ਪੰਜਾਬੀ ਸੰਗੀਤਕ ਇੰਡਸਟਰੀ ਵਿੱਚ ਆਪਣੀ ਬੁਲੰਦ ਆਵਾਜ਼ ਅਤੇ ਗਾਇਕੀ ਦੀ ਵਿਲੱਖਣ ਸ਼ੈਲੀ ਨਾਲ ਪਛਾਣ ਬਣਾਉਣ ਵਾਲਾ “ਗੁਰਨਾਮ ਭੁੱਲਰ” ਅਜੌਕੇ ਸਮੇਂ ਦੇ ਨਾਮੀਂ ਫਨਕਾਰਾਂ ਦੀ ਲੜੀ ਵਿੱਚ ਸ਼ੁਮਾਰ ਹੈ। ਇਸ ਵੱਡੀ ਕਾਮਯਾਬੀ ਪਿੱਛੇ ਉਸ ਦਾ ਸੰਘਰਸ਼ ਅਤੇ ਮਿਹਨਤ ਦਾ ਵੱਡਾ ਹੱਥ ਹੈ। ਸਾਹਿਤਕ ਮਾਹੌਲ ਵਾਲੇ ਪਰਿਵਾਰ ਨਾਲ ਸਬੰਧਿਤ ਅਤੇ ਬਚਪਨ ਤੋਂ ਹੀ ਸੰਗੀਤਕ ਕਲਾਂ ਨਾਲ ਮੋਹ ਰੱਖਣ ਵਾਲਾ ਇਹ ਅਲਬੇਲਾ ਗਾਇਕ ਜਦ ਕਾਲਜ ਦੀ ਦੁਨੀਆ ਅੰਦਰ ਦਾਖਲ ਹੋਇਆ ਤਾਂ ਉੱਥੋ ਦੇ ਮਾਹੌਲ ਨੇ ਉਸ ਦੀ ਸ਼ੌਕਪੁਣੇ ਵਾਲੀ ਗਾਇਕੀ ਵਿੱਚ ਨਵੀ ਰਵਾਨਗੀ ਪੈਦਾ ਕੀਤੀ। ਯੂਥ ਫੈਸਟੀਵਲਾਂ ਤੋਂ ਮਿਲੇ ਸਨਮਾਨਾਂ ਨੇ ਉਸਦੇ ਹੌਸਲੇ ਨੂੰ ਦੁੱਗਣਾ ਕੀਤਾ। ਆਪਣੀ ਕਲਾ ਨੂੰ ਕਿਸੇ ਮੁਕਾਮ ‘ਤੇ ਲਿਜਾਣ ਦੀ ਤਾਂਘ ਦੇ ਚਲਦਿਆਂ ਉਹ ਕਈ ਰਿਆਇਲਟੀ ਸ਼ੋਅਜ ਦਾ ਹਿੱਸਾ ਵੀ ਬਣਿਆ। ਆਪਣੇ ਵੱਖਰੇ ਅੰਦਾਜ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਦਿਆਂ ਉਹ ‘“ਆਵਾਜ਼ ਪੰਜਾਬ ਦੀ ਸ਼ੀਜਨ 5’” ਦਾ ਜੇਤੂ ਬਣਿਆ। ਇਸ ਖਿਤਾਬ ਨੇ ਉਸਦੇ ਅੰਦਰ ਇੱਕ ਵੱਖਰਾ ਹੀ ਜਨੂੰਨ ਪੈਦਾ ਕੀਤਾ, ਜਿਸਦੀ ਬਦੌਲਤ ਉਸਨੇ 2014 ਵਿੱਚ ਆਪਣੀ ਪਹਿਲੀ ਐਲਬਮ “’ਹੀਰ ਜਿਹੀਆਂ ਕੁੜੀਆਂ”’ ਸਰੋਤਿਆਂ ਦੇ ਸਨਮੁੱਖ ਕੀਤੀ। ਇਸ ਟੇਪ ਦਾ ਟਾਟੀਟਲ ਗੀਤ ਬੇਹੱਦ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਲਗਾਤਾਰ ਇਸ ਕਿੱਤੇ ਵਿੱਚ ਸਰਗਰਮੀ ਦਿਖਾਉਦਿਆਂ ਉਸਨੇ ‘ਜੱਸ ਰਿਕਾਰਡਜ’ ਦੇ ਜਸਵੀਰਪਾਲ ਸਿੰਘ ਦੇ ਅਣਮੁੱਲੇ ਸਾਥ ਨਾਲ ਆਪਣਾ ਸਿੰਗਲ ਟਰੈਕ “’ਰੱਖ ਲੀ ਪਿਆਰ ਨਾਲ’ ” ਨਾਲ ਰਿਲੀਜ਼ ਕੀਤਾ।ਇਸ ਗੀਤ ਦੀ ਸਫਲਤਾ ਨੇ ਉਸਦੀ ਗਾਇਕੀ ਨੂੰ ਅਸਲ ਰੂਪ ਵਿੱਚ ਵੱਡਾ ਹੁੰਗਾਰਾ ਦਿੱਤਾ। ਇਹ ਗੀਤ ਨੌਜਵਾਨ ਵਰਗ ‘ਚ ਖੂਬ ਪ੍ਰਚਲਿਤ ਹੋਇਆ। ਇਸ ਤੋਂ ਪਿੱਛੋ ਆਏ ਉਸਦੇ ਗੀਤ ਸ਼ਨੀਵਾਰ, ਵਿਨੀਪੈਗ, ਸਾਡੇ ਆਲੇ, ਜਿੰਨਾ ਤੇਰਾ ਮੈਂ ਕਰਦੀ, ਪਹੁੰਚ, ਮੁਲਾਕਾਤ ਅਤੇ ਅਣਖ ਸਾਰੇ ਹੀ ਖੂਬ ਚਰਚਾ ਵਿੱਚ ਰਹੇ। ਵਿੱਕੀ ਧਾਲੀਵਾਲ ਦੇ ਲਿਖੇ ਗੀਤ ‘ਡਾਇਮੰਡ’ ਨੇ ਉਸ ਨੂੰ ਰਾਤੋਂ ਰਾਤ ਨਾਮੀਂ ਗਾਇਕਾਂ ਦੀ ਕਤਾਰ ‘ਚ ਖੜ•ਾ ਕਰ ਦਿੱਤਾ। ਹੁਣ ਉਸਦੀ ਗਾਇਕੀ ਦੀ ਡਿਮਾਂਡ ਦੇਸ਼ ਹੀ ਨਹੀ ਬਲਕਿ ਵਿਦੇਸ਼ਾਂ ‘ਚ ਵੀ ਹੈ। ਗੁਰਨਾਮ ਨੇ ਪਲੇਅਬੈਕ ਸਿੰਗਰ ਵਜੋਂ ਵੀ ਖੂਬ ਨਿਮਾਣਾ ਖੱਟਿਆ ਹੈ। ਕੁੜਮਾਈਆਂ, ਕਿਸਮਤ, ਅਫ਼ਸਰ ਅਤੇ ਰੰਗ ਪੰਜਾਬ ਫ਼ਿਲਮ ਲਈ ਉਸ ਵੱਲੋਂ ਗਾਏ ਗੀਤ ਖੂਬ ਸੁਣੇ ਜਾ ਰਹੇ ਹਨ।

ਪੰਜਾਬੀ ਦੇ ਬਾਕੀ ਗਾਇਕਾਂ ਵਾਂਗ ਉਹ ਵੀ ਹੁਣ ਫ਼ਿਲਮ ਅਦਾਕਾਰੀ ਵੱਲ ਆਇਆ ਹੈ। ਇਸ ਵੇਲੇ ਉਸਦੀਆਂ ਦੋ ਪੰਜਾਬੀ ਫ਼ਿਲਮਾਂ ‘ਵਲੈਤੀ ਯੰਤਰ’ ਅਤੇ ‘ਗੁੱਡੀਆਂ ਪਟੋਲੇ’ ਦੀ ਸ਼ੂਟਿੰਗ ਚੱਲ ਰਹੀ ਹੈ। ਵਲੈਤੀ ਯੰਤਰ ਨੂੰ ਨੌਜਵਾਨ ਫ਼ਿਲਮ ਨਿਰਦੇਸ਼ਕ ਰਣਜੀਤ ਬੱਲ ਨਿਰਦੇਸ਼ਤ ਕਰ ਰਿਹਾ ਹੈ। ਇਹ ਫ਼ਿਲਮ ‘ਦਾਜ’ ਵਰਗੀ ਸਮਾਜਿਕ ਅਲਾਮਤ ‘ਤੇ ਅਧਾਰਿਤ ਹੈ। ਕਰੀਬ ਦੋ ਦਹਾਕੇ ਪਹਿਲਾਂ ਦੇ ਮਾਹੌਲ ‘ਤੇ ਅਧਾਰਿਤ ਇਸ ਫਿਲਮ ਵਿੱਚ ਉਹ ਅਵਤਾਰ ਸਿੰਘ ਨਾਮ ਦੇ ਸਰਕਾਰੀ ਮਾਸਟਰ ਦਾ ਕਿਰਦਾਰ ਨਿਭਾ ਰਿਹਾ ਹੈ। ਉਸਦੇ ਦੂਜੀ ਫ਼ਿਲਮ ‘ਗੁੱਡੀਆ ਪਟੇਲੇ’ ਦਾ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਹੈ। ਐਮੀ ਵਿਰਕ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੱਧੂ ਦੇ ਲਿਖੀ ਹੈ। ਫ਼ਿਲਮ ਦੀ ਹੀਰੋਇਨ ਸੋਨਮ ਬਾਜਵਾ ਹੈ। ਇਹ ਫ਼ਿਲਮ 8 ਮਾਰਚ ਨੂੰ ਰਿਲੀਜ ਹੋਣੀ ਹੈ। ਇਸ ਤੋਂ ਇਲਾਵਾ ਵੀ ਉਹ ਦੋ ਹੋਰ ਪੰਜਾਬੀ ਫ਼ਿਲਮਾਂ ਲਈ ਕੰਮ ਕਰ ਰਿਹਾ ਹੈ। ਇਸ ਵੇਲੇ ਉਹ ਗਾਇਕੀ ਦੇ ਨਾਲ ਨਾਲ ਫ਼ਿਲਮ ਇੰਡਸਟਰੀ ‘ਚ ਵੀ ਪੂਰਾ ਸਰਗਰਮ ਹੋ ਗਿਆ ਹੈ।
ਦੀਪ ਸੰਦੀਪ
95013 75047


