fbpx

ਦਿਲ ਦੀਆਂ ਮਲੂਕ ਭਾਵਨਾਵਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ ‘ਕਿਸਮਤ’

Posted on September 22nd, 2018 in Movie Review

ਲੰਘੀ ਰਾਤ ਜਗਦੀਪ ਸਿੱਧੂ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਫ਼ਿਲਮ ‘ਕਿਸਮਤ’ ਦੇਖੀ। ਦਿਲ ਦੀਆਂ ਮਲੂਕ ਭਾਵਨਾਵਾਂ ਨੂੰ ਖੂਬਸੂਰਤੀ ਨਾਲ ਪਰਦੇ ‘ਤੇ ਪੇਸ਼ ਕਰਦੀ ਇਸ ਫ਼ਿਲਮ ਨੂੰ ਦੇਖਣ ਲਈ ਦਿਮਾਗ ਨਾਲੋਂ ਦਿਲ ਦੀ ਜ਼ਿਆਦਾ ਜ਼ਰੂਰਤ ਹੈ। ਫ਼ਿਲਮ ਦੇਖਦਿਆਂ ਇਕ ਹਿੰਦੀ ਫ਼ਿਲਮ ਦਾ ਡਾਇਲਾਗ ‘ਜ਼ਿੰਦਗੀ ਬੜੀ ਹੋਣੀ ਚਾਹੀਈ ਲੰਬੀ ਨਹੀਂ’ ਵਾਰ ਵਾਰ ਯਾਦ ਆਉਂਦਾ ਹੈ। ਮੁਹੱਬਤ ਦੇ ਖੂਬਸੂਤ ਅਹਿਸਾਸ ਨੂੰ ਦਰਸਾਉਂਦੀ ਇਸ ਫ਼ਿਲਮ ਦਾ ਪਹਿਲਾ ਦ੍ਰਿਸ਼ ‘ਚ ਹੀ ਤੁਹਾਨੂੰ ਕਿਸੇ ਬੱਚੇ ਵਾਂਗ ਉਂਗਲੀ ਫੜਾ ਕੇ ਐਸਾ ਨਾਲ ਤੋਰਦਾ ਹੈ ਕਿ ਤੁਸੀਂ ਫ਼ਿਲਮ ਦੇ ਦੋਵੇਂ ਕਿਰਦਾਰਾਂ ਸ਼ਿਵਾ ਤੇ ਬਾਣੀ ਦੇ ਨਾਲ ਨਾਲ ਚੱਲਣ ਲੱਗਦੇ ਹੋ। ਦੋਵਾਂ ਦੇ ਮੁਹੱਬਤ ਦੀਆਂ ਤਰੰਗਾਂ ਤੁਹਾਨੂੰ ਭਾਵੁਕ ਕਰਦੀਆਂ ਹਨ ਅਤੇ ਤੁਹਾਨੂੰ ਤੁਹਾਡੀ ਮੁਹੱਬਤ ਦਾ ਅਹਿਸਾਸ ਕਰਵਾਉਂਦੀਆਂ ਹਨ। ਪੰਜਾਬੀ ਵਿੱਚ ਇਸ ਤਰ•ਾਂ ਦੀ ਖੂਬਸੂਰਤ ਪ੍ਰੇਮ ਕਹਾਣੀ ਦਾ ਬਣਨਾ ਅਤੇ ਦਰਸ਼ਕਾਂ ਵੱਲੋਂ ਪ੍ਰਵਾਨ ਕਰਨਾ ਕਿਸੇ ਜਸ਼ਨ ਤੋਂ ਘੱਟ ਨਹੀਂ ਹੈ। ਇਸ ਜਸ਼ਨ ਲਈ ਜਗਦੀਪ ਸਿੱਧੂ ਦੇ ਨਾਲ ਨਾਲ ਫ਼ਿਲਮ ਦੇ ਪ੍ਰਮੁੱਖ ਕਿਰਦਾਰ ਖਾਸ ਕਰਕੇ ਐਮੀ ਵਿਰਕ, ਸਰਗੁਣ ਮਹਿਤਾ ਅਤੇ ਯੋਗਰਾਜ ਸਿੰਘ ਵਧਾਈ ਦੇ ਹੱਕਦਾਰ ਹਨ। ਫ਼ਿਲਮ ਦੀ ਕਹਾਣੀ ਦੀ ਰਵਾਨਗੀ ਭਾਵੇਂ ਕਈ ਦਫ਼ਾ ਰੁਕਦੀ ਅਤੇ ਧੀਮੀ ਹੁੰਦੀ ਹੈ ਪਰ ਭਾਵਨਾਵਾਂ ਦਾ ਵਹਾਅ ਠਾਠਾ ਮਰਦਾ ਹੈ। ਆਮ ਤੌਰ ‘ਤੇ ਹਰ ਫ਼ਿਲਮ ਦਾ ਕਲਾਈਮੈਕਸ ਸੁਖਾਵਾਂ ਭਾਵ ਹੈਪੀ ਐਂਡਿੰਗ ਵਾਲਾ ਹੁੰਦਾ ਹੈ ਪਰ ਇਸ ਫ਼ਿਲਮ ਦਾ ਅੰਤ ਉਸੇ ਤਰ•ਾਂ ਦਾ ਹੀ ਹੈ, ਜਿਸ ਤਰ•ਾਂ ਦਾ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਹਰ ਬੰਦੇ ਦੀ ਮੁਹੱਬਤ ਸਿਰੇ ਹੀ ਚੜ•ੇ ਜਾਂ ਫਿਰ ਮੁਹੱਬਤ ‘ਚੋਂ ਜਸ਼ਨ ਦਾ ਮਹੌਲ ਹੀ ਪੈਦਾ ਹੋਵੇ। ਫ਼ਿਲਮ ਦਾ ਸੰਗੀਤ ਫ਼ਿਲਮ ਦੀ ਕਹਾਣੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਆਮ ਤੌਰ ‘ਤੇ ਜ਼ਿਆਦਾਤਰ ਪੰਜਾਬੀ ਫ਼ਿਲਮਾਂ ‘ਚ ਮਿਊਜ਼ਿਕ ਲੋੜ ਮੁਤਾਬਕ ਨਹੀਂ ਬਲਕਿ ਇਸ ਲਈ ਪਾਇਆ ਜਾਂਦਾ ਹੈ ਤਾਂ ਜੋ ਉਸਦੇ ਰਾਈਟਸ ਵੱਖਰੇ ਤੌਰ ‘ਤੇ ਵੇਚੇ ਜਾ ਸਕਣ। ਇਸ ਫ਼ਿਲਮ ਦਾ ਹਰ ਗੀਤ ਨਾ ਸਿਰਫ਼ ਕਹਾਣੀ ਨੂੰ ਅੱਗੇ ਵਧਾਉਂਦਾ ਹੈ ਬਲਕਿ ਇਕ ਇਮੋਸ਼ਨਲ ਹਾਈਪ ਵੀ ਕਰੇਟ ਕਰਦਾ ਹੈ। ਗੁੰਦਵੀਂ ਪਟਕਥਾ ਅਤੇ ਕਸਵੀਂ ਨਿਰਦੇਸ਼ਨਾ ਵਾਲੀ ਇਸ ਫ਼ਿਲਮ ਦੇ ਕੁਝ ਸੰਵਾਦ ਦਿਲ ‘ਚ ਲਹਿ ਜਾਂਦੇ ਹਨ ਪਰ ਸਭ ਤੋਂ ਕਮਾਲ ਦਾ ਸੰਵਾਦ ” ਜੀਹਨੇ ਆਪਣੀ ਮਾਂ ਨੂੰ ਹੱਥੀ ਅੱਗ ਦਿੱਤੀ ਹੋਵੇ ਉਸ ਲਈ ਸਾਰੇ ਕੰਮ ਛੋਟੇ ਹੁੰਦੇ ਹਨ” ਲੱਗਾ।

Comments & Feedback