ਪੰਜਾਬੀ ਗਾਇਕੀ ਦੇ ਨਵੇਂ ਪੋਜ ਦੇ ਗਾਇਕਾਂ ਦੀ ਮੂਹਰਲੀ ਕਤਾਰ ‘ਚ ਸ਼ੁਮਾਰ ਰਣਜੀਤ ਬਾਵਾ ਆਪਣੀ ਦਮਦਾਰ ਆਵਾਜ਼, ਪ੍ਰਭਾਵਸ਼ਾਲੀ ਅੰਦਾਜ਼ ਤੇ ਸਖ਼ਸੀਅਤ ਸਦਕਾ ਪੰਜਾਬੀ ਦਾ ਹਰਦਿਲ ਅਜ਼ੀਜ਼ ਗਾਇਕ ਤੇ ਅਦਾਕਾਰ ਬਣ ਚੁੱਕਾ ਹੈ। ਪੰਜਾਬੀ ਫ਼ਿਲਮਾਂ ‘ਚ ਵੀ ਉਹ ਲਗਾਤਾਰ ਹਾਜ਼ਰੀ ਲਗਵਾ ਰਿਹਾ ਹੈ। ਹੁਣ ਇਸ ਬੁੱਧਵਾਰ, ਯਾਨੀ 15 ਅਗਸਤ ਨੂੰ ਉਸਦੀ ਫ਼ਿਲਮ ‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ਰਿਲੀਜ਼ ਹੋ ਰਹੀ ਹੈ। ਨਿਰਮਾਤਾ ਰੂਪਾਲੀ ਗੁਪਤਾ ਅਤੇ ਨਿਰਦੇਸ਼ਕ ਸਿਤਿਜ ਚੌਧਰੀ ਦੀ ਇਸ ਫ਼ਿਲਮ ਨੂੰ ਲੈ ਕੇ ਬਾਵਾ ਕਾਫ਼ੀ ਉਤਸ਼ਾਹਤ ਹੈ। ਉਹ ਕਈ ਦਿਨਾਂ ਤੋਂ ਇਸ ਫ਼ਿਲਮ ਦੇ ਪ੍ਰਚਾਰ ‘ਚ ਰੁੱਝਿਆ ਹੋਇਆ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿਸ ਤੋਂ ਆਸ ਹੈ ਕਿ ਫ਼ਿਲਮ ਨੂੰ ਵੀ ਦਰਸ਼ਕ ਟ੍ਰੇਲਰ ਵਾਂਗ ਪਿਆਰ ਦੇਣਗੇ।
‘ਮਿਸਟਰ ਐਂਡ ਮਿਸਿਜ 420 ਰਿਟਰਨਜ’ ਦੇ ਕਿਰਦਾਰ ਦੀ ਚੋਣ
ਨਿਰਦੇਸ਼ਕ ਸਿਤਿਜ ਚੌਧਰੀ ਦੀ ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਟ੍ਰੇਲਰ ਚਰਚਾ ‘ਚ ਹੈ। ਪਹਿਲੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਇਸ ਫ਼ਿਲਮ ਲਈ ਬਾਵੇ ਨੇ ਆਪਣਾ ਕਿਰਦਾਰ ਪਸੰਦ ਆਉਣ ਤੋਂ ਬਾਅਦ ਹਾਮੀਂ ਭਰੀ ਸੀ। ਉਹ ਇਸ ਫ਼ਿਲਮ ‘ਚ ਇਕ ਅਜਿਹੇ ਅਮਲੀ ਕਿਸਮ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਤਿੰਨ ਭਰਾਵਾਂ ਦਾ ਛੋਟਾ ਭਰਾ ਹੈ। ਜਦੋਂ ਘਰ ਦੀ ਜ਼ਮੀਨ ਦੀ ਵੰਡ ਹੁੰਦੀ ਹੈ ਤਾਂ ਉਹ ਹਿੱਸੇ ਆਉਂਦੀ ਜ਼ਮੀਨ ਦਾ ਮਸਲਾ ਖੜ•ਾ ਹੋ ਜਾਂਦਾ ਹੈ। ਉਸ ਨੂੰ ਆਪਣੇ ਹਿੱਸੇ ਆਉਂਦੀ ਜ਼ਮੀਨ ਉਦੋਂ ਹੀ ਮਿਲਣੀ ਹੈ, ਜਦੋਂ ਉਸ ਦਾ ਵਿਆਹ ਹੋਵੇਗਾ, ਪਰ ਅਮਲੀ ਬੰਦੇ ਨਾਲ ਕਿਹੜੀ ਕੁੜੀ ਵਿਆਹ ਕਰਵਾਏਗੀ?? ਜ਼ਮੀਨ ਹਾਸਲ ਕਰਨ ਲਈ ਉਹ ਵਿਆਹ ਲਈ ਜੱਦੋ ਜ਼ਹਿਦ ਕਰਦਾ ਹੈ। ਇਹੀ ਸੰਘਰਸ਼ ਉਸਦੇ ਕਿਰਦਾਰ ਦੀ ਖਾਸੀਅਤ ਹੈ, ਜੋ ਫ਼ਿਲਮ ‘ਚ ਦਰਸ਼ਕਾਂ ਲਈ ਦਿਲਚਸਪੀ ਤੇ ਮਜੱਹੀਆ ਮਾਹੌਲ ਸਿਰਜਦਾ ਹੈ।
ਕੌਣ ਕੌਣ ਹੈ ਫ਼ਿਲਮ ‘ਚ ?
ਇਸ ਫ਼ਿਲਮ ‘ਚ ਰਣਜੀਤ ਬਾਵੇ ਦੇ ਨਾਲ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਹਰਦੀਪ ਗਿੱਲ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਪਾਇਲ ਰਾਜਪੂਤ, ਅਵਿੰਤਕਾ ਹੁੰਦਲ ਅਤੇ ਰੂਪਾਲੀ ਗੁਪਤਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਦੋ ਅਜਿਹੇ ਨੌਜਵਾਨਾਂ ਦੀ ਕਹਾਣੀ ‘ਤੇ ਹੈ, ਜਿਨ•ਾਂ ‘ਚ ਇਕ ਅਮਲੀ ਹੈ, ਜਿਸ ਕੋਲ ਜ਼ਮੀਨ ਹੈ, ਪਰ ਉਸ ਨੂੰ ਜ਼ਮੀਨ ਉਦੋਂ ਮਿਲੇਗੀ, ਜਦੋਂ ਉਸਦਾ ਵਿਆਹ ਹੋਵੇਗਾ, ਪਰ ਅਮਲੀ ਨਾਲ ਵਿਆਹ ਕਰਵਾਏਗਾ ਕੌਣ? ਦੂਜਾ ਦਾ ਵਿਆਹ ਤਾਂ ਹੋਵੇਗਾ ਜੇ ਉਸ ਕੋਲ ਜ਼ਮੀਨ ਹੋਵੇਗੀ। ਇਸ ਫ਼ਿਲਮ ‘ਚ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਕੁੜੀ ਦੇ ਕਿਰਦਾਰ ‘ਚ ਵੀ ਨਜ਼ਰ ਆਉਂਣਗੇ।
ਕੰਢਿਆਂ ਤੋਂ ਫੁੱਲਾਂ ਦੀ ਸੇਜ ਤੱਕ
