in

‘ਆਸੀਸ’ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਯਤਨ

ਮੌਜੂਦਾ ਦੌਰ ਵਿੱਚ ਪੰਜਾਬੀ ਸਿਨਮਾ ਦਾ ਆਪਣੇ ਪੈਰਾਂ-ਸਿਰ ਹੋਣ ਕਰਕੇ ਜਿੱਥੇ ਨਵੇਂ ਮੁੰਡੇ ਕੁੜੀਆਂ ਵਿੱਚ ਇੱਕ ਖ਼ਾਸ ਉਤਸ਼ਾਹ ਵੇਖਿਆ ਜਾ ਰਿਹਾ ਹੈ, ਉੱਥੇ ਵਪਾਰਕ ਸੋਚ ਨਾਲ ਮੁਨਾਫ਼ਾ ਖੱਟਣ ਵਾਲੇ ਫ਼ਿਲਮਸਾਜ਼ਾਂ ਵਿੱਚ ਵੀ ਇੱਕ ਦੌੜ ਜਿਹੀ ਲੱਗੀ ਹੋਈ ਹੈ, ਪਰ ਕਈ ਅਜਿਹੇ ਹਨ ਜੋ ਕਲਾ ਨੂੰ ਸਮਰਪਿਤ ਹਨ। ਇਨ੍ਹਾਂ ਵਿੱਚੋਂ ਹੀ ਹੈ ਨਿਰਮਾਤਾ ਲਵਪ੍ਰੀਤ ਸਿੰਘ ‘ਲੱਕੀ ਸੰਧੂ’। ਲਵਪ੍ਰੀਤ ਸਿੰਘ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਟਿੱਬਾ ਪਿੰਡ ਦਾ ਜੰਮਪਲ ਹੈ ਤੇ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦਾ ਵਸਨੀਕ ਹੈ। ਲੱਕੀ ਸੰਧੂ ਉਹ ਨਾਂ ਹੈ ਜੋ ਸੰਤ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਤੇ ਭਾਈਚਾਰਕ ਸਾਂਝ ਨਾਲ ਜੁੜਿਆ ਹੋਇਆ ਹੈ। ਉਸਨੇ ਵੈਨਕੁਵਰ ਫ਼ਿਲਮ ਸਕੂਲ ਵਿੱਚ ਫ਼ਿਲਮ ਪ੍ਰੋਡਕਸ਼ਨ ਦਾ ਕੋਰਸ ਕੀਤਾ। ਕਈ ਸਾਲ ਵਿਦੇਸ਼ ਵਿੱਚ ਫ਼ਿਲਮ ਡਿਸਟਰੀਬਿਊਸ਼ਨ, ਮਾਰਕੀਟਿੰਗ ਤੇ ਪਰਮੋਸ਼ਨ ਕਾਰਜਾਂ ਵਿੱਚ ਤਜਰਬਾ ਹਾਸਲ ਕੀਤਾ। ਫ਼ਿਲਮੀ ਖੇਤਰ ਨਾਲ ਆਪਣੀ ਸਾਂਝ ਹੋਰ ਗੂੜ੍ਹੀ ਕਰਦਿਆਂ ਉਸਨੇ ਨਵਰੋਜ਼ ਗੁਰਬਾਜ਼ ਐਂਟਰਟੇਨ ਮੈਂਟ, ਬਸੰਤ ਐਂਟਰਟੇਨਮੈਂਟ ਅਤੇ ਜ਼ਿੰਦਗੀ ਜ਼ਿੰਦਾਬਾਦ ਲਿਮਟਿਡ ਦੇ ਬੈਨਰ ਹੇਠ ਲੇਖਕ ਤੇ ਨਿਰਦੇਸ਼ਕ ਰਾਣਾ ਰਣਬੀਰ ਤੇ ਆਪਣੇ ਸਹਿਯੋਗੀ ਬਲਦੇਵ ਸਿੰਘ ਬਾਠ ਨਾਲ ਮਿਲਕੇ ਮਾਂ-ਪੁੱਤ ਦੇ ਰਿਸ਼ਤੇ ’ਤੇ ਆਧਾਰਿਤ ਫ਼ਿਲਮ ‘ਆਸੀਸ’ ਦਾ ਨਿਰਮਾਣ ਕੀਤਾ ਹੈ ਜੋ 22 ਜੂਨ ਨੂੰ ਰਿਲੀਜ਼ ਹੋਏਗੀ।

