ਆਪਣੀ ਸਾਰਥਿਕ ਤੇ ਮਿਆਰੀ ਗਾਇਕੀ ਕਰਕੇ ਜਾਣੇ ਜਾਂਦੇ ਹਰਮਨਪਿਆਰੇ ਗਾਇਕ ਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ ‘ਕਰ ਕਿਰਪਾ’ ‘ਤੇ ਸਰੋਤਿਆਂ ਦੀ ਖੂਬ ਕਿਰਪਾ ਹੋ ਰਹੀ ਹੈ। ਕੈਨੇਡਾ ਸਮੇਤ ਵੱਖ ਵੱਖ ਮੁਲਕਾਂ ‘ਚ ਪੰਜਾਬੀ ਭਾਈਚਾਰੇ ਵੱਲੋਂ ਕੱਢੇ ਗਏ ਨਗਰ ਕੀਰਤਨਾਂ ਦੌਰਾਨ ਹਰਮਿੰਦਰ ਦਾ ਇਹ ਗੀਤ ਖੂਬ ਵੱਜਿਆ ਹੈ। ਮਨ ਨੂੰ ਰੂਹਾਨੀ ਸਕੂਨ ਦਿੰਦਾ ਇਹ ਗੀਤ ਹਰਵਿੰਦਰ ਓਹਰਪੁਰੀ ਦਾ ਕਲਮਬੱਧ ਕੀਤਾ ਹੋਇਆ ਹੈ।
ਬੀ2 ਦੇ ਮਿਊਜ਼ਿਕ ‘ਚ ਸੱਜਿਆ ਅਤੇ ਲਾਲੀ ਬੈਂਸ ਵੱਲੋਂ ਨਿਰਦੇਸ਼ਤ ਕੀਤਾ ਇਸ ਗੀਤ ਦਾ ਵੀਡੀਓ ਵੱਖ ਵੱਖ ਟੀਵੀ ਚੈਨਲਾਂ ਦੇ ਨਾਲ ਨਾਲ ਸੋਸ਼ਲ ਮੀਡੀਆ ਅਤੇ ਵਟਸਐਪ ਗੁਰੱਪਾਂ ‘ਚ ਕਾਫ਼ੀ ਸ਼ੇਅਰ ਵੀ ਹੋ ਰਿਹਾ ਹੈ। ਸਤਨਾਮ ਸੱਤੀ ਦਾ ਇਹ ਪ੍ਰਾਜੈਕਟ ਇਹ ਗੀਤ ਗੁਰੂ ਦੀ ਬੰਦਗੀ ਅਤੇ ਉਸ ਅਕਾਲ ਪੁਰਖ ਦੀ ਅਰਾਧਨਾ ਤੇ ਗੁਣਗਾਣ ਹੈ। ‘ਰੁਮਾਲ’, ‘ਤਰੱਕੀਆ’ ਅਤੇ ‘ਅੱਖੀਆਂ ‘ਚ ਪਾਣੀ ਵਰਗੇ’ ਗੀਤਾਂ ਨਾਲ ਗਾਇਕੀ ਦੇ ਵਿਹੜੇ ਲਿਸ਼ਕਾਂ ਮਾਰ ਰਹੇ ਹਰਮਿੰਦਰ ਮੁਤਾਬਕ ਗਾਇਕੀ ਦੇ ਇਸ ਕਮਰਸ਼ੀਅਲ ਦੌਰ ‘ਚ ਅਜਿਹੇ ਧਾਰਮਿਕ ਗੀਤ ਕਰਨਾ ਭਾਵੇਂ ਕਮਰਸ਼ੀਅਲ ਤੌਰ ‘ਤੇ ਕੋਈ ਫ਼ਾਇਦਾ ਨਹੀਂ ਦਿੰਦਾ, ਪਰ ਅਜਿਹੇ ਗੀਤ ਗਾ ਕੇ ਜੋ ਰੂਹ ਨੂੰ ਸਕੂਨ ਮਿਲਦਾ ਹੈ, ਉਸ ਦਾ ਮਜ਼ਾ ਵੱਖਰਾ ਹੀ ਹੈ। ਇਹ ਗੀਤ ਤੋਂ ਬਾਅਦ ਉਹ ਛੇਤੀ ਅਜਿਹਾ ਹੀ ਇਕ ਹੋਰ ਗੀਤ ਲੈ ਕੇ ਪੇਸ਼ ਹੋਵੇਗਾ। ਇਸ ਦੇ ਨਾਲ ਹੀ ਵੱਖ ਵੱਖ ਵੰਨਗੀਆਂ ਅਧਾਰਿਤ ਗੀਤ ਵੀ ਸਮੇਂ ਸਮੇਂ ਰਿਲੀਜ਼ ਕਰਨ ਦੀ ਵਿਉਂਤਬੰਦੀ ਹੈ।


