ਹਨੇਰਿਆਂ ‘ਚ ਦੀਵੇ ਬਾਲਣ ਵਾਲਾ ਪੰਜਾਬੀ ਗਾਇਕ ਹਰਭਜਨ ਮਾਨ ਹਮੇਸ਼ਾ ਹੀ ਪੰਜਾਬੀ ਜ਼ੁਬਾਨ ਤੇ ਪੰਜਾਬੀ ਗਾਇਕੀ ਦਾ ਸੱਚਾ ਫਰਜ਼ੰਦ ਰਿਹਾ ਹੈ। ਪੰਜਾਬੀ ਗਾਇਕੀ ਦੀ ਅਜੌਕੀ ਸਥਿਤੀ ਨੂੰ ਲੈ ਕੇ ਗੰਭੀਰ ਅਤੇ ਚਿੰਤਤ ਹਰਭਜਨ ਦਾ ਸ਼ਾਇਦ ਹੀ ਕੋਈ ਅਜਿਹਾ ਗੀਤ ਹੋਵੇ, ਜਿਸ ‘ਤੇ ਕਿਸੇ ਨੂੰ ਕਿੰਤੂ ਕਰਨ ਦੀ ਲੋੜ ਪਈ ਹੋਵੇ। ਹਰਭਜਨ ਮਾਨ ਉਹਨਾਂ ਵੇਲਿਆਂ ਨੂੰ ਕੈਨੇਡਾ ਛੱਡ ਕੇ ਗਾਇਕੀ ਖ਼ਾਤਰ ਪੰਜਾਬ ਆਇਆ ਸੀ, ਜਦੋਂ ਸਾਰਾ ਪੰਜਾਬ ਹੀ ‘ਵਲੈਤ’ ਵੱਲ ਭੱਜ ਰਿਹਾ ਸੀ। ਹੁਣ ਜਦੋਂ ਪੰਜਾਬ ਦੇ ਬਹੁ ਗਿਣਤੀ ਗਾਇਕਾਂ ਦੀ ਪਹਿਲੀ ਇੱਛਾ ਵਿਦੇਸ਼ ‘ਚ ਆਪਣੇ ਬੱਚਿਆਂ ਦਾ ਭਵਿੱਖ ‘ਸੁਨਾਹਿਰਾ’ ਕਰਨ ਦੀ ਹੈ। ਤਾਂ ਇਸ ਆਲਮ ‘ਚ ਮੁੜ ਹਰਭਜਨ ਮਾਨ ਨੇ ਪੰਜਾਬ ਦਾ ਅਸਲ ਸਪੂਤ ਹੋਣ ਦਾ ਸਬੂਤ ਦਿੱਤਾ ਹੈ। ਇਸ ਵੇਲੇ ਦਰਜਨ ਦੇ ਨੇੜੇ ਪੰਜਾਬੀ ਗਾਇਕ ਪੱਕੇ ਤੌਰ ‘ਤੇ ਵਿਦੇਸ਼ਾਂ ‘ਚ ਜਾ ਵੱਸੇ ਹਨ, ਉਹ ਸਿਰਫ਼ ਸੋਅਜ ਅਤੇ ਫ਼ਿਲਮਾਂ ਖ਼ਾਤਰ ਪੰਜਾਬ ਗੇੜਾ ਮਾਰਦੇ ਹਨ। ਇਸ ਮਾਹੌਲ ‘ਚ ਹਰਭਜਨ ਮਾਨ ਨੇ ਮੁੜ ਇਤਿਹਾਸ ਦੁਹਰਾਉਂਦਿਆਂ ਆਪਣੇ ਫਰਜੰਦ ਅਵਕਾਸ਼ ਮਾਨ ਨੂੰ ਕੈਨੇਡਾ ਤੋਂ ਪੰਜਾਬ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਹਰਭਜਨ ਮਾਨ ਤੋਂ ਬਾਅਦ ਉਹਨਾਂ ਦਾ ਸੁਪੱਤਰ ਅਵਕਾਸ਼ ਮਾਨ ਵੀ ਪੰਜਾਬੀ ਮਨੋਰੰਜਨ ਜਗਤ ਦਾ ਹਿੱਸਾ ਬਣਨ ਜਾ ਰਿਹਾ ਹੈ।

ਅਵਕਾਸ਼ ਆਪਣੀ ਮੰਮੀ ਹਰਮਨ ਮਾਨ ਨਾਲ ਕੈਨੇਡਾ ‘ਚ ਜੁਆਨ ਹੋਇਆ ਹੈ। ਉਥੇ ਉਸਨੇ ਯੂਨੀਵਰਸਿਟੀ ਆਫ਼ ਟਰਾਂਟੋਂ ਤੋਂ ਆਪਣੀ ਪੜ•ਾਈ ਮੁਕੰਮਲ ਕੀਤੀ ਹੈ। ਪੜ•ਾਈ ਤੋਂ ਬਾਅਦ ਹੁਣ ਉਹ ਕਲਾ ਦੀ ਸਰਜ਼ਮੀਨ ‘ਤੇ ਆਪਣੇ ਕਦਮ ਰੱਖਣ ਜਾ ਰਿਹਾ ਹੈ। ਹਰਭਜਨ ਮਾਨ ਨੇ ਜਿਸ ਭਾਂਡੇ ‘ਚ ਖਾਧਾ, ਉਸੇ ਨੂੰ ਨਿੰਦਿਆ ਵਾਲਾ ਕੰਮ ਨਹੀਂ ਕੀਤਾ, ਸਗੋਂ ਉਸ ਨੇ ਖੁਦ ਆਪਣੇ ਪੁੱਤ ਨੂੰ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਤੋਂ ਜਾਣੂ ਕਰਵਾਉਂਦਿਆਂ ਉਸ ਦਾ ਮਾਰਗ ਦਰਸ਼ਕ ਕੀਤਾ ਹੈ। ਆਸ ਹੀ ਨਹੀਂ ਪੂਰਨ ਯਕੀਨ ਹੈ ਕਿ ਹਰਭਜਨ ਮਾਨ ਵਾਂਗ ਅਵਕਾਸ਼ ਵੀ ਆਪਣੇ ਪਿਤਾ ਵਾਂਗ ਇਮਾਨਦਾਰ ਸਿਰਜਣਹਾਰਾ ਬਣ ‘ਕਲਾ ਕਲਾ ਦੇ ਲਈ’ ਵਾਲਾ ਸੁਪਨਾ ਸਾਕਾਰ ਕਰੇਗਾ।#Sapanmanchanda



