in

ਐਂਕਰ ਤੋਂ ਅਦਾਕਾਰ ਬਣਿਆ ਰਵਨੀਤ

ਜੋ ਲੋਕ ਆਪਣੀ ਜ਼ਿੰਦਗੀ ਦੇ ਨਿਸ਼ਾਨੇ ਪਹਿਲਾਂ ਮਿੱਥ ਲੈਂਦੇ ਹਨ, ਉਹੀ ਮੰਜ਼ਿਲਾਂ ਸਰ ਕਰਦੇ ਹਨ। ਇਹ ਗੱਲ ਨੌਜਵਾਨ ਰਵਨੀਤ ਸਿੰਘ ’ਤੇ ਪੂਰੀ ਢੁਕਦੀ ਹੈ। ਰਵਨੀਤ ਨੇ ਬਚਪਨ ਵਿੱਚ ਹੀ ਆਪਣਾ ਨਿਸ਼ਾਨ ਮਿੱਥ ਲਿਆ ਸੀ, ਜਿਸ ਨੂੰ ਉਸ ਨੇ ਪੜ੍ਹਾਈ ਦੇ ਨਾਲ ਨਾਲ ਹੀ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਉਹ ਕਿਸੇ ਨਾਮੀਂ ਸ਼ਖ਼ਸੀਅਤਾਂ ਤੋਂ ਘੱਟ ਨਹੀਂ ਹੈ। ਐੱਮ.ਐੱਚ.1 ਦੇ ਸ਼ੋਅ ‘ਕੰਟੀਨੀ ਮੰਡੀਰ’ ਨਾਲ ਕੁੜੀਆਂ ਮੁੰਡਿਆਂ ਦਾ ਚਹੇਤਾ ਐਂਕਰ ਬਣਿਆ ਰਵਨੀਤ ਅੱਜ ਇਸ ਖੇਤਰ ਵਿੱਚ ਵੱਖਰੀ ਪਛਾਣ ਰੱਖਦਾ ਹੈ। ਹੁਣ ਉਹ ਫ਼ਿਲਮ ਇੰਡਸਟਰੀ ਵਿੱਚ ਵੀ ਪੈਰ ਧਰਨ ਜਾ ਰਿਹਾ ਹੈ। ਬਤੌਰ ਹੀਰੋ ਉਸਦੀ ਪਹਿਲੀ ਫ਼ਿਲਮ ‘ਜੱਟ ਵਰਸਿਜ਼ ਆਈਲੈੱਟਸ’ ਰਿਲੀਜ਼ ਲਈ ਤਿਆਰ ਹੈ।

ਟੀ.ਵੀ. ’ਤੇ ਆਉਣ ਦਾ ਸ਼ੌਕ ਉਸਨੂੰ ਯੂਨੀਵਰਸਿਟੀ ਤੋਂ ਪਿਆ। ਚਿਤਕਾਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ.ਏ. ਦੌਰਾਨ ਉਸ ਨੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਸਨ। ਮੁੱਢਲੇ ਤੌਰ ’ਤੇ ਉਹ ਮੀਡੀਆ ਨਾਲ ਹੀ ਜੁੜਿਆ ਰਿਹਾ। ਰਵਨੀਤ ਦੱਸਦਾ ਹੈ ਕਿ ਯੂਨੀਵਰਸਿਟੀ ਦੌਰਾਨ ਜਦੋਂ ਉਸਨੇ ਥੀਏਟਰ ਕੀਤਾ ਤਾਂ ਉਸਨੂੰ ਅਹਿਸਾਸ ਹੋਇਆ ਕਿ ਉਹ ਇਹ ਕੰਮ ਵਧੀਆ ਕਰ ਸਕਦਾ ਹੈ। ਉਸ ਨੇ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ। ਪੜ੍ਹਾਈ ਖ਼ਤਮ ਹੁੰਦਿਆਂ ਹੀ ਉਹ ਇਸ ਖੇਤਰ ਵਿੱਚ ਕੁੱਦ ਪਿਆ। ਉਸ ਨੇ ਆਪਣੀ ਸ਼ੁਰੂਆਤ ਜ਼ੀ ਪੰਜਾਬੀ ਦੇ ਬਹੁਚਰਚਿਤ ਸ਼ੋਅ ‘ਡਾਇਲ-ਏ-ਪੰਜਾਬ’ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਐੱਮ.ਐੱਚ.1 ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਸ ਚੈਨਲ ਲਈ ਉਸ ਨੇ ‘ਕੰਟੀਨੀ ਮੰਡੀਰ’ ਸ਼ੋਅ ਸ਼ੁਰੂ ਕੀਤਾ। ਇਹ ਸ਼ੋਅ ਅਤੇ ਰਵਨੀਤ ਅੱਜ ਇੰਨੇ ਮਕਬੂਲ ਹੋਏ ਹਨ ਕਿ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਉਸਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਬਣ ਗਏ ਹਨ।

ਐਂਕਰਿੰਗ ਤੋਂ ਇਲਾਵਾ ਉਸਨੂੰ ਗਾਉਣ ਦਾ ਸ਼ੌਕ ਹੈ। ਇਸ ਦਾ ਇਜ਼ਹਾਰ ਵੀ ਉਹ ਆਪਣੇ ਗੀਤ ਜ਼ਰੀਏ ਕਰ ਚੁੱਕਾ ਹੈ। ਨਾਮਵਰ ਕਾਮੇਡੀਅਨ ਬੀਨੂੰ ਢਿੱਲੋਂ ਦੀ ਫ਼ਿਲਮ ‘ਬਾਈਲਾਰਸ’ ਵਿੱਚ ਮਹਿਮਾਨ ਭੂਮਿਕਾ ਨਿਭਾਉਣ ਤੋਂ ਬਾਅਦ ਹੁਣ ਉਹ ਬਤੌਰ ਹੀਰੋ ਵੱਡੇ ਪਰਦੇ ’ਤੇ ਨਜ਼ਰ ਆਵੇਗਾ। ਨਿਰਮਾਤਾ ਮਲਵਿੰਦਰ ਸੰਧੂ ਤੇ ਨਿਰਦੇਸ਼ਕ ਦੇਵੀ ਦੱਤ ਦੀ ਫ਼ਿਲਮ ‘ਜੱਟ ਵਰਸਿਜ਼ ਆਈਲੈੱਟਸ’ ਵਿੱਚ ਉਹ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਹ ਫ਼ਿਲਮ ਪੰਜਾਬ ਦੀ ਕੌੜੀ ਹਕੀਕਤ ਬਿਆਨ ਕਰਦੀ ਹੈ। ਫ਼ਿਲਮ ਦਾ ਵਿਸ਼ਾ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ, ਅਖੌਤੀ ਟਰੈਵਲ ਏਜੰਟ, ਫਰਜ਼ੀ ਵਿਆਹ ਅਤੇ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਦਾ ਹੈ। ਰਵਨੀਤ ਮੁਤਾਬਕ ਇਹ ਫ਼ਿਲਮ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਦੀਆਂ ਅੱਖਾਂ ਖੋਲ੍ਹੇਗੀ ਜੋ ਕਿਸੇ ਵੀ ਹੀਲੇ ਬਾਹਰ ਜਾਣ ਦੀ ਕੋਸ਼ਿਸ਼ ਵਿੱਚ ਅਖੌਤੀ ਟਰੈਵਲ ਏਜੰਟਾਂ ਦੇ ਧੱਕੇ ਚੜ੍ਹਦੇ ਹਨ। ਇਹ ਫ਼ਿਲਮ ਉਨ੍ਹਾਂ ਕੁੜੀਆਂ ਅਤੇ ਪਰਿਵਾਰਾਂ ਨੂੰ ਵੀ ਜਾਗਰੂਕ ਕਰੇਗੀ ਜੋ ਚੰਦ ਸਿੱਕਿਆਂ ਖਾਤਰ ਆਪਣੀਆਂ ਧੀਆਂ ਦਾ ਫਰਜ਼ੀ ਵਿਆਹ ਕਰਵਾ ਦਿੰਦੇ ਹਨ। 22 ਜੂਨ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਸਮਾਜਿਕ ਮੁੱਦਿਆਂ ’ਤੇ ਗੱਲ ਕਰਦੀ ਪਰਿਵਾਰਕ ਤੇ ਮਨੋਰੰਜਕ ਭਰਪੂਰ ਫ਼ਿਲਮ ਹੋਵੇਗੀ। ਰਵਨੀਤ ਮੁਤਾਬਕ ਇਹ ਫ਼ਿਲਮ ਉਸ ਲਈ ਇਮਤਿਹਾਨ ਹੈ। ਇਸ ਫ਼ਿਲਮ ਤੋਂ ਬਾਅਦ ਹੀ ਉਸਦੇ ਅਦਾਕਾਰੀ ਸਫ਼ਰ ਦਾ ਭਵਿੱਖ ਤੈਅ ਹੋਵੇਗਾ।
ਦਮਨਜੀਤ ਕੌਰ,73072-47842

Leave a Reply

Your email address will not be published. Required fields are marked *

ਜੇ ਇਹ ਵਿਅਕਤੀ ਨਾ ਹੁੰਦੇ ਤਾਂ ਸ਼ਾਇਦ ਕਦੇ ਵੀ ਨਾ ਬਣਦੀ ‘ਕੈਰੀ ਆਨ ਜੱਟਾ 2’

‘ਆਸੀਸ’ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਯਤਨ