’25 ਕਿੱਲੇ’ ਨਿਰਦੇਸ਼ਕ ਸਿਮਰਜੀਤ ਸਿੰਘ ਹੁੰਦਲ ਦੀ ਤੀਜੀ ਪੰਜਾਬੀ ਫ਼ਿਲਮ ਹੈ। ਹੁੰਦਲ ਇਮਾਨਦਾਰ ਤੇ ਸੁਲਝਿਆ ਹੋਇਆ ਨਿਰਦੇਸ਼ਕ ਹੈ। ਸੀਨ• ਦੀ ਵਿਉਂਤਬੰਦੀ ਤੇ ਟੇਕਿੰਗ ਦੀ ਉਸ ਨੂੰ ਖੂਬ ਸਮਝ ਹੈ। ’25 ਕਿੱਲੇ’ ਦੇਖਦਿਆਂ ਇਹ ਗੱਲ ਸਾਬਤ ਵੀ ਹੁੰਦੀ ਹੈ। ਇਸ ਫ਼ਿਲਮ ਦੀ ਡਾਇਰੈਕਸ਼ਨ ਦੇ ਨਾਲ ਨਾਲ ਕਹਾਣੀ ਵੀ ਹੁੰਦਲ ਨੇ ਲਿਖੀ ਹੈ। ਫ਼ਿਲਮ ਦਾ ਸਕਰੀਨਪਲੇ ਤੇ ਸੰਵਾਦ ਸੁਰਮੀਤ ਮਾਵੀ ਤੇ ਹਰੀਸ਼ ਗਾਰਗੀ ਨੇ ਲਿਖੇ ਹਨ।
ਇਹ ਫ਼ਿਲਮ ਪੰਜਾਬੀ ਸਿਨਮੇ ਨੂੰ ਵਾਪਸ ਜੱਟ, ਜ਼ਮੀਨ ਤੇ ਸ਼ਰੀਕੇਬਾਜ਼ੀ ਨਾਲ ਜੋੜਦੀ ਹੈ। ਪੁਰਾਤਨ ਸਿਨਮੇ ਦੇ ਦੋ ਦਿੱਗਜ ਅਦਾਕਾਰ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਲੰਮੇ ਸਮੇਂ ਬਾਅਦ ਇੱਕਠੇ ਕਿਸੇ ਪੰਜਾਬੀ ਫ਼ਿਲਮ ‘ਚ ਨਜ਼ਰ ਅਏ ਹਨ। ਇਹਨਾਂ ਤੋਂ ਇਲਾਵਾ ਫ਼ਿਲਮ ‘ਚ ਜਿੰਮੀ ਸ਼ਰਮਾ, ਲਖਵਿੰਦਰ ਸਿੰਘ, ਰਾਂਝਾ ਵਿਕਰਮ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਸਰਦਾਰ ਸੋਹੀ, ਹੌਬੀ ਧਾਲੀਵਾਲ, ਦਲਵਿੰਦਰ, ਸੋਨੀਆ ਮਾਨ, ਸੰਦੀਪ ਮੱਲੀ, ਸਪਨਾ ਬੱਸੀ ਤੇ ਰਜਨੀਤ ਕੌਰ ਅਹਿਮ ਭੂਮਿਕਾ ‘ਚ ਹਨ। ਫ਼ਿਲਮ ਮੁਤਾਬਕ ਚਾਰ ਭਰਾ ਗੁੱਗੂ ਗਿੱਲ, ਰਾਂਝਾ, ਲਖਵਿੰਦਰ ਤੇ ਜਿੰਮੀ ਆਪਣੀ ਜ਼ਿੰਦਗੀ ਜਿਓ ਰਹੇ ਹਨ। ਅਚਾਨਕ ਉਹਨਾਂ ਨੂੰ ਪਤਾ ਲੱਗਦੈ ਕਿ ਉਹਨਾਂ ਦੇ ਪਿਤਾ ਦੀ 25 ਕਿੱਲੇ ਜ਼ਮੀਨ ਸੀ, ਜਿਸ ਨੂੰ ਉਹਨਾਂ ਦਾ ਮਾਮਾ ਯੋਗਰਾਜ ਸਿੰਘ ਤੇ ਉਸ ਦੇ ਭਰਾ ਵਾਹ ਰਹੇ ਹਨ। ਕਈ ਸਾਲ ਪਹਿਲਾਂ ਉਹਨਾਂ ਦੇ ਪਿਤਾ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ, ਜਿਸ ਤੋਂ ਬਅਦ ਉਸ ਦੇ ਮਾਮਿਆਂ ਨੇ ਉਹਨਾਂ ਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਸੀ ਤੇ ਬਾਅਦ ‘ਚ ਉਹਨਾਂ ਦੇ ਬਾਪ ਨੂੰ ਮਾਰ ਦਿੱਤਾ ਸੀ। ਉਸ ਤੋਂ ਬਾਅਦ ਸਾਰੀ ਲੜਾਈ ਮਾਮਿਆਂ ਤੋਂ ਇਹ ਜ਼ਮੀਨ ਵਾਪਸ ਲੈਣ ਦੀ ਹੈ। ਫ਼ਿਲਮ ਦੀ ਕਹਾਣੀ ਸੋਹਣੀ ਹੈ, ਪਰ ਇਸ ਨੂੰ ਸੋਹਣੀ ਰਹਿਣ ਨਹੀਂ ਦਿੱਤਾ ਗਿਆ। ਕਿਤੇ ਡਾਇਰੈਕਸ਼ਨ ‘ਚ ਗੜਬੜ, ਕਿਸੇ ਸਕਰੀਨਪਲੇ ‘ਚ ਤੇ ਕਿਤੇ ਚਾਰੋਂ ਭਰਾਵਾਂ ‘ਚੋਂ ਇਕ ਭਰਾ ਰਾਂਝਾ ਵਿਕਰਮ ਸਿੰਘ ਨੂੰ ਉਭਾਰਨ ਦੇ ਚੱਕਰ ‘ਚ ਸਕਰੀਨਪਲੇ ਨੂੰ ਦਿੱਤਾ ਗਿਆ ਮੋੜ, ਫ਼ਿਲਮ ਦਾ ਨਕਸ਼ਾ ਵਿਗਾੜਦਾ ਹੈ। ਫ਼ਿਲਮ ਦੀ ਸ਼ੁਰੂਆਤ ‘ਚ ਚਾਰਾਂ ਭਰਾਵਾਂ ਦੀ ਇੰਟਰੋਡਕਸ਼ਨ ਹੈ ਤੇ ਫਿਰ ਅਚਾਨਕ ਜ਼ਮੀਨ ਦਾ ਪਤਾ ਲੱਗਦਾ ਹੈ। ਪਹਿਲੇ ਹਾਫ਼ ‘ਚ ਹੀ ਏਨਾ ਲਟਕਾਅ ਹੈ ਕਿ ਮੁੱਦੇ ‘ਤੇ ਆਉਂਦਿਆਂ ਤੱਕ ਕਾਫੀ ਸਮਾਂ ਲੰਘ ਜਾਂਦਾ ਹੈ। ਫ਼ਿਲਮ ਦੀ ਕਹਾਣੀ ਆਪਣੇ ਮੰਤਵ ਵੱਲ ਵੱਧਦੀ ਹੈ, ਪਰ ਵਾਰ ਵਾਰ ਸਬ ਪਲਾਟ ਦੇ ਤੌਰ ‘ਤੇ ਪੇਸ਼ ਹੁੰਦਾ ਹੈ ‘ਭਲਵਾਨ’ ਦਾ ਪਿਆਰ ਕਹਾਣੀ ਨੂੰ ਤੋੜਦਾ ਹੈ। ਜਿੰਮੀ ਸ਼ਰਮਾ ਦਾ ਕਾਲਜ ਰੁਮਾਂਸ ਵੀ ਘਸ ਚੁੱਕੀਆਂ ਪੁਰਾਣੀਆਂ ਫ਼ਿਲਮਾਂ ਵਾਲਾ। ਅੱਛਾ ਇਕ ਗੱਲ ਸਮਝ ਨਹੀਂ ਆਉਂਦੀ ਵਿਦੇਸ਼ ਤੋਂ ਛੋਟਾ ਜਿਹਾ ਕੈਮਰਾ ਚੁੱਕ ਕੇ ਹਮੇਸ਼ਾ ਹੀਰੋਇਨ ਪੰਜਾਬ ਕੱਲੀ ਡਾਕੂਮੈਂਟਰੀ ਬਣਾਉਣ ਹੀ ਕਿਉਂ ਆਉਂਦੀ ਹੈ। ਆਉਂਦੀ ਤਾਂ ਆਉਂਦੀ ਹੈ ਉਸ ਨੂੰ ਹਰ ਵਾਰ ਪਿੰਡ ਦੇ ਕਿਸੇ ਵਿਹਲੜ ਤੇ ਦੇਸੀ ਨੌਜਵਾਨ ਨਾਲ ਹੀ ਕਿਉਂ ਪਿਆਰ ਹੁੰਦਾ ਹੈ। ਉਹ ਆਪਣਾ ਸਾਰਾ ਸਮਾਂ ਇਕੋ ਪਿੰਡ, ਇਕ ਨੌਜਵਾਨ ਦੇ ਇਰਧ ਗਿਰਧ ਰਹਿ ਕੇ ਐਸੀ ਕਿਹੜੀ ਡਾਕੂਮੈਂਟਰੀ ਬਣਾਉਂਦੀ ਹੈ। ਉਹ ਵੀਰੋ ਦੁਨੀਆਂ ਤਰੱਕੀ ਕਰ ਰਹੀ ਹੈ। ਤੁਸੀਂ ਵੀ ਉਪਰ ਉਠ ਜੋ ਇਹਨਾਂ ਚਾਲੂ ਫਾਰਮੂਲਿਆਂ ਤੋਂ। ਹੋਰ ਨਹੀਂ ਤਾਂ ਕੁੜੀ ਦੇ ਹੱਥ ਵਿਚਲਾ ਕੈਮਰਾ ਹੀ ਬਦਲਦੋ, ਉਹੀ 10 ਸਾਲ ਪਹਿਲਾਂ ਵਾਲਾ ਕੈਮਰਾ। ਅਜਿਹੇ ਕੈਮਰੇ ਹੁਣ ਕਬਾੜ ‘ਚ ਵੀ ਨਹੀਂ ਕੋਈ ਲੈਂਦਾ। ਮਤਲਬ ਸਿਨੇਮਾ ਤਰੱਕੀ ਕਰ ਰਿਹਾ ਹੈ, ਪਰ ਅਸੀਂ ਨਹੀਂ।
ਫ਼ਿਲਮ ਤੋਂ ਪਹਿਲਾਂ ਗੁੱਗੂ ਗਿੱਲ ਤੇ ਯੋਗਰਾਜ ਦੀ ਜੋੜੀ ਦਾ ਖੂਬ ਪ੍ਰਚਾਰ ਕੀਤਾ ਗਿਆ ਸੀ, ਪਰ ਫ਼ਿਲਮ ‘ਚ ਇਹਨਾਂ ਦੋਵਾਂ ਕਾਬਲ ਅਦਾਕਾਰਾਂ ਤੋਂ ਕੰਮ ਹੀ ਨਹੀਂ ਲਿਆ ਗਿਆ। ਫ਼ਿਲਮ ‘ਚ ਕਿਤੇ ਵੀ ਦੋਵਾਂ ਦਾ ਸਿੱਧਾ ਟਕਰਾਅ ਨਹੀਂ ਹੈ। ਗੁੱਗੂ ਗਿੱਲ ਵੱਡਾ ਭਰਾ ਹੈ, ਪਰ ਮਰਜ਼ੀ ਛੋਟਾ ਚਲਾ ਰਿਹਾ ਹੈ। ਫ਼ਿਲਮ ਦੇ ਕਲਾਈਮੈਕਸ ‘ਚ ਯੋਗਰਾਜ ਨੂੰ ਛੋਟਾ ਭਰਾ ਭਲਵਾਨ ਕੁੱਟ ਰਿਹਾ ਹੈ। ਜਿਥੇ ਕਿ ਇਹ ਲੜਾਈ ਵੱਡੇ ਭਰਾ ਗੁੱਗੂ ਗਿੱਲ ਤੇ ਯੋਗਰਾਜ ਦਰਮਿਆਨ ਚਾਹੀਦੀ ਸੀ, ਪਰ ਛੋਟਾ ਭਰਾ ਭਲਵਾਨ ਉਰਫ ਰਾਂਝਾ ਵਿਕਰਮ ਸਿੰਘ ਫ਼ਿਲਮ ਦਾ ਪ੍ਰੋਡਿਊਸਰ ਵੀ ਹੈ, ਸੋ ਉਸ ਨੇ ਇਸ ਦਾ ਭਰਪੂਰ ਲਾਹਾ ਲਿਆ। ਅਜਿਹਾ ਕਰਕੇ ਉਹ ਹੀਰੋ ਤਾਂ ਸਾਬਤ ਨਹੀਂ ਹੋਇਆ, ਪਰ ਫ਼ਿਲਮ ਦਾ ਜ਼ਰੂਰ ਨੁਕਸਾਨ ਕਰ ਲਿਆ। ਫ਼ਿਲਮ ਦਾ ਪਹਿਲਾ ਗੀਤ ਵਾਹ Àਏ ਰੱਬਾ ਮੇਰਿਆ, ਵਧੀਆ ਹੈ ਤੇ ਫ਼ਿਲਮ ਲਈ ਢੁਕਵਾਂ ਵੀ। ਪਰ ਉਸ ਤੋਂ ਬਾਅਦ ਕੋਈ ਵੀ ਗੀਤ ਫ਼ਿਲਮ ਦੇ ਵਿਸ਼ੇ ਮੁਤਾਬਕ ਕੋਈ ਅਹਿਮੀਅਤ ਨਹੀਂ ਰੱਖਦਾ। ਰਾਂਝਾ ਵਿਕਰਮ ਸਿੰਘ ਨੂੰ ਬਹੁਤ ਮਿਹਨਤ ਦੀ ਲੋੜ ਹੈ। ਉਹ ਪੰਜਾਬੀਆਂ ਦਾ ਹੀਰੋ ਬਣਨ ਆਇਆ ਹੈ। ਇਸ ਲਈ ਉਸ ਨੂੰ ਪੰਜਾਬੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਫਿਲਮਾਂ ਦੇ ਨਾਲ ਨਾਲ ਅਦਾਕਾਰੀ ਨਾਲ ਨੇੜਤਾ ਕਾਇਮ ਕਰਨੀ ਪਵੇਗੀ। ਫ਼ਿਲਮ ਦੇ ਦੋ ਬਾਕੀ ਅਦਾਕਾਰ ਜਿੰਮੀ ਸ਼ਰਮਾ ਤੇ ਲਖਵਿੰਦਰ ਦੋਵੇਂ ਜਣੇ ਆਪਣੇ ਕਿਰਦਾਰ ‘ਚ ਜਚੇ ਹਨ, ਤੇ ਦੇਵੋਂ ਵਧੀਆ ਕਲਾਕਾਰ ਹਨ। ਕੋਰਟ ਰੂਮ ਦੇ ਡਰਾਮੇ ‘ਚ ਦਲਵਿੰਦਰ ਤੇ ਸੰਦੀਪ ਮੱਲੀ ਨੇ ਖੁਦ ਨੂੰ ਸਾਬਤ ਕੀਤਾ ਹੈ। ਦੋਵੇਂ ਜਣੇ ਵਧੀਆ ਅਦਾਕਾਰ ਹੈ ਤੇ ਦੋਵਾਂ ਨੇ ਵਕੀਲ ਦੇ ਕਿਰਦਾਰ ਲਈ ਪੂਰੀ ਤਿਆਰ ਕੀਤੀ ਜਾਪਦੀ ਹੈ। ਕੋਰਟ ਰੂਮ ਦੇ ਡਰਾਮੇ ਨੂੰ ਲੇਖਕ ਨੇ ਲਿਖਿਆ ਵੀ ਵਧੀਆ ਢੰਗ ਨਾਲ ਹੈ। ਫ਼ਿਲਮ ਦੀ ਹੀਰੋਇਨ ਸੋਨੀਆ ਮਾਨ ਹੈ ਪਰ ਹਰ ਫ਼ਿਲਮ ‘ਚ ਉਹ ਉਭਰਕੇ ਸਾਹਮਣੇ ਨਹੀਂ ਆ ਪਾਉਂਦੀ। ਇਸ ਫ਼ਿਲਮ ‘ਚ ਵੀ ਅਜਿਹਾ ਹੋਇਆ ਹੈ। ਫ਼ਿਲਮ ਦੀ ਹੀਰੋਇਨ ਹੁੰਦਿਆਂ ਹੋਇਆ ਵੀ ਉਹ ਹੀਰੋਇਨ ਨਹੀਂ ਲੱਗਦੀ। ਜੇ ਉਹ ਭਵਿੱਖ ‘ਚ ਵਧੀਆ ਹੀਰੋਇਨ ਸਾਬਤ ਹੋਣਾ ਚਾਹੁੰਦੀ ਹੈ ਤਾਂ ਉਸ ਨੂੰ ਅੱਗੇ ਤੋਂ ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਆਪਣੇ ਕਿਰਦਾਰ ਦੀ ਮਹੱਤਤਾ ਜ਼ਰੂਰ ਸਮਝਣੀ ਚਾਹੀਦੀ ਹੈ। ਸਰਦਾਰ ਸੋਹੀ ਤੇ ਹੋਬੀ ਧਾਲੀਵਾਲ ਦਾ ਕੰਮ ਵਧੀਆ ਹੈ। ਦਿਲਾਵਰ ਸਿੱਧੂ ਦਾ ਕਿਰਦਾਰ ਧੱਕੇ ਨਾਲ ਘੜਿਆ ਗਿਆ ਜਾਪਦਾ ਹੈ। ਕੁੱਲ ਮਿਲਾ ਕੇ ਇਕ ਵਧੀਆ ਵਿਸ਼ੇ ਨੂੰ ਵਿੱਤੀ ਮਜ਼ਬੂਰੀਆਂ ਤਹਿਤ ਹੋਏ ਸਮਝੌਤਿਆ ਨੇ ਵਿਅਰਥ ਕਰ ਦਿੱਤਾ ਹੈ। ਇਸ ਦੇ ਬਾਵਜੂਦ ਇਹ ਫ਼ਿਲਮ ਬੁਰੀ ਨਹੀਂ ਕਹੀ ਜਾ ਸਕਦੀ, ਪਰ ਹਾਂ ਜਿਸ ਤਰੀਕੇ ਨਾਲ ਇਹ ਫ਼ਿਲਮ ਉਪਰ ਉਠ ਸਕਦੀ ਸੀ, ਉਹ ਨਹੀਂ ਉਠ ਸਕੀ। ਸਪਨ ਮਨਚੰਦਾ
in Movie Review
’25 ਕਿੱਲੇ’ : ਮਿਲਦਿਆਂ ਮਿਲਦਿਆਂ ਰਹਿ ਗਿਆ ਕਬਜ਼ਾ