ਬਾਵਾ ਦੀ ਸਫ਼ਲਤਾ ਤੋਂ ਅੱਜ ਹਰ ਪੰਜਾਬੀ ਸਰੋਤਾ ਵਾਕਫ਼ ਹੈ। ਪਰ ਸ਼ਾਇਦ ਇਸ ਸਫ਼ਲਤਾ ਪਿੱਛੇ ਉਸ ਵੱਲੋਂ ਕੀਤੀ ਮਿਹਨਤ ਤੋਂ ਬਹੁਤ ਘੱਟ ਜਾਣੂ ਹਨ। ਸ਼ਾਇਦ ਇਹ ਹੀ ਦੁਨੀਆਂ ਦਾ ਦਸਤੂਰ ਵੀ ਹੈ। ਬਾਵਾ ਅੱਜ ਜਿਸ ਮੁਕਾਮ ‘ਤੇ ਹੈ, ਇਸ ਪਿੱਛੇ ਉਸਦੀ ਮਿਹਨਤ ਦੇ ਨਾਲ ਨਾਲ ਉਸਦੀ ਮਾਂ ਦਾ ਬਹੁਤ ਵੱਡਾ ਹੱਥ ਹੈ। ਸਫ਼ਲ ਗਾਇਕ ਬਣਨ ਲਈ ਨਾ ਸਿਰਫ ਬਾਵੇ ਨੇ ਰਾਤਾਂ ਜਾਗਕੇ ਕੱਟੀਆਂ ਬਲਕਿ ਉਸਦੀ ਮਾਂ ਨੇ ਵੀ ਬਰਾਬਰ ਜਗਰਾਤੇ ਕੱਟੇ ਹਨ। ਕਈ ਸੰਗੀਤਕ ਮੁਕਾਬਲਿਆਂ ‘ਚ ਵੀ ਹਿੱਸਾ ਲਿਆ, ਪਰ ਗੱਲ ਨਹੀਂ ਬਣੀ। ਉਹ ਡੋਲਿਆ ਨਹੀਂ ਲੱਗਾ ਰਿਹਾ। ਸ਼ੁਰੂਆਤੀ ਦੌਰ ‘ਚ ਬਾਵੇ ਨੇ ਅਮਰਿੰਦਰ ਗਿੱਲ ਅਤੇ ਪ੍ਰੀਤ ਹਰਪਾਲ ਵਰਗੇ ਨਾਮੀਂ ਗਾਇਕਾਂ ਦੀਆਂ ਸਟੇਜਾਂ ਤੋਂ ਵੀ ਗਾਇਆ। ਹਲੀਮੀ ਭਰਿਆ ਬਾਵੇ ਨੇ ਸਥਾਪਤ ਗਾਇਕ ਬਣਨ ਲਈ ਕਾਹਲ ਜਾਂ ਕਿਸੇ ਨੂੰ ਪਛਾੜਨ ਦਾ ਯਤਨ ਨਹੀਂ ਕੀਤਾ। ਉਹ ਹੌਲੀ ਹੌਲੀ ਆਪਣੀ ਚਾਲ ਚੱਲਦਾ ਰਿਹਾ। ਕੁਝ ਗੀਤ ਆਏ, ਸ਼ਲਾਘਾ ਵੀ ਹੋਈ, ਪਰ ਜਦੋਂ ‘ਯਾਰੀ ਚੰਡੀਗੜ• ਵਾਲੀਏ’ ਗੀਤ ਆਇਆ ਤਾਂ ਬਾਵਾ ਚਰਚਾ ‘ਚ ਆ ਗਿਆ। ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜਕੇ ਨਹੀਂ ਦੇਖਿਆ। ਇਕ ਤੋਂ ਬਾਅਦ ਇਕ ਗੀਤ ਉਸ ਨੂੰ ਉੱਚਾਨ ਵੱਲ ਲਿਜਾਂਦਾ ਗਿਆ। ਉਹ ਅੱਜ ਅਸਮਾਨ ‘ਤੇ ਹੈ, ਪਰ ਪੈਰ ਉਸਦੇ ਹਮੇਸ਼ਾ ਧਰਤੀ ‘ਤੇ ਰਹੇ ਹਨ।
ਗਾਇਕੀ ਤੋਂ ਅਦਾਕਾਰੀ ਵੱਲ
