fbpx

ਰਬੜ ਦੀ ਨਿੱਕਰ ਤੋਂ ਤਿਰੰਗੇ ਵਾਲੀ ਸ਼ਰਟ ਤੱਕ ਦੇ ਸਫ਼ਰ ਦੀ ਸਫ਼ਲ ਪੇਸ਼ਕਾਰੀ ਹੈ ‘ਹਰਜੀਤਾ’

Posted on May 21st, 2018 in Movie Review

ਪੰਜਾਬ ਦੇ ਸੱਭਿਆਚਾਰ ‘ਚੋਂ ਹਾਕੀ ਲਗਭਗ ਮਨਫ਼ੀ ਹੁੰਦੀ ਜਾ ਰਹੀ ਹੈ। ਪਿੰਡਾਂ ਦੇ ਖੇਡ ਮੈਦਾਨਾਂ ‘ਚ ਵੀ ਹੁਣ ਕ੍ਰਿਕਟ ਦਾ ਹੀ ਬੋਲਬਾਲਾ ਹੈ। ਹਾਕੀ ਪ੍ਰਤੀ ਉਧਰੇਵਾਂ ਤਾਂ ਨਜ਼ਰ ਆਉਂਦਾ ਹੈ, ਪਰ ਮੋਹ ਨਹੀਂ। ਇਸ ਮਾਹੌਲ ‘ਚ ਕਿਸੇ ਹਾਕੀ ਖਿਡਾਰੀ ਦਾ ਉਭਰਕੇ ਸਾਹਮਣੇ ਆਉਂਣਾ ‘ਵਿਤਰੈਣੀ ਪਾਰ’ ਕਰਨ ਦੇ ਬਰਾਬਰ ਹੀ ਹੈ।
ਲੰਘੇ ਸ਼ੁੱਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਹਰਜੀਤਾ’ ਜੇ ਦਰਸ਼ਕਾਂ ਦੀ ਪਸੰਦ ਬਣੀ ਹੈ ਤਾਂ ਉਸ ਪਿੱਛੇ ਹਾਕੀ ਨਹੀਂ ਬਲਕਿ ਕਿਸੇ ਹਾਕੀ ਖਿਡਾਰੀ ਦਾ ਸਫ਼ਰ ਹੈ। ਭਾਵ ਫ਼ਿਲਮ ਹਾਕੀ ‘ਤੇ ਕੇਂਦਰਿਤ ਨਹੀਂ ਬਲਕਿ ਹਰਜੀਤ ਸਿੰਘ ਤੁਲੀ ਦੀ ਜ਼ਿੰਦਗੀ ‘ਤੇ ਕੇਂਦਰਿਤ ਹੈ, ਜੋ ਬੇਹੱਦ ਮੁਸ਼ਕਲ ਹਾਲਤਾਂ ‘ਚੋਂ ਲੰਘਦਿਆਂ ਹਾਕੀ ਸਟਾਰ ਬਣਿਆ।
ਬਹੁਤੇ ਲੋਕਾਂ ਦੇ ਸਫ਼ਰ ਦੀ ਸ਼ੁਰੂਆਤ ਹਰਜੀਤ ਸਿੰਘ ਦੇ ਸਫ਼ਰ ਵਾਂਗ ਹੀ ਹੁੰਦੀ ਹੈ, ਜਿਵੇਂ ਉਸ ਨੇ ਹਾਕੀ ਵਿਸ਼ਵ ਕੱਪ ਜਿੱਤਣ ਲਈ ਨਹੀਂ ਬਲਕਿ ਰਬੜ ਵਾਲੀ ਨਿੱਕਰ ਖ਼ਾਤਰ ਚੁੱਕੀ ਸੀ, ਪਰ ਬਾਅਦ ‘ਚ ਹਾਕੀ ਉਸਦੀ ਜ਼ਿੰਦਗੀ ਬਣ ਗਈ। ਉਸ ਦੇ ਇਸ ਸਫ਼ਰ ਨੂੰ ਹੀ ਜਗਦੀਪ ਸਿੰਘ ਸਿੱਧੂ ਨੇ ਆਪਣੇ ਸੰਖੇਪ ਸਰਕੀਨਪਲੇ ਨਾਲ ਬਿਆਨ ਕੀਤਾ ਹੈ। ਵਿਜੇ ਕੁਮਾਰ ਅਰੋੜਾਂ ਵੱਲੋਂ ਨਿਰਦੇਸ਼ਤ ਇਹ ਫ਼ਿਲਮ ਹਰਜੀਤ ਸਿੰਘ ਦੇ ਬਚਪਨ ਤੋਂ ਸ਼ੁਰੂ ਹੁੰਦੀ ਹੈ ਤੇ ਉਸ ਦੇ ਨੈਸ਼ਨਲ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਣ ਤੱਕ ਦੀ ਪ੍ਰਾਪਤੀ ਨੂੰ ਦਰਸਾਉਂਦੀ ਹੈ। ਫ਼ਿਲਮ ਆਦਿ ਤੋਂ ਅੰਤ ਤੱਕ ਬਿਨਾਂ ਕਿਸੇ ਸਬ ਪਲਾਟ ਦੇ ਆਪਣੇ ਮੰਤਵ ਵੱਲ ਵੱਧਦੀ ਹੈ।
ਐਮੀ ਵਿਰਕ ਨੇ ਇਸ ਫ਼ਿਲਮ ਲਈ ਚੰਗੀ ਮਿਹਨਤ ਕੀਤੀ ਹੈ, ਜੋ ਪਰਦੇ ‘ਤੇ ਦਰਸ਼ਕਾਂ ਨੂੰ ਨਜ਼ਰ ਵੀ ਆਉਂਦੀ ਹੈ। ਐਮੀ ਦੇ ਸੁਭਾਅ ‘ਚ ਤੇਜੀ ਹੈ, ਇਸ ਲਈ ਅਕਸਰ ਉਸਦੀ ਅਦਾਕਾਰੀ ‘ਚ ਵੀ ਠਹਿਰਾਅ ਨਜ਼ਰ ਆਉਂਦਾ, ਪਰ ਇਸ ਫ਼ਿਲਮ ‘ਚ ਉਹ ਬੁਰੀ ਤਰ•ਾਂ ਜਾਬਤੇ ‘ਚ ਰਿਹਾ ਹੈ। ਉਸਦੇ ਸੀਮਿਤ ਸੰਵਾਦਾਂ ‘ਚ ਐਮੀ ਵਿਰਕ ਦਾ ਝਲਕਾਰਾ ਨਹੀਂ ਪੈਂਦਾ, ਸਗੋਂ ਉਹ ਹਰਜੀਤ ਬਣਕੇ ਉਭਰਿਆ ਹੈ। ਹਰਜੀਤ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੇ ਬੱਚੇ ਨੇ ਸਭ ਦਾ ਦਿਲ ਜਿੱਤਿਆ ਅਤੇ ਫ਼ਿਲਮ ਦੀ ਨਾਇਕਾ ਬਣੀ ਸਾਵਨ ਰੂਪਾਵਾਲੀ ਨੇ ਵੀ ਇਹ ਅਹਿਸਾਸ ਕਰਵਾਇਆ ਕਿ ਉਸ ਨੂੰ ਥੀਏਟਰ ਦਾ ਥਾਪੜਾ ਹਾਸਲ ਹੈ। ਮੌਕਿਆਂ ਦੀ ਘਾਟ ਕਾਰਨ ਪਛੜੇ ਅਦਾਕਾਰ ਰਾਜ ਝਿੰਜਰ ਦਾ ਕਿਰਦਾਰ ਬੜਾ ਸੀਮਿਤ ਜਿਹਾ ਹੈ, ਪਰ ਉਸ ਨੇ ਇਮਾਨਦਾਰੀ ਨਾਲ ਨਿਭਾਇਆ। ਫ਼ਿਲਮ ਤੋਂ ਪਹਿਲਾਂ ਜਿਸ ਕਿਸਮ ਦਾ ਉਸ ਦੇ ਕਿਰਦਾਰ ਨੂੰ ਲੈ ਕੇ ਅਗੇਤਾ ਪ੍ਰਚਾਰ ਕੀਤਾ ਗਿਆ ਸੀ, ਉਹ ਪ੍ਰਚਾਰ ਵਿਅਰਥ ਲੱਗਿਆ। ਕਿਉਂਕਿ ਉਸ ਕੋਲ ਫ਼ਿਲਮ ‘ਚ ਕਰਨ ਲਈ ਬਹੁਤਾ ਕੁਝ ਹੈ ਹੀ ਨਹੀਂ ਸੀ। ਪ੍ਰਕਾਸ਼ ਗਾਧੂ ਅਤੇ ਪੰਕਜ ਤ੍ਰਿਪਾਠੀ ਦੀ ਅਦਾਕਾਰੀ ਪ੍ਰਭਾਵਤ ਕਰਦੀ ਹੈ, ਪਰ ਹਰਜੀਤ ਦੀ ਮਾਂ ਦੇ ਕਿਰਦਾਰ ‘ਚ ਭੰਗੂ ਮੈਡਮ ਨਿਰਾਸ਼ ਕਰਦੀ ਹੈ। ਜਿਸ ਕਿਸਮ ਦੀ ਉਹ ਫ਼ਿਲਮ ‘ਚ ਮਾਂ ਬਣੀ ਹੈ, ਉਹ ਹਰ ਫ਼ਿਲਮ ‘ਚ ਹੀ ਅਜਿਹੀ ਮਾਂ ਬਣਦੀ ਹੈ। ਸੋ ਉਸ ‘ਚ ਹਰਜੀਤ ਦੀ ਮਾਂ ਦਾ ਝਲਕਾਰਾ ਨਹੀਂ ਪੈਂਦਾ।
ਹਰਜੀਤ ਦੇ ਆਰਥਿਕ ਹਾਲਤ, ਮਿਹਨਤ ਦੇ ਨਾਲ ਨਾਲ ਉਸ ਦੀ ਪ੍ਰੇਮ ਕਹਾਣੀ ਫ਼ਿਲਮ ‘ਚ ਵੱਡੀ ਦਿਲਚਸਪੀ ਪੈਦਾ ਕਰਦੀ ਹੈ। ਜੇ ਫ਼ਿਲਮ ‘ਚੋਂ ਉਸ ਦੀ ਪ੍ਰੇਮ ਕਹਾਣੀ ਕੱਢ ਦਿੱਤੀ ਜਾਵੇ ਤਾਂ ਫ਼ਿਲਮ ਬੇਅਸ ਜਾਪੇਗੀ। ਵਿਸ਼ਵ ਕੱਪ ਹਾਸਲ ਕਰਦਿਆਂ ਉਸ ਦੀ ਮਹਿਬੂਬ ਵੱਲੋਂ ਬੋਲਿਆ ਸੰਵਾਦ ਕਿ ”ਤੁਹਾਡੇ ਘਰ ਤਾਂ ਕੱਪ ਵੀ ਹੈਣੀ’। ਉਸਦੇ ਵਿਸ਼ਵ ਕੱਪ ਜਿੱਤਣ ਦੀ ਖੁਸ਼ੀ ਦੁੱਗਣੀ ਕਰਦਾ ਹੈ। ਬਿਨਾਂ ਸ਼ੱਕ ਇਹ ਫ਼ਿਲਮ ਕਾਬਲੇ ਤਾਰੀਫ਼ ਹੈ, ਪਰ ਪੰਜਾਬ ‘ਚ ਘਾਟੀ ਦਾ ਘੱਟਦਾ ਰੁਤਬਾ ਇਸ ਦੇ ਦਰਸ਼ਕਾਂ ਦੀ ਵਰਗ ਵੰਡ ਕਰ ਗਿਆ। ਇਸ ਦੇ ਬਾਵਜੂਦ ਇਸ ਫ਼ਿਲਮ ਨੇ ਬਿਹਤਰੀਨ ਸਪੋਰਟਸ ਫ਼ਿਲਮਾਂ ਦੀ ਕੈਟਾਗਿਰੀ ‘ਚ ਆਪਣੇ ਲਈ ਢੁਕਵੀ ਜਗ•ਾ ਬਣਾਈ ਹੈ।#Sapan Manchanda

Comments & Feedback