ਪੰਜਾਬੀ ਮਾਡਲ ਅਤੇ ਅਦਾਕਾਰ ਵਾਮਿਕਾ ਗੱਬੀ ਅਤੇ ਵੀਡੀਓ ਨਿਰਦੇਸ਼ਕ ਪਰਮੀਸ਼ ਵਰਮਾ ਦੀ ਜੋੜੀ ਛੇਤੀ ਹੀ ਪਰਦੇ ‘ਤੇ ਨਜ਼ਰ ਆਉਂਣ ਵਾਲੀ ਹੈ। ਦੋਹਾਂ ਨੇ ਮਿਊਜ਼ਿਕ ਕੰਪਨੀ ‘ਸਪੀਡ ਰਿਕਾਰਡਸ’ ਦੀ ਇਕ ਫ਼ਿਲਮ ਸਾਈਨ ਕੀਤੀ ਹੈ, ਜਿਸ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ। ਰੌਕੀ ਮੈਂਟਲ ਤੋਂ ਬਾਅਦ ਪਰਮੀਸ਼ ਦੀ ਫ਼ਿਲਹਾਲ ਅਜੇ ਕੋਈ ਫ਼ਿਲਮ ਨਹੀਂ ਆਈ। ਉਂਝ ਉਸ ਨੇ ਸਿੰਘਮ ਸਮੇਤ ਦੋ ਹੋਰ ਪੰਜਾਬੀ ਫ਼ਿਲਮਾਂ ਸਾਈਨ ਕੀਤੀਆਂ ਹੋਈਆਂ ਹਨ। ਉਸ ਦੀ ਇਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਗੈਗਸਟਰ ਦਿਲਪ੍ਰੀਤ ਬਾਬਾ ਵੱਲੋਂ ਉਸ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਫ਼ਿਲਮ ਅੱਗੇ ਪਾ ਦਿੱਤੀ ਗਈ ਸੀ। ਹੁਣ ਪਤਾ ਲੱਗਾ ਹੈ ਕਿ ਉਸ ਨੇ ਸਪੀਡ ਰਿਕਾਰਡਸ ਨਾਲ ਇਕ ਹੋਰ ਫ਼ਿਲਮ ਸਾਈਨ ਕੀਤੀ ਹੈ, ਜਿਸ ‘ਚ ਉਸਦੀ ਹੀਰੋਇਨ ਵਾਮਿਕਾ ਗੱਬੀ ਹੈ। ਵਾਮਿਕਾ ਦੀ ਫ਼ਿਲਮ ਪ੍ਰਹੁਣਾ ਇਸੇ ਮਹੀਨੇ 28 ਅਪ੍ਰੈਲ ਨੁੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਰੌਸ਼ਨ ਪ੍ਰਿੰਸ ਨਾਲ ਵੀ ਇਕ ਫ਼ਿਲਮ ਸਾਈਨ ਕੀਤੀ ਹੈ।


