਟਣ ਨਹੀਂ ਦੇਵੇਗੀ।
ਮਨੋਰੰਜਨ ਦੇ ਨਾਲ ਨਾਲ ਦਿਲ ਟੁੰਬਵਾ ਜਿਹੜਾ ਸੁਨੇਹਾ ‘ਗੋਲਕ ਬੁਗਨੀ ਬੈਂਕ ਤੇ ਬੂਟਆ’ ਦੇ ਗਈ, ਇਹ ਕਮਾਲ ਹੈ। ਬੱਸ ਇਸ ਨੁਕਤੇ ਨੂੰ ਸਮਝਣ ਤੇ ਜ਼ਿੰਦਗੀ ‘ਚ ਅਪਣਾਉਣ ਦੀ ਲੋੜ ਹੈ। ਕਾਰਜ ਗਿੱਲ ਹੁਰਾਂ ਦੀ ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬੀ ਫ਼ਿਲਮ ਹੈ, ਜੋ ਆਮ ਬੰਦੇ ਦੇ ਦਿਲ ਦੀਆਂ ਮਲੂਕ ਭਾਵਨਾਵਾਂ ਨੂੰ ਬੜੀ ਖੂਬਸੂਰਤੀ ਨਾਲ ਪਰਦੇ ‘ਤੇ ਪੇਸ਼ ਕਰਦੀ ਹੈ। ਮੁਲਕ ‘ਚ ਦੋ ਵਾਰ ਹੋਈ ਨੋਟਬੰਦੀ ਨੂੰ ਧੀਰਜ ਰਤਨ ਨੇ ਅਪਣੀ ਪਟਕਥਾ ਦਾ ਇਸ ਕਦਰ ਅਧਾਰ ਬਣਾਇਆ ਹੈ ਕਿ ਇਹ ਮੁੱਦਾ ਤੁਹਾਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝਾ ਜਾਂਦਾ ਹੈ।
ਸਿਤਿਜ਼ ਚੌਧਰੀ ਵੱਲੋਂ ਨਿਰਦੇਸ਼ਤ ਇਸ ਫ਼ਿਲਮ ‘ਚ ਦੋ ਕਹਾਣੀਆਂ ਨਾਲ ਨਾਲ ਚੱਲਦੀਆਂ ਪਰ ਦੋਵਾਂ ਦਾ ਵੇਗ ਇਕੋ ਹੈ। ਅਮਰਿੰਦਰ ਗਿੱਲ ਦੀ ਅਦਾਕਾਰੀ, ਫ਼ਿਲਮ ਤੇ ਕਿਰਦਾਰਾਂ ਪ੍ਰਤੀ ਚੋਣ ਦਾ ਮੈਂ ਮੁਰੀਦ ਕਿਉਂ ਹਾਂ, ਇਹ ਤੁਹਾਨੂੰ ਫ਼ਿਲਮ ਦੇਖ ਕੇ ਪਤਾ ਲੱਗਾ ਜਾਵੇਗਾ। ਹਰੀਸ਼ ਵਰਮਾ ਜਿਸ ਕਿਸਮ ਦੀਆਂ ਫ਼ਿਲਮਾਂ ਲਈ ਬਣਿਆ ਹੈ, ਉਸ ਕਿਸਮ ਦੀ ਇਹ ਉਸਦੀ ਪਹਿਲੀ ਫ਼ਿਲਮ ਹੈ। ਉਸਨੇ ਸਾਬਤ ਕੀਤਾ ਹੈ ਕਿ ਉਹ ਜਨਮਜਾਤ ਅਦਾਕਾਰ ਹੈ। ਹਰੀਸ਼ ਤੇ ਸਿੰਮੀ ਚਾਹਲ ਦੀ ਜੋੜੀ ਤੁਹਾਨੂੰ ਫ਼ਿਲਮੀ ਜੋੜੀ ਬਿਲਕੁਲ ਵੀ ਨਹੀਂ ਲੱਗੇਗੀ। ਇਹ ਦੋਵੇਂ ਪਾਤਰ ਤੁਹਾਡੇ ਆਲੇ ਦੁਆਲੇ ਦੇ ਹਨ। ਫ਼ਿਲਮ ਦਾ ਪੀਰੀਅਡ ਪਾਰਟ ਤੁਹਾਨੂੰ ਸਿਰਫ ਭਾਵੁਕ ਹੀ ਨਹੀਂ ਕਰੇਗਾ ਬਲਕਿ ਅੰਤਰਝਾਤ ਲਈ ਪ੍ਰੇਰਿਤ ਵੀ ਕਰੇਗਾ। ਫ਼ਿਲਮ ਦੇ ਡਾਇਲਾਗ ਤੇ ਗੀਤਾਂ ਤੁਹਾਡੇ ਦਿਲ ‘ਚ ਵੱਸ ਜਾਣਗੇ।
ਜੱਟਵਾਦ ਦੀ ਬੀਮਾਰੀ ਤੋਂ ਕੋਹਾਂ ਦੂਰ ਇਹ ਫ਼ਿਲਮ ਹਰ ਪੰਜਾਬੀ ਦਰਸ਼ਕ ਦੀ ਫ਼ਿਲਮ ਹੈ। ਪੰਜਾਬੀ ਸਿਨੇਮੇ ਨਾਲੋਂ ਟੁੱਟ ਚੁੱਕੇ ਹਿੰਦੂ, ਖਾਸ ਕਰਕੇ ਸ਼ਹਿਰੀ ਵਰਗ ਨੂੰ ਇਹ ਫ਼ਿਲਮ ਮੁੜ ਸਿਨੇਮੇ ਤੱਕ ਲਿਆਉਣ ‘ਚ ਅਹਿਮ ਰੋਲ ਅਦਾ ਕਰ ਸਕਦੀ ਹੈ।
in Movie Review
ਸੈਂਸਰ ਬੋਰਡ ਦੀ ਕੈਂਚੀ ਤੋਂ ਬਾਅਦ ਵੀ ‘ਕਮਲ ਦੇ ਫੁੱਲ’ ਵਾਂਗ ਮਹਿਕਾ ਖਿਲਰੇਦੀ ਹੈ ‘ਗੋਲਕ ਬੁਗਨੀ ਬੈਂਕ ਤੇ ਬਟੂਆ’
