ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਦੇ ਨਿੱਜੀ ਬੈਨਰ ‘ਹੰਬਲ ਮੋਸ਼ਨ ਪਿਕਚਰ’ ਦੀ ਤੀਜੀ ਫ਼ਿਲਮ ‘ਮਰ ਗਏ ਓਏ ਲੋਕੋ’ 31 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਤੁਹਾਨੂੰ ਖੂਬਸੂਰਤ ਭੂਤਾਂ ਅਤੇ ਧਰਮਰਾਜ ਦਾ ਹਾਈਟੈਕ ਦਰਬਾਰ ਦੇਖਣ ਨੂੰ ਮਿਲੇਗਾ। ਇਹੀ ਨਹੀਂ ਤੁਸੀਂ ਇਸ ਫ਼ਿਲਮ ‘ਚ ਨਵੇਂ ਕਿਸਮ ਦੇ ਜਮਦੂਤ ਅਤੇ ਚੁੜੇਲਾਂ ਦੇ ਦਰਸ਼ਨ ਵੀ ਕਰ ਸਕੋਗੇ। ਇਹ ਭੂਤ ਪ੍ਰੇਤ ਤੇ ਚੁੜੇਲਾਂ ਤੁਹਾਨੂੰ ਡਰਾਉਣਗੀਆਂ ਨਹੀਂ ਬਲਕਿ ਤੁਹਾਡਾ ਖੂਬ ਮਨੋਰੰਜਨ ਕਰਨਗੀਆਂ। 31 ਅਗਸਤ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਵੀ ਗਿੱਪੀ ਗਰੇਵਾਲ ਨੇ ਲਿਖੀ ਹੋਈ। ਸਿਮਰਜੀਤ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਨੇ ਨਾਲ ਸਪਨਾ ਪੱਬੀ ਦੀ ਜੋੜੀ ਨਜ਼ਰ ਆਵੇਗੀ। ਫ਼ਿਲਮ ‘ਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਰਘਬੀਰ ਬੋਲੀ, ਬਨਿੰਦਰ ਬਨੀ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਹਾਰਬੀ ਸੰਘਾ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਂਣਗੇ।
ਫ਼ਿਲਮ ਦੇ ਟ੍ਰੇਲਰ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਧਰਤੀ ਦੇ ਨਾਲ ਨਾਲ ਜਮ ਲੋਕ ਯਾਨੀਕਿ ਪਰਲੋਕ ਦੀ ਗੱਲ ਕਰਦੀ ਹੈ। ਪੰਜਾਬੀ ਦੀ ਇਹ ਪਹਿਲੀ ਫ਼ੈਨਟਸੀ ਫ਼ਿਲਮ ਕਹੀ ਜਾ ਸਕਦੀ ਹੈ, ਜਿਸ ‘ਚ ਇਕ ਬੰਦੇ ਦੇ ਮਰਨ ਤੋਂ ਬਾਅਦ ਉਸ ਨੂੰ ਮੁੜ ਤੋਂ ਕਿਸੇ ਹੋਰ ਦੇ ਸਰੀਰ ‘ਚ ਆਤਮਾ ਦੇ ਰੂਪ ‘ਚ ਪ੍ਰਵੇਸ਼ ਕਰਦਾ ਦਿਖਾਇਆ ਗਿਆ ਹੈ। ਫ਼ਿਲਮ ਦੇ ਟ੍ਰੇਲਰ ‘ਚ ਦਿਖਾਇਆ ਗਿਆ ਕਿ ਫ਼ਿਲਮ ਦੇ ਹੀਰੋ ਗਿੱਪੀ ਗਰੇਵਾਲ ਦੀ ਮੌਤ ਹੋ ਜਾਂਦੀ ਹੈ, ਜਦੋਂ ਉਸ ਨੂੰ ਧਰਮਰਾਜ ਦੇ ਦਰਬਾਰ ‘ਚ ਲਿਜਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਗਲਤੀ ਨਾਲ ਮਾਰ ਦਿੱਤਾ ਗਿਆ, ਜਦਕਿ ਮਰਨ ਦੀ ਵਾਰੀ ਕਿਸੇ ਹੋਰ ਦੀ ਸੀ। ਉਸ ਨੂੰ ਮੁੜ ਤੋਂ ਧਰਤੀ ‘ਤੇ ਆਤਮਾ ਦੇ ਰੂਪ ‘ਚ ਫ਼ਿਲਮ ਦੇ ਇਕ ਹੋਰ ਅਹਿਮ ਕਿਰਦਾਰ ਯਾਨੀ ਬੀਨੂੰ ਢਿੱਲੋਂ ਦੇ ਸਰੀਰ ‘ਚ ਭੇਜਿਆ ਜਾਂਦਾ ਹੈ। ਇਨ•ਾਂ ਦੋਵਾਂ ਕਿਰਦਾਰ ਦਾ ਸੁਭਾਅ ਬਿਲਕੁਲ ਵੱਖਰਾ ਹੈ ਪਰ ਜਦੋਂ ਬੀਨੂੰ ਢਿੱਲੋਂ ਦੇ ਸਰੀਰ ‘ਚ ਗਿੱਪੀ ਗਰੇਵਾਲ ਦੀ ਆਤਮਾ ਆਵੇਗੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰ•ਾਂ ਦਾ ਕਾਮੇਡੀ ਮਾਹੌਲ ਪੈਦਾ ਹੋਵੇਗਾ। ਇਸ ਫ਼ਿਲਮ ਜ਼ਰੀਏ ਦਰਸ਼ਕ ਗਿੱਪੀ ਦੇ ਨਾਲ ਨਾਲ ਬੀਨੂੰ ਢਿੱਲੋਂ ਨੂੰ ਵੀ ਇਕ ਵੱਖਰੇ ਤੇ ਦਮਦਾਰ ਕਿਰਦਾਰ ‘ਚ ਦੇਖਣਗੇ। ਫ਼ਿਲਮ ਨੂੰ ਕਹਾਣੀ ਪੱਖ ਦੇ ਨਾਲ ਨਾਲ ਮਿਊਜ਼ੀਕਲ ਵੀ ਕਾਫ਼ੀ ਮਜ਼ਬੂਤ ਬਣਾਇਆ ਗਿਆ ਹੈ। ਇਹੀ ਵਜ•ਾ ਹੈ ਕਿ ਫ਼ਿਲਮ ਦਾ ਹਰ ਗੀਤ ਹਰ ਵਰਗ ਦੇ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਗਿੱਪੀ ਗਰੇਵਾਲ ਅਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਇੱਕਠਿਆ ਦੀ ਦੂਜੀ ਫ਼ਿਲਮ ਹੈ, ਇਸ ਤੋਂ ਪਹਿਲਾਂ ਦੋਵੇਂ ਜਣੇ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਕੰਮ ਕਰ ਚੁੱਕੇ ਹਨ। ਹਰ ਵਾਰ ਹਰ ਫ਼ਿਲਮ ‘ਚ ਕੁਝ ਵੱਖਰਾ ਕਰਨ ਵਾਲੇ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਨੂੰ ਲੈ ਕੇ ਖੂਬ ਚਰਚਾ ਵੀ ਹੋ ਰਹੀ ਹੈ। ਗਿੱਪੀ ਮੁਤਾਬਕ ਇਹ ਫ਼ਿਲਮ ਆਮ ਕਾਮੇਡੀ ਫ਼ਿਲਮਾਂ ਵਰਗੀ ਨਹੀਂ ਹੈ। ਇਸ ਫ਼ਿਲਮ ‘ਚ ਹਾਲਤ ਹੀ ਕੁਝ ਅਜਿਹੇ ਬਣਦੇ ਹਨ ਕਿ ਦਰਸ਼ਕ ਹੱਸੇ ਬਿਨਾਂ ਨਹੀਂ ਰਹਿ ਸਕਣਗੇ। ਹਰ ਵਰਗ ਦੇ ਸਰੋਤਿਆਂ ਨੂੰ ਧਿਆਨ ‘ਚ ਰੱਖਕੇ ਬਣਾਈ ਗਈ ਇਸ ਫ਼ਿਲਮ ‘ਚ ਉੱਚ ਪੱਧਰੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ ਫ਼ਿਲਮ ਦੇ ਟ੍ਰੇਲਰ ‘ਚ ਵੀ ਸਾਫ਼ ਨਜ਼ਰ ਆ ਰਹੀ ਹੈ। ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਤਕਨੀਕ ਪੱਖੋਂ ਵੀ ਮਜ਼ਬੂਤ ਬਣਾਏਗੀ।
in Article
‘ਮਰ ਗਏ ਓਏ ਲੋਕੋ’ ਵਿੱਚ ਦਿਖਣਗੀਆਂ ਖੂਬਸੂਰਤ ਭੂਤਾਂ ਤੇ ਹਾਈਟੈਕ ਧਰਮਰਾਜ
