25 ਕੁ ਸਾਲ ਪਹਿਲਾਂ ਇਕ ਲਤੀਫ਼ਾ ਬੜਾ ਪ੍ਰਚੱਲਤ ਹੋਇਆ ਸੀ। ਇਕ ਪਿੰਡ ਵਿਚ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਸ਼ੂਟਿੰਗ ਵੇਖਣ ਵਾਲਿਆਂ ਦੀ ਭੀੜ ਵਿਚ ਇੱਕ ਬਜ਼ੁਰਗ ਵੀ ਖੜਾ ਸੀ। ਹੀਰੋ ਨੂੰ ਵੇਖ ਕੇ ਨਾਲ ਖੜੇ ਬੰਦੇ ਨੂੰ ਪੁੱਛਣ ਲੱਗਾ, ‘ਕਾਕਾ ਆਹ ਮੁੰਡਾ ਕਿੱਥੋਂ ਆ?’ ਬੰਦੇ ਨੇ ਜਵਾਬ ਦਿੱਤਾ ‘ਸਾਹਨੇਵਾਲ ਤੋਂ’। ਤੇI ਫਿਰ ਹੀਰੋਇਨ ਬਾਰੇ ਪੁੱਛਣ ਲੱਗਾ,’ਆਹ ਕੁੜੀ ਕਿੱਥੋਂ ਦੀ ਆ? ਜਵਾਬ ਮਿਲਿਆ ‘ਮਦਰਾਸ ਦੀ’। ਬਜ਼ੁਰਗ ਆਖਣ ਲੱਗਾ ‘ਤਾਹੀਓਂ’। ਫਿਰ ਵਿਲਨ ਬਾਰੇ ਪੁੱਛਣ ਲੱਗਾ, ‘ਆਹ ਬਦਮਾਸ਼ ਜਿਹਾ ਕਿੱਥੋਂ ਦਾ ਹੈ?’ ਬੰਦੇ ਨੇ ਦੱਸਿਆ ਕਿ ਇਹ ਚੰਡੀਗੜ੍ਹ ਦਾ ਹੈ। ਬਜ਼ੁਰਗ ਨੇ ਫਿਰ ਹੈਰਾਨੀ ਜਿਹੀ ਨਾਲ ਨਾਲ ਕਿਹਾ ‘ਤਾਹੀਓਂ’। ਬਾਕੀ ਕਲਾਕਾਰਾਂ ਬਾਰੇ ਜਾਣਕਾਰੀ ਲੈਂਦਿਆਂ ਉਹ ਹਰ ਵਾਰ ‘ਤਾਹੀਓਂ ਤਾਹੀਓਂ’ ਕਹੀ ਕਹੀ ਜਾਏ ਤਾਂ ਬੰਦਾ ਪੁੱਛਣ ਲੱਗਾ, ‘ਬਾਬਾ ਤੂੰ ਹਰ ਵਾਰ ‘ਤਾਹੀਓਂ ਤਾਹੀਓਂ’ ਕੀ ਕਹੀ ਜਾਨਾਂ’। ਬਾਬਾ ਕਹਿਣ ਲੱਗਾ,’ਕਾਕਾ ਮੈਂ ਸੋਚ ਰਿਹਾ ਸੀ ਕਿ ਸਾਰੇ ‘ਕੰਜਰ’ ਇੱਕੋ ਪਿੰਡ ਦੇ ਤਾਂ ਹੋ ਨਹੀਂ ਸਕਦੇ !
