ਸੋਸ਼ਲ ਮੀਡੀਆ ‘ਤੇ ਲਗਾਤਾਰ ਚਰਚਾ ‘ਚ ਬਣੀ ਹੋਈ ਗਿੱਪੀ ਗਰੇਵਾਲ ਦੀ ਫ਼ਿਲਮ ‘ਮਰ ਗਏ ਓ ਲੋਕੋ’ ਦਾ ਨਵਾਂ ਗੀਤ ‘ਫਿਊਲ’ ਸ਼ਨਿੱਚਵਾਰ ਨੂੰ ਰਿਲੀਜ਼ ਹੋਇਆ ਹੈ। ਗਿੱਪੀ ਗਰੇਵਾਲ ਦੀ ਨਿੱਜੀ ਮਿਊਜ਼ਿਕ ਕੰਪਨੀ ‘ਹੰਬਲ ਮਿਊਜ਼ਿਕ’ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਕੁਝ ਘੰਟਿਆਂ ‘ਚ ਹੀ ਸਰੋਤਿਆਂ ਦਾ ਵੱਡਾ ਹੁੰਗਾਰਾ ਮਿਲਿਆ ਹੈ। 31 ਅਗਸਤ ਨੂੰ ਰਿਲੀਜ਼ ਹੋ ਰਹੀ ਗਿੱਪੀ ਦੀ ਫ਼ਿਲਮ ‘ਮਰ ਗਏ ਓਏ ਲੋਕੋ’ ਦਾ ਇਹ ਗੀਤ ਰਾਵ ਹੰਜਰਾ ਦਾ ਲਿਖਿਆ ਹੈ। ਨਾਮਵਰ ਮਿਊਜ਼ਿਕ ਡਾਇਰੈਕਟਰ ਸਨੈਪੀ ਦੇ ਸੰਗੀਤ ‘ਚ ਆਏ ਇਸ ਗੀਤ ਨੂੰ ਆਵਾਜ਼ ਗਿੱਪੀ ਨੇ ਖੁਦ ਦਿੱਤੀ ਹੈ। ਗੀਤ ਦੇ ਬੋਲ ਹਨ ” ਹੁਣ ਟਾਲਿਆਂ ਨਾ ਸੌਖੇ ਬਿੱਲੋ ਯਾਰ ਟਲਦੇ, ਸਾਡੇ ਬੂਫਰਾਂ ‘ਚ ਰਹਿੰਦੇ ਆ ਰਪੀਟ ਚੱਲਦੇ, ਓ ਕਦੇ ਯਮਲਾ ਤੇ ਕਦੇ ਸਰਦੂਲ ਨੀਂ, ਤੇਰੇ ਪਿੱਛੇ ਗੱਡੀਆਂ ਦੇ ਮੁੰਡੇ ਫਿਰਦੇ ਆ ਫੂਕਦੇ ਫਿਊਲ ਨੀਂ ”।
ਕਾਬਲੇਗੌਰ ਹੈ ਕਿ ਗਿੱਪੀ ਗਰੇਵਾਲ ਦੀ ਹਰ ਫ਼ਿਲਮ ਦਾ ਮਿਊਜ਼ਿਕ ਖਾਸ ਹੁੰਦਾ ਹੈ, ਜੋ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਤੇ ਬਾਅਦ ‘ਚ ਲਗਾਤਾਰ ਚਰਚਾ ‘ਚ ਰਹਿੰਦਾ ਹੈ। ਉਸਦੀਆਂ ਫ਼ਿਲਮਾਂ ਦੇ ਕਈ ਗੀਤ ਸਦਾ ਬਹਾਰ ਗੀਤਾਂ ਦੀ ਲਿਸਟ ‘ਚ ਵੀ ਸ਼ਾਮਲ ਹੋ ਚੁੱਕੇ ਹਨ। ਗਿੱਪੀ ਗਰੇਵਾਲ ਦੀ ਹਮੇਸ਼ਾ ਇਹ ਖਾਸੀਅਤ ਰਹੀ ਹੈ ਕਿ ਉਹ ਫ਼ਿਲਮ ਦੇ ਵਿਸ਼ੇ ਦੀ ਚੋਣ ਦੇ ਨਾਲ ਨਾਲ ਫ਼ਿਲਮ ਵਿਚਲੇ ਗੀਤਾਂ ਅਤੇ ਮਿਊਜ਼ਿਕ ਦੀ ਚੋਣ ਵੀ ਬੇਹੱਦ ਸਮਝਦਾਰੀ ਨਾਲ ਕਰਦੇ ਹਨ। ਇਸੇ ਲਈ ਉਹਨਾਂ ਦੀ ਹਰ ਫ਼ਿਲਮ ਦਾ ਮਿਊਜ਼ਿਕ ਹਮੇਸ਼ਾ ਹਿੱਟ ਰਹਿੰਦਾ ਹੈ।
ਯਾਦ ਰਹੇ ਕਿ 31 ਅਗਸਤ ਨੂੰ ਰਿਲੀਜ਼ ਹੋ ਰਹੀ ਉਹਨਾਂ ਦੀ ਇਹ ਫ਼ਿਲਮ ਪੰਜਾਬੀ ਦੀ ਅਜਿਹੀ ਪਹਿਲੀ ਫ਼ਿਲਮ ਹੈ, ਜਿਸ ‘ਚ ਧਰਤੀ ਦੇ ਨਾਲ ਨਾਲ ਪਰਲੋਕ ਦੇ ਦੀਦਾਰ ਵੀ ਹੋਣਗੇ। ਕਾਮੇਡੀ ਜ਼ੋਨਰ ਦੀ ਇਹ ਫ਼ਿਲਮ ਨਿਰੋਲ ਰੂਪ ‘ਚ ਪਰਿਵਾਰਕ ਫ਼ਿਲਮ ਹੈ, ਜਿਸ ਦੇ ਟ੍ਰੇਲਰ ਨੂੰ ਪਹਿਲਾਂ ‘ਚ ਦਰਸ਼ਕ ਵੱਡਾ ਹੁੰਗਾਰਾ ਦੇ ਰਹੇ ਹਨ। ਨਿਰਦੇਸ਼ਕ ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੀ ਕਹਾਣੀ ਗਿੱਪੀ ਨੇ ਖੁਦ ਲਿਖੀ ਹੈ। ਫ਼ਿਲਮ ‘ਚ ਗਿੱਪੀ ਨਾਲ ਖੂਬਸੂਰਤ ਅਦਾਕਾਰਾ ਸਪਨਾ ਪੱਬੀ ਨਜ਼ਰ ਆਵੇਗੀ, ਜੋ ਗਿੱਪੀ ਨਾਲ ਇਸ ਗੀਤ ‘ਚ ਵੀ ਨਜ਼ਰ ਆ ਰਹੀ ਹੈ। ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਬੀਐਨ ਸ਼ਰਮਾ ਦੀ ਅਹਿਮ ਭੂਮਿਕਾ ਵਾਲੀ ਇਸ ਫ਼ਿਲਮ ਦੇ ਅਗਲੇ ਗੀਤ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ।#Fivewood


