ਰਾਸ਼ਟਰੀ ਖੇਡ ਹਾਕੀ ‘ਤੇ ਅਧਾਰਿਤ ਪਹਿਲੀ ਪੰਜਾਬੀ ਫ਼ਿਲਮ ‘ਖਿੱਦੋ ਖੂੰਡੀ’ ਕੱਲ• ਸ਼ੁੱਕਰਵਾਰ ਯਾਨੀਕਿ 20 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪ੍ਰਸ਼ੰਸਕਾਂ, ਖੇਡ ਪ੍ਰੇਮੀਆਂ ਅਤੇ ਫ਼ਿਲਮਾਂ ਦੇ ਸ਼ੌਕੀਨਾਂ ਵੱਲੋਂ ਉਡੀਕੀ ਜਾ ਰਹੀ ਇਹ ਫ਼ਿਲਮ ਕੱਲ• ਸੁਮੱਚੀ ਦੁਨੀਆਂ ‘ਚ ਰਿਲੀਜ਼ ਹੋ ਜਾਵੇਗੀ। ਨਿਰਮਾਤਾ ਤਲਵਿੰਦਰ ਹੇਅਰ ਅਤੇ ਨਿਰਦੇਸ਼ਕ ਰੋਹਿਤ ਜੁਗਰਾਜ ਦੀ ਇਹ ਫ਼ਿਲਮ ਪੰਜਾਬ ਦੇ ਉਸ ਛੋਟੇ ਜਿਹੇ ਪਿੰਡ ਸੰਸਾਰਪੁਰ ਨੂੰ ਮੁੜ ਤੋਂ ਕੌਮਾਂਤਰੀ ਨਕਸ਼ੇ ‘ਤੇ ਸੁਰਜੀਤ ਕਰਦੀ ਹੈ, ਜਿਸ ਨੇ ਡੇਢ ਦਰਜਨ ਦੇ ਨੇੜੇ ਓਲੰਪੀਅਨ ਅਤੇ ਦਰਜਨਾਂ ਕੌਮੀ ਹਾਕੀ ਖਿਡਾਰੀ ਪੈਦਾ ਕੀਤੇ ਹਨ।

ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਸੰਸਾਰਪੁਰ ਦੀ ਅਜੌਕੀ ਸਥਿਤੀ, ਹਾਕੀ ਪ੍ਰਤੀ ਨੌਜਵਾਨਾਂ ਦਾ ਘਟਦਾ ਮੋਹ ਅਤੇ ਖਿਡਾਰੀਆਂ ਦੀ ਖੇਡ ਭਾਵਨਾ ਨੂੰ ਦਰਸਾਉਂਦੀ ਇਹ ਫ਼ਿਲਮ ਦੇਸ਼ ਭਗਤੀ ਦੇ ਜਜ਼ਬੇ ਨੂੰ ਉਜਾਗਰ ਕਰਦੀ ਹੈ।
ਰੋਹਿਤ ਜੁਗਰਾਜ ਦੇ ਸਕਰੀਨਪੇਲ ‘ਤੇ ਅਧਾਰਿਤ ਅਤੇ ਸੁਰਮੀਤ ਮਾਵੀ ਦੇ ਪ੍ਰਭਾਵਸ਼ਾਲੀ ਸੰਵਾਦਾਂ ਨਾਲ ਸੱਜੀ ਇਹ ਫ਼ਿਲਮ ਇਕ ਅਜਿਹੇ ਪਰਿਵਾਰ ਤੋਂ ਸ਼ੁਰੂ ਹੁੰਦੀ ਹੈ ਜੋ ਪੰਜਾਬ ਤੋਂ ਯੂਕੇ ਜਾ ਕੇ ਵੱਸਿਆ ਹੈ। ਇਸ ਪਰਿਵਾਰ ਦੇ ਨੌਜਵਾਨ ਨੂੰ ਗੋਰੇ ਹਾਕੀ ਪ੍ਰਤੀ ਚੈਲੰਜ ਕਰਦੇ ਹਨ। ਗੋਰਿਆਂ ਵੱਲੋਂ ਦਿੱਤਾ ਗਿਆ ਇਹ ਚੈਲੰਜ ਸਵਿਕਾਰ ਕਰਦਿਆਂ ਇਹ ਪਰਿਵਾਰ ਗੋਰਿਆਂ ਦੀ ਹਾਕੀ ਟੀਮ ਨੂੰ ਖੇਡ ਮੈਦਾਨ ‘ਚ ਧੂੜ ਚਟਾਉਣ ਲਈ ਹਾਕੀ ਦੀ ਟੀਮ ਤਿਆਰ ਕੀਤੀ ਜਾਂਦੀ ਹੈ। ਸੰਸਾਰਪੁਰ ‘ਚ ਲੱਗਦੀਆਂ ਖਿਡਾਰੀਆਂ ਦੀਆਂ ਰੋਣਕਾਂ ਨੂੰ ਦੇਖ ਜਦੋਂ ਇਹ ਪਰਿਵਾਰ ਪੰਜਾਬ ਆਉਂਦਾ ਹੈ ਤਾਂ ਹੈਰਾਨ ਰਹਿ ਜਾਂਦ ਹੈ। ਸੰਸਾਰਪੁਰ ਦੀਆਂ ਰੌਣਕਾਂ ਕਦੋਂ ਦੀਆਂ ਮੁੱਕ ਚੁੱਕੀਆਂ ਹਨ। ਫਿਰ ਇਹ ਪਰਿਵਾਰ ਕਿਵੇਂ ਹਾਕੀ ਦੀ ਟੀਮ ਤਿਆਰ ਕਰਦਾ ਹੈ ਤੇ ਕਿਵੇਂ ਗੋਰਿਆਂ ਨੂੰ ਮਾਤ ਦਿੰਦਾ ਹੈ। ਇਹ ਇਸ ਫ਼ਿਲਮ ਦਾ ਦਿਲਚਸਪ ਪਹਿਲੂ ਹੈ। ਫ਼ਿਲਮ ‘ਚ ਮੁੱਖ ਭੂਮਿਕਾ ਰਣਜੀਤ ਬਾਵਾ, ਮਾਨਵ ਵਿੱਜ, ਮੈਂਡੀ ਤੱਖਰ ਅਤੇ ਇਲਆਨਾ ਨੂਰਾਜੀ ਨੇ ਨਿਭਾਈ ਹੈ। ਉਂਝ ਫ਼ਿਲਮ ‘ਚ ਗੱਗੂ ਗਿੱਲ, ਸੀਮਾ ਕੌਂਸਲ, ਮਹਾਂਵੀਰ ਭੁਲੱਰ ਸਮੇਤ ਕਈ ਹੋਰ ਚਿਹਰੇ ਵੀ ਹਨ। ਅੱਧੀ ਦਰਜਨ ਤੋਂ ਵੱਧ ਕੌਮੀ ਹਾਕੀ ਖਿਡਾਰੀਆਂ ਨੇ ਵੀ ਇਸ ਫ਼ਿਲਮ ‘ਚ ਹਾਕੀ ਖਿਡਾਰੀ ਦੀ ਭੂਮਿਕਾ ਨਿਭਾਈ ਹੈ।

ਫ਼ਿਲਮ ‘ਚ ਰਣਜੀਤ ਬਾਵਾ ਦੇ ਕਿਰਦਾਰ ਜ਼ਰੀਏ ਹਾਕੀ ਖਿਡਾਰੀਆਂ ਦੀ ਜ਼ਿੰਦਗੀ ਅਤੇ ਖੇਡ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਹੁੰਦੀ ਸਿਆਸਤ ਨੂੰ ਵੀ ਉਭਾਰਿਆ ਗਿਆ ਹੈ। ਇਹ ਫ਼ਿਲਮ ਅਜੌਕੇ ਨੌਜਵਾਨਾਂ ਦਾ ਹਾਕੀ ਪ੍ਰਤੀ ਘੱਟਦੇ ਮੋਹ ਦੀ ਤ੍ਰਾਸਦੀ ਨੂੰ ਵੀ ਪਰਦੇ ‘ਤੇ ਲਿਆਉਂਦੀ ਹੈ। ਫ਼ਿਲਮ ਦੇ ਨਿਰਦੇਸ਼ਕ ਰੋਹਿਤ ਜੁਗਰਾਜ ਮੁਤਾਬਕ ਇਹ ਫ਼ਿਲਮ ਖੇਡ ਭਾਵਨਾ ਨੂੰ ਦਰਸਾਉਂਦੀ ਹੋਈ ਹਾਕੀ ਦੇ ਸਨਮਾਨ ‘ਚ ਹੋਰ ਵਾਧਾ ਕਰੇਗੀ। ਉਹਨਾਂ ਮੁਤਾਬਕ ਦੇਸ਼ ਭਗਤੀ ਦਾ ਜਜ਼ਬਾ ਇਕ ਖਿਡਾਰੀ ‘ਚ ਜਾਨ ਫ਼ੂਕਦਾ ਹੈ। ਖਿਡਾਰੀਆਂ ਨੂੰ ਕਿਸੇ ਮੈਚ ਦੀ ਜਿੱਤ ਲਈ ਕਿਸ ਤਰੀਕੇ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਕਿਵੇਂ ਕਿਸੇ ਖਿਡਾਰੀ ਲਈ ਕੋਈ ਮੈਚ ਜਿੱਤਣਾ ਜ਼ਿੰਦਗੀ ਬਣ ਜਾਂਦਾ ਹੈ। ਇਹ ਫ਼ਿਲਮ ‘ਚ ਦਿਖਾਇਆ ਗਿਆ ਹੈ। ਹਾਕੀ ‘ਤੇ ਅਧਾਰਿਤ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੋਵੇਗੀ।

ਪੰਜਾਬੀ ਫ਼ਿਲਮਾਂ ਦਾ ਨਾਮਵਰ ਅਦਾਕਾਰ ਮਾਨਵ ਵਿੱਜ ਇਸ ਫ਼ਿਲਮ ਜ਼ਰੀਏ ਆਪਣੇ ਅਦਾਕਾਰੀ ਕੱਦ ਨੂੰ ਹੋਰ ਉੱਚਾ ਚੁੱਕੇਗਾ। ਪੂਰੀ ਫ਼ਿਲਮ ਦੀ ਕਹਾਣੀ ਰਣਜੀਤ ਬਾਵਾ ਅਤੇ ਮਾਨਵ ਵਿੱਜ ਦੇ ਮੋਢਿਆਂ ‘ਤੇ ਹੀ ਟਿਕੀ ਹੋਈ ਹੈ। ਨਾਮਵਰ ਅਦਾਕਾਰਾ ਮੈਂਡੀ ਤੱਖਰ ਫ਼ਿਲਮ ‘ਚ ਰਣਜੀਤ ਬਾਵੇ ਦੀ ਭਾਬੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਰਿਸ਼ਤਿਆਂ ਦੇ ਮੋਹ ‘ਚ ਫ਼ਸੀ ਬਾਵੇ ਨੂੰ ਹਾਕੀ ਦੀ ਪਰਵਾਹ ਛੱਡ ਖੁਦ ਦੀ ਪਰਵਾਹ ਕਰਨ ਦੀ ਸਲਾਹ ਦਿੰਦੀ ਹੈ। ਉਸਦਾ ਇਹ ਕਿਰਦਾਰ ਰਿਸ਼ਤਿਆਂ ਦੇ ਅਲਜ਼ਬਰੇ ਨੂੰ ਸਮਝਵੇਗਾ। ਆਸ ਹੈ ਅਜਿਹੀਆਂ ਫ਼ਿਲਮਾਂ ਨਾਲ ਪੰਜਾਬੀ ਸਿਨੇਮੇ ਦਾ ਦਾਇਰਾ ਮੋਕਲਾ ਹੋਵੇਗਾ।
ਜਾਣੋ ਕੀ ਹੋਵੇਗਾ ਖਾਸ ਕੱਲ• ਰਿਲੀਜ਼ ਹੋ ਰਹੀ ਫ਼ਿਲਮ ‘ਖਿੱਦੋ ਖੂੰਡੀ’ ਵਿੱਚ