‘ਮੈਰਿਜ ਪੈਲੇਸ’ ਫਿਲਮ ਵੇਖ ਕੇ ਮੈਨੂੰ ਇਹ ਪੁਰਾਣਾ ਜੋਕ ਯਾਦ ਆਇਆ ਕਿ ਬਾਬੇ ਦੀ ਕਥਨੀ ਦੇ ਉਲਟ ਪੂਰਾ ਪੰਜਾਬੀ ਸਿਨਮਾ ‘ਕੰਜਰਖਾਨਾ’ ਬਣਨ ਦੇ ਰਾਹ ਤੇ ਤੁਰ ਪਿਆ ਹੈ।
ਫ਼ਿਲਮ ਦੇ ਲੇਖਕ ਰਾਕੇਸ਼ ਧਵਨ ਨੇ ਫਿਲਮ ਵਿਚ ਜਿੰਨੇ ਟੱਬਰ ਵਿਖਾਏ ਗਏ ਹਨ, ਪੂਰੇ ਦੇ ਪੂਰੇ ਇੱਕ ਦੂਜੇ ਤੋਂ ਵੱਧ ਕੇ ‘ਕੰਜਰ’ ਵਿਖਾਏ ਗਏ ਹਨ। ਇੱਕ ਪਰਿਵਾਰ ਜਸਵਿੰਦਰ ਭੱਲੇ ਦਾ ਹੈ। ਲੋਕਾਂ ਦੀਆਂ ਚੁੱਕਾਂ ਕੱਢਦਾ ਹੈ, ਹੱਦ ਦਰਜੇ ਦਾ ਠਰਕੀ ਹੈ, ਆਪਣੇ ਹੀ ਮੁੰਡੇ ਦੇ ਦੋਸਤ ਦੀ ਮਾਂ ਤੇ ਲਾਈਨ ਮਾਰਦਾ ਹੈ। ਮੁੰਡਾ ਸ਼ੈਰੀ ਮਾਨ ਹੈ, ਹੱਦ ਦਰਜੇ ਦਾ ਫੁਕਰਾ ਹੈ। ਹੀਰੋਇਨ ਤੇ ਲਾਈਨ ਮਾਰਦਾ ਹੈ, ਪਿਓ ਭੂਆ ਦੇ ਰਿਸ਼ਤਿਆਂ ਦਾ ਮਜ਼ਾਕ ਉਡਾਉਂਦਾ ਹੈ। ਇੱਕ ਡਾਇਲਾਗ ਹੈ -’ਡੈਡੀ ਦੇਖੀਂ ਭੂਆ ਕਿਵੇਂ ਮੇਲ੍ਹਦੀ ਹੋਈ ਤੇਰੇ ਕੋਲ ਆਉਂਦੀ ਹੈ।’ ਤੇ ਭੂਆ ਅਨੀਤਾ ਦੇਵਗਨ ਦੋਹਾਂ ਦਾ ਸਿਰਾ ਹੈ। ਹੱਦ ਦਰਜੇ ਦੀ ਭੰਡ ! ਹੋਰ ਤਾਂ ਹੋਰ ਉਨ੍ਹਾਂ ਦਾ ਨੌਕਰ ਵੀ ਕਿਸੇ ਕੰਜਰ ਤੋਂ ਘੱਟ ਨਹੀਂ !
‘ਕੰਜਰਾਂ’ ਦਾ ਦੂਜਾ ਟੱਬਰ ਨਿਰਮਲ ਰਿਸ਼ੀ ਤੇ ਹਾਰਬੀ ਸੰਘਾ ਦਾ ਹੈ। ਦੋਹਾਂ ਵਿਚ ਮਾਂ-ਪੁੱਤ ਵਾਲੀ ਕੋਈ ਕਮਿਸਟਰੀ ਨਹੀਂ, ਓਵਰ ਐਕਟਿੰਗ ਹੈ, ਉਹ ਵੀ ਦੋਹਰੇ ਅਰਥਾਂ ਵਾਲੇ ਸੰਵਾਦਾਂ ਦੀ ਭਰਮਾਰ ਨਾਲ।
ਤੀਜਾ ਟੱਬਰ ਬੀ ਐੱਨ ਸ਼ਰਮਾ ਦਾ ਹੈ। ਹੀਰੋਇਨ ਦਾ ਬਾਪ ਹੈ, ਮਿਊਜ਼ਿਕ ਕੈਸਿਟਾਂ ਭਰ ਭਰ ਕੇ ਗੁਜ਼ਾਰਾ ਕਰਦਾ ਹੈ। ਪਰ ਕੁੜੀ ਉਸਦੀ ਹਰ ਸੀਨ ਵਿਚ ਨਵੀਂ ਕੀਮਤੀ ਡਰੈੱਸ ਪਾ ਕੇ ਘੁੰਮਦੀ ਹੈ। ਹੀਰੋਇਨ ਜੁ ਹੋਈ !
ਪਤਨੀ ਰਜਿੰਦਰ ਰੂਪੀ ਇੱਕ ਕੈਸਿਟਾਂ ਦੀ ਦੁਕਾਨ ਚਲਾ ਰਹੇ ਅਨਪੜ੍ਹ ਜਿਹੇ ਵਿਅਕਤੀ ਦੀ ਸਾਧਾਰਣ ਪਤਨੀ ਹੋ ਕੇ ਇਕ ਜਗਾਹ ਡਾਇਲਾਗ ਮਾਰਦੀ ਹੈ – ‘ਤੁਹਾਡੀ ਰੋਜ਼ ਦੀ ਟਰਨ-ਓਵਰ ਲੱਖਾਂ ਦੀ ਨਹੀਂ’। ਲੇਖਕ ਸ਼ਾਇਦ ਭੁੱਲ ਗਿਆ ਕਿ ਉਹ ਇਕ ਪੀਰੀਅਡ ਫਿਲਮ ਦੇ ਡਾਇਲਾਗ ਲਿਖ ਰਿਹਾ ਹੈ।
ਹੋਰ ਤਾਂ ਹੋਰ ਫਿਲਮ ਵਿਚ ਪੁਲਸੀਆਂ ਦੇ ਕਿਰਦਾਰ ਵੀ ਭੰਡਗਿਰੀ ਕਰਦੇ ਵਿਖਾਏ ਗਏ ਹਨ। ਕੋਈ ਕਰੈਕਰ ਚੱਜ ਦਾ ਵੀ ਦਿਖਾ ਦਿੰਦੇ। ਵਿਜੈ ਟੰਡਨ ਦੀ ਐਂਟਰੀ ਤੇ ਲੱਗਿਆ ਕਿ ਸ਼ਾਇਦ ਕੁਝ ਸੰਜੀਦਾ ਦ੍ਰਿਸ਼ ਵੀ ਵੇਖਣ ਨੂੰ ਮਿਲਣਗੇ। ਪਰ ਉਹ ਵੀ ਆਇਆ ਗਿਆ ਹੀ ਹੋ ਗਿਆ। ਜਿਵੇਂ ਉਸ ਵਾਲੇ ਪਾਰ੍ਟ ਟੇ ਕੈਂਚੀ ਚੱਲ ਗਈ ਹੋਵੇ! ਖੈਰ!
ਫਿਲਮ ਦੀ ਕਹਾਣੀ ਵਿਆਹਾਂ ਦੇ ਹੀ ਵਿਸ਼ੇ ਉੱਤੇ ਇਕ ਵਾਹਿਆਤ ਕਹਾਣੀ ਹੈ। ਮੈਰਿਜ ਪੈਲੇਸ ਵਿਚ ਦੋ ਵਿਆਹ ਇੱਕੱਠੇ ਹੋਣ ਉਪਰੰਤ ਲਾੜੀਆਂ ਬਦਲ ਜਾਂਦੀਆਂ ਹਨ ਤੇ ਉਸਤੋਂ ਬਾਅਦ ਲਾੜੀਆਂ ਨੂੰ ਆਪੋ ਆਪਣੇ ਲਾੜਿਆਂ ਕੋਲ ਪਹੁੰਚਾਉਣ ਲਈ ਬੋਰ ਕਰਨ ਵਾਲੀ ਥਰਡ ਕਲਾਸ ਜਿਹੀ ਕਾਮੇਡੀ ਹੈ। ਫਿਲਮ ਦੇ ਡਾਇਰੈਕਟਰ ਅਤੇ ਲੇਖਕ ਨੇ ਦੋਹਰੇ ਅਰਥਾਂ ਵਾਲੇ ਡਾਇਲਾਗ ਵੀ ਖੂਬ ਭਰੇ ਹਨ ਤਾਂ ਜੋ ਕੋਈ ਪਰਿਵਾਰ ਸਮੇਤ ਫਿਲਮ ਵੇਖਣ ਦੀ ਜੁੱਰਤ ਨਾ ਕਰ ਸਕੇ!
ਕਲਾਕਾਰਾਂ ਦੀ ਗੱਲ ਕਰੀਏ ਤਾਂ ਹੀਰੋ ਸ਼ੈਰੀ ਮਾਨ ਵਿੱਚ ਹੀਰੋ ਵਾਲਾ ਕੋਈ ਗੁਣ ਨਹੀਂ ਹੈ। ਨਾ ਹੀ ਪ੍ਰਸਨੈਲਿਟੀ ਤੇ ਨਾ ਐਕਟਿੰਗ ! ਹੀਰੋਇਨ ਪਾਇਲ ਰਾਜਪੂਤ ਵੀ ਆਰਟੀਫਿਸ਼ਲ ਜਿਹੀ ਲਗਦੀ ਹੈ। ਹਾਰਬੀ ਸੰਘਾ ਨੂੰ ਹੀਰੋ ਦੀ ਬਰਾਬਰੀ ਦਾ ਰੋਲ ਦਿੱਤਾ ਗਿਆ ਹੈ। ਲਗਦਾ ਹੈ ਕਿ ਸਿਵਾਏ ਬੇਤੁਕੀ ਓਵਰ ਐਕਟਿੰਗ ਦੇ ਉਸ ਦੇ ਪੱਲੇ ਕੁਝ ਨਹੀਂ ਬਚਿਆ। ਨਿਰਮਲ ਰਿਸ਼ੀ ਉਹੋ ਕੁਝ ਬੇਕਾਰ ਜਿਹਾ ਕਰਦੀ ਹੈ, ਜੋ ਪਿਛਲੀਆਂ 25ਕੁ ਫ਼ਿਲਮਾਂ ਵਿਚ ਵਿਖਾ ਚੁੱਕੀ ਹੈ। ਜਸਵਿੰਦਰ ਭੱਲਾ ਤੇ ਬੀ ਐੱਨ ਸ਼ਰਮਾ ਨੇ ਵੀ ਪਿਛਲੀਆਂ ਫ਼ਿਲਮਾਂ ਵਰਗੇ ਹੀ ਗੁੱਲ ਖਿੜਾਏ ਹਨ । ਅਨੀਤਾ ਦੇਵਗਨ ਵੀ ਓਵਰ ਐਕਟਿੰਗ ਦੀ ਸ਼ਿਕਾਰ ਹੈ। ਨਿਸ਼ਾ ਬਾਨੋ, ਗੁਰਮੀਤ ਸਾਜਨ, ਵਿਜੈ ਟੰਡਨ, ਰੁਪਿੰਦਰ ਰੂਪੀ, ਰਵੀ ਅਨੇਜਾ, ਅਸ਼ੋਕ ਪਾਠਕ, ਉਮੰਗ ਸ਼ਰਮਾ, ਸਿਮਰਨ ਸਹਿਜਪਾਲ ਤੇ ਹੋਰ ਸਾਰੇ ਐਕਟਰ ਸਕ੍ਰਿਪਟ ਦੀ ‘ਕਰੋਪੀ’ ਦੇ ਸ਼ਿਕਾਰ ਹਨ।
ਯੁਵਰਾਜ ਇੰਦੌਰਿਆ ਦਾ ਕੈਮਰਾ ਵਰਕ ਸਾਧਾਰਨ ਹੈ। ਐਡੀਟਿੰਗ ਢਿੱਲੀ ਹੈ।
ਡਾਇਰੈਕਟਰ ਸੁਨੀਲ ਠਾਕੁਰ ਦੀ ਇਹ ਪਹਿਲੀ ਫਿਲਮ ਹੈ। ਬਚਕਾਨਾ ਕੋਸ਼ਿਸ਼ ਹੈ, ਅਜੇ ਕੁਝ ਹੋਰ ਸਮਾਂ ਚੰਗੇ ਡਾਇਰੈਕਟਰਾਂ ਦੀ ਸ਼ਾਗਿਰਦੀ ਕਰਕੇ ਡਾਇਰੈਕਸ਼ਨ ਦੀਆਂ ਬਾਰੀਕੀਆਂ ਸਿੱਖ ਲਵੇ ਤਾਂ ਚੰਗਾ ਹੋਵੇਗਾ ।
ਕੁੱਲ ਮਿਲਾ ਕੇ ‘ਮੈਰਿਜ ਪੈਲੇਸ’ ਫੂਹੜ ਕਿਸਮ ਦੀ ਕਾਮੇਡੀ ਪੇਸ਼ ਕਰਨ ਵਾਲੀ ਘਟੀਆ ਫਿਲਮ ਹੈ!
-ਇਕਬਾਲ ਸਿੰਘ ਚਾਨਾ