ਵੀਡੀਓ ਨਿਰਦੇਸ਼ਨ ਤੋਂ ਫ਼ਿਲਮ ਨਿਰਦੇਸ਼ਨ ਵੱਲ ਆਏ ਹੈਰੀ ਭੱਟੀ ਦੀ ਨਵੀਂ ਫਿਲਮ ‘ਆਟੇ ਦੀ ਚਿੜੀ’ ਇਸ ਮਹੀਨੇ 19 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਹੈਰੀ ਦੀ ਬਤੌਰ ਡਾਇਰੈਕਟਰ ਇਹ ਤੀਜੀ ਫਿਲਮ ਹੈ। ਹੈਰੀ ਦੀ ਡਾਇਰੈਕਟਰ ਵਜੋਂ ਡੈਬਿਊ ਫਿਲਮ ‘ਰੱਬ ਦਾ ਰੇਡੀਓ’ ਸੀ। ਇਸ ਫ਼ਿਲਮ ਨੂੰ ਹੈਰੀ ਭੱਟੀ ਤੇ ਤਰੁਣਵੀਰ ਸਿੰਘ ਜਗਪਾਲ ਨੇ ਸਾਂਝੇ ਤੌਰ ‘ਤੇ ਡਾਇਰੈਕਟ ਕੀਤਾ ਸੀ।
ਇਸ ਤੋਂ ਬਾਅਦ ਪਿਛਲੇ ਸਾਲ ਹੀ ਹੈਰੀ ਦੀ ਦੂਜੀ ਫਿਲਮ ‘ਸਰਦਾਰ ਮੁਹੰਮਦ’ ਰਿਲੀਜ਼ ਹੋਈ। ਇਨ੍ਹਾਂ ਦੋਵਾਂ ਫਿਲਮਾਂ ‘ਚ ਤਰਸੇਮ ਜੱਸੜ ਮੁੱਖ ਭੂਮਿਕਾ ‘ਚ ਸਨ ਤੇ ਇਨ੍ਹਾਂ ਫਿਲਮਾਂ ਦੇ ਵਿਸ਼ਿਆਂ ਨੂੰ ਵੀ ਦਰਸ਼ਕਾਂ ਵਲੋਂ ਕਾਫੀ ਸਰਾਹਿਆ ਗਿਆ ਸੀ।
ਫਿਲਮਾਂ ਤੋਂ ਇਲਾਵਾ ਹੈਰੀ ਭੱਟੀ ਅਣਗਿਣਤ ਪੰਜਾਬੀ ਗੀਤਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਹੈਰੀ ਵਲੋਂ ਡਾਇਰੈਕਟ ਕੀਤੇ ਗਏ ਗੀਤਾਂ ਦੇ ਵਿਸ਼ੇ ਵੀ ਖੂਬਸੂਰਤ ਹੁੰਦੇ ਹਨ। ਹੈਰੀ ਵਲੋਂ ਡਾਇਰੈਕਟ ਕੀਤਾ ਗਿਆ ਪਹਿਲਾ ਗੀਤ ‘ਰਸਟੀਗੇਟ’ ਸੀ, ਜਿਹੜਾ ਵਹਿਲੀ ਜਨਤਾ ਰਿਕਾਰਡਸ ਦੇ ਬੈਨਰ ਹੇਠ ਸਾਲ 2015 ‘ਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਆਵਾਜ਼ ਜਗਦੀਪ ਰੰਧਾਵਾ ਨੇ ਦਿੱਤੀ। ਇਸ ਤੋਂ ਬਾਅਦ ਹਰਦੀਪ ਗਰੇਵਾਲ ਦੀ ਆਵਾਜ਼ ‘ਚ ਹੈਰੀ ਵਲੋਂ ਡਾਇਰੈਕਟ ਗੀਤ ‘ਠੋਕਰ’ ਰਿਲੀਜ਼ ਹੋਇਆ, ਜਿਸ ਦੇ ਕੰਸੈਪਟ ਦੀਆਂ ਅੱਜ ਵੀ ਲੋਕ ਤਾਰੀਫਾਂ ਕਰਦੇ ਹਨ। ਇਹੀ ਨਹੀਂ ਤਰਸੇਮ ਜੱਸੜ ਦੇ ਗੀਤਾਂ ਨੂੰ ਵੀ ਹੈਰੀ ਭੱਟੀ ਹੀ ਡਾਇਰੈਕਟ ਕਰਦੇ ਹਨ।
ਸੁਚੱਜੇ ਤੇ ਸਾਫ-ਸੁਥਰੇ ਕੰਸੈਪਟ ‘ਤੇ ਕੰਮ ਕਰਨਾ ਹੈਰੀ ਭੱਟੀ ਦੀ ਖਾਸੀਅਤ ਹੈ। ‘ਆਟੇ ਦੀ ਚਿੜੀ’ ਵੀ ਇਸੇ ਤਰ੍ਹਾਂ ਦੇ ਵੱਖਰੇ ਕੰਸੈਪਟ ‘ਤੇ ਬਣੀ ਫਿਲਮ ਹੈ, ਜਿਸ ‘ਚ ਬਾਹਰਲੇ ਮੁਲਕਾਂ ‘ਚ ਰਹਿੰਦੇ ਲੋਕਾਂ ਦਾ ਪੰਜਾਬ ਪ੍ਰਤੀ ਪਿਆਰ ਦੇਖਣ ਨੂੰ ਮਿਲੇਗਾ। ।
ਰਾਜੂ ਵਰਮਾ ਦੀ ਲਿਖੀ ਇਸ ਫ਼ਿਲਮ ‘ਚ ਦਾਦੇ ਅਤੇ ਪੋਤੇ ਜ਼ਰੀਏ ਪਰਿਵਾਰ ਤੇ ਰਿਸ਼ਤਿਆਂ ‘ਚ ਵੱਧ ਰਹੇ ਫ਼ਾਸਲੇ ਦੇ ਦਰਦ ਨੂੰ ਦਿਖਾਇਆ ਗਿਆ ਹੈ। ਫਿਲਮ ‘ਚ ਅੰਮ੍ਰਿਤ ਮਾਨ, ਨੀਰੂ ਬਾਜਵਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਤੇ ਨਿਸ਼ਾ ਬਾਨੋ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਹਨ, ਜਦਕਿ ਕੋ-ਪ੍ਰੋਡਿਊਸਰ ਜੀ. ਆਰ. ਐੱਸ. ਚੀਨਾ ਹਨ।