ਲੰਘੇ ਸ਼ੁੱਕਰਵਾਰ ਰਿਲੀਜ਼ ਹੋਈ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ ‘ਤੇ ਅਧਾਰਿਤ ਫ਼ਿਲਮ ‘ਡਾਕੂਆਂ ਦਾ ਮੁੰਡਾ’ ਨੂੰ ਦਰਸ਼ਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੀ ਬੰਪਰ ਓਪਨਿੰਗ ਨੇ ਉਹਨਾਂ ਸਾਰੇ ਲੋਕਾਂ ਨੂੰ ਕਰਾਰਾ ਜੁਆਬ ਦਿੱਤਾ ਹੈ, ਜੋ ਸੋਚਦੇ ਹਨ ਕਿ ਪੰਜਾਬ ‘ਚ ਸਿਰਫ਼ ਕਾਮੇਡੀ ਫ਼ਿਲਮਾਂ ਹੀ ਚੱਲਦੀਆਂ ਹਨ ਜਾਂ ਫਿਰ ਦਰਸ਼ਕ ਗਾਇਕਾਂ ਤੋਂ ਬਿਨਾਂ ਕਿਸੇ ਹੋਰ ਦੀ ਫ਼ਿਲਮ ਨਹੀਂ ਦੇਖਦੇ। ਇਸ ਫ਼ਿਲਮ ਨੇ ਮੁੜ ਇਕ ਗੱਲ ਸਾਬਤ ਕੀਤੀ ਹੈ ਕਿ ਕਿਸੇ ਫ਼ਿਲਮ ਦੀ ਸਫ਼ਲਤਾ ਲਈ ਸਭ ਤੋਂ ਅਹਿਮ ਤੇ ਜ਼ਰੂਰੀ ਚੀਜ ਹੁੰਦੀ ਹੈ, ਫ਼ਿਲਮ ਦੀ ਸਕਪਿਰਟ। ਜੇ ਕਹਾਣੀ ‘ਚ ਦਮ ਹੈ ਤੇ ਨਿਰਦੇਸ਼ਕ ਨੂੰ ਕਹਾਣੀ ਕਹਿਣ ਦਾ ਵੱਲ ਹੈ ਤਾਂ ਕੋਈ ਫ਼ਿਲਮ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ ਅਤੇ ਨਾ ਹੀ ਦਰਸ਼ਕ ਫ਼ਿਲਮ ਦੀ ਟੀਮ ਨੂੰ ਨਿਰਾਸ਼ ਕਰਦੇ ਹਨ। ਇਸ ਫ਼ਿਲਮ ਨੇ ਨਾ ਸਿਰਫ਼ ਖੁਦ ਸਫ਼ਲਤਾ ਹਾਸਲ ਕੀਤੀ ਹੈ, ਸਗੋਂ ਹੋਰਾਂ ਨਵੇਂ ਫ਼ਿਲਮ ਮੇਕਰਾਂ ਅਤੇ ਕਲਾਕਾਰਾਂ ਲਈ ਵੀ ਰਾਹ ਖੋਲ•ੇ ਹਨ। ਇਸ ਫ਼ਿਲਮ ਨਾਲ ਅਦਾਕਾਰ ਦੇਵ ਖਰੌੜ ਪੰਜਾਬੀ ਫ਼ਿਲਮਾਂ ਦੇ ਸਫ਼ਲ ਹੀਰੋ ਵਜੋਂ ਉਭਰਕੇ ਸਾਹਮਣੇ ਆਇਆ ਹੈ। ਉਹ ਲਗਾਤਾਰ ਤਿੰਨ ਹਿੱਟ ਫ਼ਿਲਮਾਂ ਦੇਣ ਵਾਲਾ ਹੀਰੋ ਤਾਂ ਬਣਿਆ ਹੀ ਹੈ ਸਗੋਂ ਨਾਮਵਰ ਗਾਇਕਾਂ ਦੀਆਂ ਫ਼ਿਲਮਾਂ ਤੋਂ ਵੀ ਵੱਡੀ ਓਪਨਿੰਗ ਲੈਣ ਵਾਲਾ ਹੀਰੋ, ਖਾਸ ਕਰਕੇ ਗੈਰ ਗਾਇਕ ਹੋਰ ਬਣਕੇ ਉਭਰਿਆ ਹੈ। ਇਸ ਫ਼ਿਲਮ ਦਾ ਨਿਰਮਾਣ ਕਰਨ ਵਾਲੀ ਕੰਪਨੀ ‘ਡ੍ਰੀਮ ਰਿਆਲਟੀ ਮੂਵੀਜ਼’ ਦੀ ਇਹ ਤੀਜੀ ਫ਼ਿਲਮ ਸੀ ਅਤੇ ਤਿੰਨੇ ਫ਼ਿਲਮਾਂ ਹੀ ਹਿੱਟ ਰਹੀਆਂ ਹਨ। ਇਨ•ਾਂ ਤਿੰਨਾਂ ਫ਼ਿਲਮਾਂ ਦਾ ਹੀਰੋ ਦੇਵ ਖਰੋੜ ਹੀ ਰਿਹਾ ਹੈ। ਸਗੋਂ ਇਸ ਟੀਮ ਦੀ ਅਗਲੀ ਫ਼ਿਲਮ ‘ਕਾਕਾ ਜੀ’ ਦਾ ਹੀਰੋ ਵੀ ਦੇਵ ਹੀ ਹੈ। ਇਹ ਇਸ ਟੀਮ ਦੀ ਵਿਉਂਤਬੰਦੀ ਅਤੇ ਸਮਝਦਾਰੀ ਹੀ ਹੈ ਕਿ ਇਹ ਫ਼ਿਲਮ ਦਾ ਵਿਸ਼ਾ ਚੁਣਨ ਲੱਗੇ ਤਾਂ ਸਮਝਦਾਰੀ ਦਿਖਾਉਂਦੇ ਹੀ ਹਨ, ਬਲਕਿ ਉਸ ਦੇ ਫ਼ਿਲਮਾਂਕਣ ਤੇ ਰਿਲੀਜ਼ ਦੌਰਾਨ ਵਾਧੂ ਖਰਚਿਆਂ ਤੋਂ ਬਚਦੇ ਹੋਏ ਉਸ ਨੂੰ ਸਹੀ ਢੰਗ ਨਾਲ ਦਰਸ਼ਕ ਤੱਕ ਪਹੁੰਚਾ ਕੇ ਉਹ ਆਪਣੇ ਫ਼ਿਲਮੀ ਸੂਝ ਬੂਝ ਦਾ ਸਬੂਤ ਵੀ ਦਿੰਦੇ ਹਨ। ਫ਼ਿਲਮ ਨਿਰਦੇਸ਼ਕ ਮਨਦੀਪ ਬੈਨੀਪਾਲ ਵੱਲੋਂ ਫ਼ਿਲਮਾਈ ਇਸ ਫ਼ਿਲਮ ਦਾ ਸਕਰੀਨਪਲੇ ਇੰਦਰਜੀਤ ਸਿੰਘ ਤੇ ਸੰਵਾਦ ਗੁਰਪ੍ਰੀਤ ਭੁੱਲਰ ਨੇ ਲਿਖੇ ਸਨ। ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਇਕ ਕਬੱਡੀ ਖਿਡਾਰੀ ਦੇ ਨਸ਼ੇੜੀ ਤੇ ਫਿਰ ਜਰਇਮਪੇਸ਼ਾ ਤੋਂ ਇਕ ਸਫ਼ਲ ਲੇਖਕ ਤੇ ਪੱਤਰਕਾਰ ਤੱਕ ਦੀ ਕਹਾਣੀ ਨੂੰ ਦਰਸਾਉਂਦੀ ਹੈ। ਇਹ ਕਹਾਣੀ ਫ਼ਿਲਮੀ ਨਹੀਂ ਬਲਕਿ ਮਿੰਟੂ ਗੁਰੂਸਰੀਆ ਦਾ ਆਪ ਬੀਤੀ ਹੈ। ਉਸ ਦੀ ਜ਼ਿੰਦਗੀ ਦਾ ਇਹ ਸਫ਼ਰ ਫ਼ਿਲਮੀ ਰੂਪ ‘ਚ ਮਨੋਰੰਜਕ ਤਾਂ ਹੈ ਹੀ ਬਲਕਿ ਉਸ ਤੋਂ ਕਿਤੇ ਵੱਧ ਨੌਜਵਾਨਾਂ ਨੂੰ ਸੇਧ ਦੇਣ ਵਾਲਾ ਹੈ। ਉਸ ਦੇ ਇਸ ਸਫ਼ਰ ਤੋਂ ਇਹ ਸਹਿਜੇ ਸਿੱਖਿਆ ਜਾ ਸਕਦਾ ਹੈ ਕਿ ਨਸ਼ੇੜੀ ਤੇ ਜਰਾਇਮਪੇਸ਼ਾ ਵਿਅਕਤੀ ਨੇ ਹਮੇਸ਼ਾ ਬਦਨਾਮੀ ਹੀ ਖੱਟੀ ਹੈ, ਉਸ ਦੀ ਜ਼ਿੰਦਗੀ ਹਮੇਸ਼ਾ ਨਰਕ ਰਹੀ ਹੈ। ਇਸ ਦੇ ਨਾਲ ਹੀ ਇਹ ਸਬਕ ਵੀ ਹੈ ਕੋਈ ਵਿਅਕਤੀ ਓਨਾਂ ਚਿਰ ਨਸ਼ੇ ਨਹੀਂ ਛੱਡ ਸਕਦਾ, ਜਿਨ•ਾਂ ਚਿਰ ਉਸਦੀ ਇੱਛਾ ਸ਼ਕਤੀ ਨਾ ਹੋਵੇ। ਕਈ ਵਾਰ ਕਿਸੇ ਦੇ ਬੋਲੇ ਬੋਲ ਅਜਿਹਾ ਘਰ ਕਰਦੇ ਹਨ ਕਿ ਉਸਦੀ ਜ਼ਿੰਦਗੀ ਬਦਲ ਦਿੰਦੇ ਹਨ। ਇਸ ਫ਼ਿਲਮ ਦਾ ਚੱਲਣਾ, ਇਹ ਸ਼ੁਭ ਸੁਨੇਹਾ ਕਿ ਦਰਸ਼ਕ ਹੀਰੋ ਨੂੰ ਨਹੀਂ ਸਬਜੈਕਟ ਨੂੰ ਤਰਜ਼ੀਹ ਦਿੰਦੇ ਹਨ। ਜੇ ਸਬਜੈਕਟ ਹੀਰੋ ਹੈ ਤਾਂ ਫ਼ਿਲਮ ਦਾ ਹੀਰੋ ਖੁਦ ਬ ਖੁਦ ਲੋਕਾਂ ਦਾ ਨਾਇਕ ਬਣ ਜਾਂਦਾ ਹੈ। ਫ਼ਿਲਮ ‘ਚ ਦੇਵ ਖਰੋੜ ਵੱਲੋਂ ਕੀਤੀ ਗਈ ਅਦਾਕਾਰੀ ਦਰਸਾਉਂਦੀ ਹੈ ਕਿ ਉਸ ਨੇ ਇਸ ਫ਼ਿਲਮ ਲਈ ਜੀਅ ਤੋੜ ਮਿਹਨਤ ਕੀਤੀ ਹੈ। ਇਹ ਫ਼ਿਲਮ ਉਸ ਨੂੰ ਸਫਲ ਹੀਰੋ ਵਜੋਂ ਉਭਾਰਦੀ ਹੋਈ, ਹੋਰ ਗੈਰ ਗਇਕ ਅਦਾਕਾਰਾਂ ਨੂੰ ਵੀ ਅੱਗੇ ਵਧਣ ਦੀ ਹੱਲਾਸ਼ੇਰੀ ਦਿੰਦੀ ਹੈ। ਅਜਿਹੀਆਂ ਫ਼ਿਲਮਾਂ ਦੀ ਸਫ਼ਲਤਾ ਨਾਲ ਜਿਥੇ ਪੰਜਾਬੀ ਸਿਨੇਮੇ ਪ੍ਰਤੀ ਪੈਦਾ ਹੋਏ ਕਈ ਭਰਮ ਟੁੱਟਦੇ ਹਨ, ਉਥੇ ਨਵੇਂ ਕਲਕਾਰਾਂ, ਫ਼ਿਲਮ ਮੇਕਰਾਂ ਲਈ ਵੀ ਰਾਹ ਪੱਧਰਾ ਹੁੰਦਾ ਹੈ।