ਆਮ ਵਰਤਾਰਾ ਹੈ, ਜਦੋਂ ਤੁਹਾਡੇ ਲਈ ਇਕ ਰਾਹ ਖੁੱਲ• ਜਾਵੇ ਤਾਂ ਹੋਰ ਕਈ ਰਾਹ ਆਪ ਮੁਹਾਰੇ ਤੁਹਾਡਾ ਸੁਆਗਤ ਕਰਦੇ ਹਨ। ਗਾਇਕੀ ‘ਚ ਸਫ਼ਲਤਾ ਮਿਲਣ ਤੋਂ ਬਾਅਦ ਉਸ ਲਈ ਕਈ ਰਾਹ ਖੁੱਲ•ੇ। ਮਰਹੂਮ ਨਿਰਦੇਸ਼ਕ ਗੁਚਰਨ ਵਿਰਕ ਨੇ ਉਸਨੂੰ ਆਪਣੀ ਫ਼ਿਲਮ ‘ਤੂਫ਼ਾਨ ਸਿੰਘ’ ਵਿੱਚ ਭਾਈ ਜੁਗਰਾਜ ਸਿੰਘ ਤੂਫ਼ਾਨ ਸਿੰਘ ਦਾ ਕਿਰਦਾਰ ਨਿਭਾਉਣ ਦੀ ਪੇਸ਼ਕਸ਼ ਕੀਤੀ। ਬਾਵੇ ਨੇ ਇਸ ਫ਼ਿਲਮ ‘ਚ ਕੰਮ ਕਰਨ ਦਾ ਫ਼ੈਸਲਾ ਲਿਆ। ਫ਼ਿਲਮ ਰਿਲੀਜ਼ ਤਾਂ ਹੋਈ, ਪਰ ਭਾਰਤ ਵਿੱਚ ਨਹੀਂ। ਵਿਦੇਸ਼ ਰਹਿੰਦੇ ਲੋਕਾਂ ਨੇ ਫ਼ਿਲਮ ਦੇਖੀ ਤਾਂ ਬਾਵੇ ਦੀ ਅਦਾਕਾਰੀ ਦੀ ਸ਼ਲਾਘਾ ਹੋਣ ਲੱਗੀ। ਇਸ ਦਰਮਿਆਨ ਉਸ ਨੇ ਅਮਰਿੰਦਰ ਗਿੱਲ ਦੀ ਫ਼ਿਲਮ ‘ਸਰਵਣ’ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਨਿਰਦੇਸ਼ਕ ਪਰਮ ਸ਼ਿਵ ਦੀ ਫ਼ਿਲਮ ‘ਭਲਵਾਨ ਸਿੰਘ’ ਵਿੱਚ ਬਤੌਰ ਹੀਰੋ ਕੰਮ ਕੀਤਾ। ਭਲਵਾਨ ਸਿੰਘ ਨਹੀਂ ਚੱਲੀ ਤਾਂ ਬਾਵੇ ਨੇ ਪੈਰ ਪਿੱਛੇ ਖਿੱਚਣੇ ਚਾਹੇ, ਪਰ ਉਸ ਕੋਲ ਫ਼ਿਲਮਾਂ ਦੀਆਂ ਲਗਾਤਾਰ ਆਫ਼ਰਾਂ ਆਉਣ ਲੱਗੀਆਂ। ‘ਵੇਖ ਬਰਾਤਾਂ ਚੱਲੀਆਂ’ ਨੇ ਉਸ ਨੂੰ ਮੁੜ ਸੁਰਖੀਆ ‘ਚ ਲਿਆਂਦਾ। ਹਾਕੀ ‘ਤੇ ਬਣੀ ਉਸਦੀ ਫ਼ਿਲਮ ‘ਖਿੱਦੋ ਖੂੰਡੀ’ ਭਾਵੇਂ ਨਹੀਂ ਚੱਲੀ, ਪਰ ਉਸਦੇ ਕੰਮ ਦੀ ਰਜ਼ਵੀ ਸ਼ਲਾਘਾ ਹੋਈ। ਹੁਣ ਉਸਦੀ ਫ਼ਿਲਮ ‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ਰਿਲੀਜ਼ ਲਈ ਤਿਆਰ ਹੈ। ਹੁਣ ਉਹ ਇੰਗਲੈਂਡ ‘ਚ ਨਿਰਦੇਸ਼ਕ ਪੰਕਜ ਬਤਰਾ ਦੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ।