ਸਾਲ 2012 ਵਿੱਚ ਆਈ ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਕੈਰੀ ਆਨ ਜੱਟਾ’ ਨੇ ਸਫ਼ਲਤਾ ਦਾ ਨਵਾਂ ਇਤਿਹਾਸ ਸਿਰਜਿਆ ਸੀ। ਇਸ ਫ਼ਿਲਮ ਨੇ ਨਾ ਸਿਰਫ਼ ਸਫ਼ਲਤਾ ਹਾਸਲ ਕੀਤੀ ਸੀ ਬਲਕਿ ਪੰਜਾਬੀ ‘ਚ ਕਾਮੇਡੀ ਫ਼ਿਲਮਾਂ ਦਾ ਦੌਰ ਵੀ ਸ਼ੁਰੂ ਕੀਤਾ ਸੀ। ਇਸ ਫ਼ਿਲਮ ਨਾਲ ਹੀ ਪੰਜਾਬੀ ਦੇ ਅੱਧੀ ਦਰਜਨ ਦੇ ਨੇੜੇ ਕਲਾਕਾਰਾਂ ਦੀ ਕਿਸਮਤ ਵੀ ਚਮਕੀ ਸੀ। ਹਿੰਦੀ ਸਮੇਤ ਕਈ ਹੋਰ ਭਾਸ਼ਾਵਾਂ ‘ਚ ਰੀਮੇਕ ਹੋ ਚੁੱਕੀ ਇਸ ਫ਼ਿਲਮ ਦਾ ਹੁਣ ਕਰੀਬ 5 ਸਾਲਾਂ ਬਾਅਦ ਸੀਕੁਅਲ ‘ਕੈਰੀ ਆਨ ਜੱਟਾ 2’ ਦੇਖਣ ਨੂੰ ਮਿਲੇਗਾ। ‘ਵਾਈਟ ਹਿੱਲ ਸਟੂਡੀਓ’ ਅਤੇ ‘ਏ ਐਂਡ ਏ ਅਡਵਾਈਜਰ’ ਦੇ ਬੈਨਰ ਥੱਲੇ 1 ਜੂਨ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ, ਮਨਮੋਡ ਸਿੰਘ ਸਿੱਧੂ, ਅਤੁਲ ਭੱਲਾ ਅਤੇ ਅੰਮਿਤ ਭੱਲਾ ਦੀ ਇਸ ਫ਼ਿਲਮ ‘ਚ ਲਗਭਗ ‘ਕੈਰੀ ਆਨ ਜੱਟਾ’ ਵਾਲੀ ਹੀ ਟੀਮ ਗਿੱਪੀ ਗਰੇਵਾਲ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ‘ਚ ਨਜ਼ਰ ਆਉਂਣਗੇ। ਇਸ ਵਾਰ ਫ਼ਿਲਮ ਦੀ ਹੀਰੋਇਨ ਮਾਹੀ ਗਿੱਲ ਦੀ ਥਾਂ ਸੋਨਮ ਬਾਜਵਾ ਹੈ। ਫ਼ਿਲਮ ‘ਚ ਸੁਰਭੀ ਸੇਠੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ ਅਤੇ ਉਪਾਸਨਾ ਸਿੰਘ ਦੀ ਅਦਾਕਾਰੀ ਵੀ ਦੇਖਣ ਨੂੰ ਮਿਲੇਗੀ।

ਵੈਬਵ ਸੁਮਨ ਅਤੇ ਸ਼੍ਰਿਆ ਸ਼੍ਰੀਵਾਸਤਵ ਦੀ ਕਹਾਣੀ ਅਤੇ ਸਕਰੀਨਪਲੇ ‘ਤੇ ਅਧਾਰਿਤ ਇਸ ਫ਼ਿਲਮ ਨੂੰ ਸਮੀਪ ਕੰਗ ਨੇ ਹੀ ਨਿਰਦੇਸ਼ਤ ਕੀਤਾ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ ਤੋਂ ਇਹ ਸਮਝ ਪੈਂਦੀ ਹੈ ਕਿ ਇਸ ਵਾਰ ਫ਼ਿਲਮ ‘ਚ ਕਾਮੇਡੀ ਦੇ ਨਾਲ ਨਾਲ ਪਹਿਲਾਂ ਵਾਂਗ ਇਕ ਕਹਾਣੀ ਵੀ ਹੈ, ਜੋ ਕਲਾਕਾਰਾਂ ਨੂੰ ਮੁਸ਼ਕਲ ਹਾਲਤਾਂ ‘ਚ ਪਾ ਹਾਸਾ ਪੈਦਾ ਕਰਦੀ ਹੈ। ਭਾਵੇ ਇਹ ਫ਼ਿਲਮ ਕੈਰੀ ਆਨ ਜੱਟਾ ਦਾ ਸੀਕੁਅਲ ਹੈ, ਪਰ ਇਸ ਵਾਰ ਕਹਾਣੀ ਬਿਲਕੁਲ ਨਵੀਂ ਹੈ। ਪਰ ਮਸਲਾ ਇਸ ਵਾਰ ਵੀ ਵਿਆਹ ਦਾ ਹੀ ਹੈ। ਗਿੱਪੀ ਗਰੇਵਾਲ ਯਾਨੀਕਿ ਜੱਸ ਵਿਦੇਸ਼ ਜਾਣਾ ਚਾਹੁੰਦਾ ਹੈ। ਵਿਦੇਸ਼ ਜਾਣ ਲਈ ਉਹ ਕਈ ਤਰ•ਾਂ ਦੇ ਪਾਪੜ ਵੇਲ ਚੁੱਕਾ ਹੈ। ਆਖਰ ਉਹ ਕਿਸੇ ਐਨਆਰਆਈ ਕੁੜੀ ਨਾਲ ਵਿਆਹ ਕਰਵਾਕੇ ਕੈਨੇਡਾ ਦੇ ਜਹਾਜ਼ ਨੂੰ ਹੱਥ ਪਾਉਣ ਦੀ ਵਿਉਂਤਬੰਦੀ ਕਰਦਾ ਹੈ। ਇਸ ਕੰਮ ਲਈ ਉਹ ਕੈਨੇਡਾ ਤੋਂ ਆਈ ਕੁੜੀ ਗੀਤ ਯਾਨੀਕਿ ਸੋਨਮ ਬਾਜਵਾ ‘ਤੇ ਡੋਰੇ ਪਾਉਂਦਾ ਹੈ। ਵਿਆਹ ਵਾਲੇ ਚੱਕਰ ‘ਚ ਇਸ ਵਾਰ ਵੀ ਜੱਸ ਦਾ ਸਾਥ ਉਸਦਾ ਦੋਸਤ ਹਨੀ ਯਾਨੀਕਿ ਗੁਰਪ੍ਰੀਤ ਘੁੱਗੀ ਦੇ ਰਿਹਾ ਹੈ। ਪਰ ਜੱਸ ਅਤੇ ਮੀਤ ‘ਚ ਅਜਿਹੇ ਹਾਲਾਤ ਬਣਦੇ ਹਨ ਕਿ ਫ਼ਿਲਮ ਦੇ ਸਾਰੇ ਕਲਾਕਾਰ ਚੱਕਰ ‘ਚ ਪੈ ਜਾਂਦੇ ਹਨ। ਨਰੇਸ਼ ਕਥੂਰੀਆ ਦੇ ਢਿੱਡੀ ਪੀੜਾਂ ਪਾਉਣ ਵਾਲੇ ਡਾਇਲਾਗਸ ਨਾਲ ਭਰੀ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਸਕਦੀ ਹੈ।

ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ ਮੁਤਾਬਕ ‘ਕੈਰੀ ਆਨ ਜੱਟਾ’ ਪੰਜਾਬੀ ਦੀ ਸੁਪਰਹਿੱਟ ਫ਼ਿਲਮ ਸੀ। ਇਸ ਫ਼ਿਲਮ ਦਾ ਸੀਕੁਅਲ ਬਣਾਉਣ ਦੀ ਕਾਫ਼ੀ ਤੋਂ ਸਮੇਂ ਮੰਗ ਉੱਠ ਰਹੀ ਸੀ। ਗਿੱਪੀ ਗਰੇਵਾਲ ਦੇ ਸਰੋਤੇ ਉਸ ਤੋਂ ਅਜਿਹੀਆਂ ਹੀ ਪਰਿਵਾਰਕ ਕਾਮੇਡੀ ਫ਼ਿਲਮਾਂ ਦੀ ਆਸ ਕਰਦੇ ਹਨ। ਇਸ ਫ਼ਿਲਮ ‘ਚ ਅੱਧੀ ਦਰਜਨ ਤੋਂ ਵੱਧ ਨਾਮੀਂ ਕਲਾਕਾਰ ਹਨ। ਇਹਨਾਂ ਸਾਰੇ ਕਲਾਕਾਰਾਂ ਨੂੰ ਮੁੜ ਤੋਂ ਇੱਕਠੇ ਕਰਕੇ ਫ਼ਿਲਮ ਬਣਾਉਣ ਬਹੁਤ ਔਖਾ ਕੰਮ ਸੀ। ਪਰ ਉਹ ਇਸ ਦਾ ਸੀਕੁਅਲ ਬਣਾਉਣ ‘ਚ ਕਾਮਯਾਬ ਹੋਏ ਹਨ। ਫ਼ਿਲਮ ਦੇ ਕਲਾਕਾਰਾਂ ‘ਚ ਥੋੜੀ ਤਬਦੀਲੀ ਕੀਤੀ ਗਈ ਹੈ, ਪਰ ਪ੍ਰਮੁੱਖ ਕਲਾਕਾਰ ਉਹੀ ਹਨ। ਇਹ ਫ਼ਿਲਮ ਦਰਸ਼ਕਾਂ ਦਾ ਦੋਹਰਾ ਮਨੋਰੰਜਨ ਕਰੇਗੀ। ਟ੍ਰੇਲਰ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਤੋਂ ਇਹ ਸਾਫ਼ ਹੋ ਗਿਆ ਹੈ ਕਿ ਪੰਜਾਬੀ ਦਰਸ਼ਕ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਇਸ ਵਾਰ ਇਕ ਮਨੋਰੰਜਨ ਤੇ ਮਸਾਲਾ ਭਰਪੂਰ ਕਹਾਣੀ ਦੇ ਨਾਲ ਨਾਲ ਦਰਸ਼ਕਾਂ ਨੂੰ ਫ਼ਿਲਮ ‘ਚ ਖੂਬਸੂਰਤ ਗੀਤ ਵੀ ਸੁਣਨ ਨੂੰ ਮਿਲਣਗੇ। ਹੈਪੀ ਰਾਏਕੋਟੀ ਅਤੇ ਜਾਨੀ ਦੇ ਲਿਖੇ ਗੀਤ ਫ਼ਿਲਮ ਦੀ ਖੂਬਸੂਰਤੀ ਨੂੰ ਵਧਾਉਣਗੇ। ਜੱਸੀ ਕਟਿਆਲ, ਸੁੱਖੀ ਅਤੇ ਗੁਰਮੀਤ ਸਿੰਘ ਦੇ ਮਿਊਜ਼ਿਕ ਨਾਲ ਸੱਜੀ ਇਸ ਫ਼ਿਲਮ ਦੇ ਗੀਤ ਗਿੱਪੀ ਗਰੇਵਾਲ ਸਮੇਤ ਨਾਮੀਂ ਕਲਾਕਾਰ ਨੇ ਗਾਏ ਹਨ। ਕੈਮਰਾਮੈਨ ਮੁਨੀਸ਼ ਚੰਦਰਾ ਭੱਟ ਵੱਲੋਂ ਫ਼ਿਲਮਾਈ ਗਈ ਇਹ ਫ਼ਿਲਮ ਮੁੜ ਤੋਂ ਪੰਜਾਬੀ ਸਿਨੇਮੇ ਨਾਲ ਨਵੇਂ ਦਰਸ਼ਕ ਜੋੜਦੀ ਹੋਈ, ਸ਼ਹਿਰੀ ਵਰਗ ਦੇ ਦਰਸ਼ਕਾਂ ਨੂੰ ਪੰਜਾਬੀ ਫ਼ਿਲਮਾਂ ਪ੍ਰਤੀ ਉਤਸ਼ਾਹਿਤ ਕਰੇਗੀ।
ਸਪਨ ਮਨਚੰਦਾ
95016 33900

‘ਕੈਰੀ ਆਨ ਜੱਟਾ 2’ ਵਿੱਚ ਹੋਵੇਗੀ ਡਬਲ ਧਮਾਲ


