ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਤੇ ਭਰਾ ਖ਼ਿਲਾਫ਼ ਹੁਸ਼ਿਆਰਪੁਰ ਸਿਟੀ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ। ਸ਼ਿਕਾਇਤਕਰਤਾ ਸਤਪਾਲ ਗੁਪਤਾ ਨੇ ਦੋਸ਼ ਲਗਾਇਆ ਕਿ ਸੁਰਵੀਨ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਨਾਲ 40 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਗੁਪਤਾ ਦੇ ਵਕੀਲ ਨਵੀਨ ਜੈਰਥ ਨੇ ਦੱਸਿਆ ਕਿ ਸ੍ਰੀ ਗੁਪਤਾ ਦੇ ਲੜਕੇ ਪੰਕਜ ਦੀ ਵਾਕਫ਼ੀ ਸੁਰਵੀਨ ਦੇ ਚੰਡੀਗੜ੍ਹ ਰਹਿੰਦੇ ਭਰਾ ਮਨਵਿੰਦਰ ਸਿੰਘ ਨਾਲ ਸੀ ਜਿਸ ਨੇ ਉਨ੍ਹਾਂ ਨੂੰ ਸੁਰਵੀਨ ਚਾਵਲਾ ਅਤੇ ਉਸ ਦੇ ਸਾਥੀ ਅਕਸ਼ੇ ਠੱਕਰ (ਹੁਣ ਪਤੀ) ਨਾਲ ਮਿਲਾਇਆ ਅਤੇ ਸਾਰਿਆਂ ਨੇ ਉਸ ਨੂੰ ਹਿੰਦੀ ਫਿਲਮ ‘ਨਿੱਲ ਬਟੇ ਸੰਨਾਟਾ’ ਦੇ ਨਿਰਮਾਣ ਵਿੱਚ ਪੈਸਾ ਲਗਾਉਣ ਲਈ ਰਾਜ਼ੀ ਕਰ ਲਿਆ। ਉਨ੍ਹਾਂ ਨੂੰ ਇਹੀ ਦੱਸਿਆ ਗਿਆ ਕਿ ਮੂਲ ਰਕਮ ਦੇ ਨਾਲ-ਨਾਲ ਫਿਲਮ ਤੋਂ ਹੋਣ ਵਾਲੀ ਆਮਦਨ ਦਾ ਹਿੱਸਾ ਵੀ ਦਿੱਤਾ ਜਾਵੇਗਾ। ਸ੍ਰੀ ਜੈਰਥ ਨੇ ਦੱਸਿਆ ਕਿ ਸ੍ਰੀ ਗੁਪਤਾ ਨੇ 51 ਲੱਖ ਰੁਪਏ ਜੇਏਆਰ ਪਿਕਚਰਜ਼ ਅਤੇ ਸੁਰਵੀਨ ਚਾਵਲਾ ਦੇ ਬੈਂਕ ਖ਼ਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੇ। ਇਸ ਵਿੱਚੋਂ 11 ਲੱਖ ਰੁਪਏ ਦਾ ਚੈੱਕ ਤਕਨੀਕੀ ਕਾਰਨ ਕਰਕੇ ਰੱਦ ਹੋ ਗਿਆ ਜਦੋਂਕਿ ਬਾਕੀ ਦੀ ਰਕਮ ਫਿਲਮ ਨਿਰਮਾਤਾਵਾਂ ਨੇ ਵਰਤ ਲਈ। ਉਨ੍ਹਾਂ ਦੱਸਿਆ ਕਿ ਸੁਰਵੀਨ ਚਾਵਲਾ ਅਤੇ ਉਸ ਦੇ ਪਰਿਵਾਰ ਨੇ ਉਨ੍ਹਾਂ ਦੇ ਫ਼ੋਨ ਸੁਣਨੇ ਜਾਂ ਈ-ਮੇਲ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ ਹੈ। ਹੁਣ ਜਦੋਂ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਸੰਪਰਕ ਕਰਨ ’ਤੇ ਐਸਐਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਦਫ਼ਾ 420 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਜਾਵੇਗਾ।