ਗੀਤਕਾਰੀ ਅਤੇ ਗਾਇਕੀ ਦੇ ਨਾਲ ਨਾਲ ਤਰਸੇਮ ਜੱਸੜ ਪਿਛਲੇ ਕੁਝ ਸਮੇਂ ਤੋਂ ਫ਼ਿਲਮਾਂ ਵਿੱਚ ਵੀ ਸਰਗਰਮ ਹੈ। ਉਸ ਕੋਲ ਲਗਾਤਾਰ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ। ਹਾਲਹਿ ‘ਚ ਹੀ ਆਪਣੀ ਫ਼ਿਲਮ ‘ਓ ਅ’ ਦੀ ਸ਼ੂਟਿੰਗ ਤੋਂ ਵਿਹਲੇ ਹੋਏ ਜੱਸੜ ਹੁਣ ਆਪਣੀ ਫ਼ਿਲਮ ‘ਅਫ਼ਸਰ’ ਦੀ ਪ੍ਰੋਮੋਸ਼ਨ ਵਿੱਚ ਰੁੱਝ ਗਏ ਹਨ। 5 ਅਕਤੂਬਰ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਇਹ ਫ਼ਿਲਮ ਤਰਸੇਮ ਜੱਸੜ ਲਈ ਬੇਹੱਦ ਖਾਸ ਹੈ। ਉਸ ਮੁਤਾਬਕ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਤੋਂ ਬਾਅਦ ਦਰਸ਼ਕ ਉਸ ਨੂੰ ਮੁੜ ਇਕ ਵੱਖਰੇ ਕਿਰਦਾਰ ‘ਚ ਦੇਖਣਗੇ।

ਇਸ ਫ਼ਿਲਮ ਦੀ ਕਹਾਣੀ ਉਨ•ਾਂ ਦੇ ਬੇਹੱਦ ਕਰੀਬ ਹੈ। ਉਹ ਇਸ ਫ਼ਿਲਮ ‘ਚ ਇਕ ਸਰਕਾਰੀ ਅਫਸਰ ਕਾਨੂੰਨਗੋ ਦਾ ਕਿਰਦਾਰ ਨਿਭਾ ਰਹੇ ਹਨ। ਪਰ ਆਪਣੇ ਤੋਂ ਛੋਟੇ ਅਫ਼ਸਰ ਯਾਨੀ ਪਟਵਾਰੀ ਦੀ ਭਾਨੀ ਕਾਰਨ ਉਸ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੂੰ ਇਹ ਸਮਝਾਉਣ ਪੈਂਦਾ ਹੈ ਕਿ ਕਾਨੂੰਨਗੋ, ਪਟਵਾਰੀ ਤੋਂ ਵੱਡਾ ਅਫ਼ਸਰ ਹੁੰਦਾ ਹੈ। ਆਪਣਾ ਪਿਆਰ ਹਾਸਲ ਕਰਨ ਲਈ ਉਸ ਨੂੰ ਤਰੱਕੀ ਦੀ ਥਾਂ ਹੇਠਾਂ ਨੂੰ ਯਾਨੀ ਪਟਵਾਰੀ ਵੀ ਬਣਨਾ ਪੈਂਦਾ ਹੈ। ਸਫ਼ਲ ਫ਼ਿਲਮ ਨਿਰਦੇਸ਼ਕ ਜੱਸ ਗਰੇਵਾਲ ਵੱਲੋਂ ਲਿਖੀ ਇਸ ਫ਼ਿਲਮ ਨੂੰ ਗੁਲਸ਼ਨ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਨਿਰਮਾਤਾ ਅਮੀਕ ਵਿਰਕ ਅਤੇ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ‘ਚ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਪੁਖਰਾਜ ਭੱਲਾ ਅਤੇ ਰਾਣਾ ਜੰਗ ਬਹਾਦਰ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਟ੍ਰੇਲਰ ਦੇ ਨਾਲ ਨਾਲ ਇਸ ਦੇ ਗੀਤਾਂ ਨੂੰ ਵੀ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ।