ਲੱਕੀ ਸੰਧੂ ਦਾ ਕਹਿਣਾ ਹੈ ਕਿ ਬਹੁਤੇ ਲੋਕ ਫ਼ਿਲਮਾਂ ਪੈਸਾ ਕਮਾਉਣ ਲਈ ਬਣਾਉਂਦੇ ਹੋਣਗੇ, ਪਰ ਉਸਦੀ ਸੋਚ ਸਿਨਮਾ ਰਾਹੀਂ ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਹੈ। ਜੇ ਉਸ ’ਤੇ ਅਮਲ ਕਰਦਿਆਂ ਕਿਸੇ ਦੀ ਜ਼ਿੰਦਗੀ ਬਦਲਦੀ ਹੈ ਤਾਂ ਉਸ ਲਈ ਇਹ ਵੱਡੀ ਪ੍ਰਾਪਤੀ ਹੋਵੇਗੀ। ‘ਆਸੀਸ’ ਰਾਣਾ ਰਣਬੀਰ ਦੀ ਲਿਖੀ ਤੇ ਨਿਰਦੇਸ਼ਤ ਕੀਤੀ ਫ਼ਿਲਮ ਹੈ ਜੋ ਮਾਂ-ਪੁੱਤ ਦੇ ਪਿਆਰ ’ਤੇ ਆਧਾਰਿਤ ਹੈ ਜਿਸ ਵਿੱਚ ਭਾਵੁਕਤਾ ਵੀ ਹੈ, ਮਨੋਰੰਜਨ ਵੀ, ਨਸੀਹਤ ਵੀ ਤੇ ਰਿਸ਼ਤਿਆਂ ਦੀ ਤਿੜਕਣਬਾਜ਼ੀ ਵੀ ਹੈ। ਸਮਾਜ ਵਿੱਚ ਨਕਲੀ ਮਖੌਟੇ ਲਾ ਕੇ ਵਿਚਰਨ ਵਾਲੇ ਲੋਕਾਂ ਨੂੰ ਵੀ ਇਹ ਫ਼ਿਲਮ ਨੰਗਾ ਕਰਦੀ ਹੈ। ਇਸ ਫ਼ਿਲਮ ਵਿੱਚ ਕੋਈ ਵੱਡਾ ਹੀਰੋ ਨਹੀਂ, ਨਾ ਹੀ ਕੋਈ ਵੱਡੀ ਹੀਰੋਇਨ ਹੈ। ਸਾਰੇ ਹੀ ਥੀਏਟਰ ਦੇ ਪੈਦਾਇਸ਼ੀ ਕਲਾਕਾਰ ਹਨ ਜਿਨ੍ਹਾਂ ਦੀ ਰਗ ਰਗ ਵਿੱਚ ਅਦਾਕਾਰੀ ਵਸੀ ਹੋਈ ਹੈ। ਲੱਕੀ ਸੰਧੂ ਮੁਤਾਬਿਕ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਿਹੜੀ ਪੰਜਾਬੀ ਫ਼ਿਲਮ ਇੰਡਸਟਰੀ ਅੱਜ ਪੰਜਾਬੀ ਗਾਇਕਾਂ ਦੇ ਸਿਰ ’ਤੇ ਖੜ੍ਹੀ ਹੈ,ਉਹ ਕਲਾਕਾਰਾਂ ਦੇ ਆਸਰੇ ਅੱਗੇ ਵਧੇ। ਇਸ ਫ਼ਿਲਮ ਦੀ ਚੋਣ ਕਰਦਿਆਂ ਉਹ ਭਾਵੁਕਤਾ ਦੇ ਰੌਅ ਵਿੱਚ ਸੀ। ਅਨੇਕਾਂ ਜੱਗ-ਬੀਤੀਆਂ ਉਸ ਦੀਆਂ ਅੱਖਾਂ ਸਾਹਮਣੇ ਸੀ ਕਿਉਂਕਿ ਅਕਸਰ ਹੀ ਵੇਖਦੇ ਹਾਂ ਕਿ ਅਸੀਂ ਮਾਂ ਪਿਓ ਦੀ ਪਰਵਾਹ ਕੀਤੇ ਬਗੈਰ ਹੀ ਉਨ੍ਹਾਂ ਦੇ ਜਿਊਂਦੇ ਜੀਅ ਹੀ ਘਰਾਂ ਦੀਆਂ ਵੰਡੀਆਂ ਪਾਉਣ ਲੱਗਦੇ ਹਾਂ। ਅਜਿਹੇ ਵਿਸ਼ੇ ਭਾਵੁਕਤਾ ਭਰੇ ਹੁੰਦੇ ਹਨ, ਪਰ ਸਿਨਮਾ ਦੀ ਭਾਸ਼ਾ ਰਾਹੀਂ ਇਸ ਨੂੰ ਲੋਕਾਂ ਤਕ ਪੁੱਜਦਾ ਕਰਨ ਲਈ ਇੱਕ ਖ਼ਾਸ ਸਕਰੀਨ ਪਲੇਅ ਦੀ ਲੋੜ ਸੀ ਜੋ ਮਨੋਰੰਜਨ ਦੇ ਨਾਲ ਨਾਲ ਇਸ ਸਮਾਜਿਕ ਮੁੱਦੇ ’ਤੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਸਕੇ। ਤੇਜਵੰਤ ਕਿੱਟੂ ਤੇ ਰੂਪਨ ਕਾਹਲੋਂ ਦੇ ਸੰਗੀਤ ਵਿੱਚ ਗਿੱਲ ਰੌਂਤਾ, ਅਮਰ ਕਵੀ ਤੇ ਰਾਣਾ ਰਣਬੀਰ ਦੇ ਲਿਖੇ ਗੀਤਾਂ ਨੂੰ ਕੰਵਰ ਗਰੇਵਾਲ, ਲਖਵਿੰਦਰ ਵਡਾਲੀ, ਫ਼ਿਰੋਜ ਖ਼ਾਨ, ਪਰਦੀਪ ਸਰਾਂ ਤੇ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੀ ਜੋੜੀ ਨੇ ਗਾਇਆ ਹੈ। ਫ਼ਿਲਮ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਰਾਣਾ ਰਣਬੀਰ, ਨੇਹਾ ਪਵਾਰ, ਕੁਲਜਿੰਦਰ ਸਿੱਧੂ, ਰੁਪਿੰਦਰ ਰੂਪੀ, ਸਰਦਾਰ ਸੋਹੀ, ਸੀਮਾ ਕੌਸ਼ਲ, ਵਿਜੈ ਟੰਡਨ, ਅਰਵਿੰਦਰ ਕੌਰ, ਸੈਮੂਅਲ ਜੌਹਨ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਨਿਰਦੇਸ਼ਕ ਰਾਣਾ ਰਣਬੀਰ ਹਨ ਜਦਕਿ ਨਵਤੇਜ ਸੰਧੂ ਤਕਨੀਕੀ ਨਿਰਦੇਸ਼ਨ ਕਾਰਜਾਂ ਵਿੱਚ ਆਪਣੀਆਂ ਵਿਸ਼ੇਸ਼ ਸੇਵਾਵਾਂ ਦੇ ਰਹੇ ਹਨ।

Leave a Reply

Your email address will not be published. Required fields are marked *

ਐਂਕਰ ਤੋਂ ਅਦਾਕਾਰ ਬਣਿਆ ਰਵਨੀਤ

ਨਿਰਦੇਸ਼ਕ ਦੇਵੀ ਦੱਤ ਲੈ ਕੇ ਆ ਰਿਹਾ ਹੈ-‘ਜੱਟ ਵਰਸ਼ਿਜ ਆਈਲੇਟਸ’