ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ ਦਾ ਟਰੱਕ ਡਰਾਈਵਰ’ ਅਗਲੇ ਹਫ਼ਤੇ ਯਾਨੀ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਧੀਰਜ ਰਤਨ ਦੀ ਲਿਖੀ ਅਤੇ ਮੁਸਤਾਕ ਪਾਸ਼ਾ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਵਿੱਚ ਜਿਥੇ ਬੱਬੂ ਮਾਨ ਤੀਹਰੀ ਭੂਮਿਕਾ ‘ਚ ਨਜ਼ਰ ਆਵੇਗ, ਉਥੇ ਇਸ ਫ਼ਿਲਮ ਜ਼ਰੀਏ ਰਾਣਾ ਅਹਲੂਵਾਲੀਆ ਵੀ ਆਪਣੀ ਅਦਾਕਾਰੀ ਦੇ ਰੰਗ ਬਿਖੇਰੇਗਾ। ਇਸ ਫ਼ਿਲਮ ਜ਼ਰੀਏ ਬਤੌਰ ਨਿਰਮਾਤਾ ਅਤੇ ਅਦਾਕਾਰ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਿਹਾ ਰਾਣਾ ਅਹਲੂਵਾਲੀਆ ਕੈਨੇਡਾ ਦੀ ਜਾਣੀ ਪਹਿਚਾਣੀ ਸਖ਼ਸ਼ੀਅਤ ਹੈ। ਰਾਣਾ ਅਹਲੂਵਾਲੀਆ ਦੇ ਨਿੱਜੀ ਬੈਨਰ ਰਾਣਾ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਫ਼ਿਲਮ ‘ਚ ਕੈਨੇਡਾ ਦੀ ਧਰਤੀ ‘ਤੇ ਰਹਿੰਦੇ ਪੰਜਾਬੀਆਂ ਦੇ ਰੰਗ ਵੀ ਦੇਖਣ ਨੂੰ ਮਿਲਣਗੇ।
ਪੰਜਾਬ ਦੇ ਸ਼ਹਿਰ ਜਲੰਧਰ ਤੋਂ ਕਰੀਬ ਢਾਈ ਦਹਾਕੇ ਪਹਿਲਾਂ ਕੈਨੇਡਾ ਗਏ ਰਾਣੇ ਨੇ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਪਿਛਲੇ ਕਰੀਬ 15 ਸਾਲਾਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜਿਆ ਰਾਣਾ ਕੈਨੇਡਾ ‘ਚ ਬੱਬੂ ਮਾਨ ਤੋਂ ਲੈ ਕੇ ਐਮੀ ਵਿਰਕ, ਗਗਨ ਕੋਕਰੀ, ਮਨਕਿਰਤ ਔਲਖ, ਰਣਜੀਤ ਬਾਵਾ , ਮਾਸਟਰ ਸਲੀਮ ਸਮੇਤ ਦਰਜਨ ਤੋਂ ਵੱਧ ਗਾਇਕਾਂ ਦੇ ਸ਼ੋਅ ਕਰਵਾ ਚੁੱਕਾ ਹੈ। ਰਾਣੇ ਦੀ ਕੰਪਨੀ ‘ਦੇਸੀ ਬੀਟ ਰਿਕਾਰਡ’ ਹੁਣ ਤੱਕ ਦਰਜਨ ਤੋਂ ਵੱਧ ਨਵੇਂ ਗਾਇਕਾਂ ਨੂੰ ਪੇਸ਼ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਕੈਨੇਡਾ ‘ਚ ਇਕ ਭੰਗੜਾ ਐਕਡਮੀ ਵੀ ਚਲਾ ਰਹੇ ਹਨ, ਜਿਥੇ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣ ਦਾ ਉਪਰਾਲਾ ਕੀਤਾ ਜਾਂਦਾ ਹੈ।
ਰਾਣੇ ਦਾ ਕਹਿਣਾ ਹੈ ਕਿ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਹੁਣ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਹੋਏ ਹਨ। ਇਹ ਫ਼ਿਲਮ ਉਸ ਦੇ ਨਿੱਜੀ ਬੈਨਰ ‘ਰਾਣਾ ਪ੍ਰੋਡਕਸ਼ਨ’ ਦੀ ਪਹਿਲੀ ਫ਼ਿਲਮ ਹੈ। ਉਹ ਹੁਣ ਹਰ ਸਾਲ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਨਗੇ। ਰਾਣੇ ਨੇ ਦੱਸਿਆ ਕਿ ਭਾਵੇਂ ਉਹ ਬਤੌਰ ਅਦਾਕਾਰ ਕਈ ਕੈਨੈਡੀਅਨ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਪਰ ਬਤੌਰ ਅਦਾਕਾਰ ਇਹ ਉਸ ਦੀ ਪਹਿਲੀ ਫ਼ਿਲਮ ਹੋਵੇਗੀ। ਇਸ ਫ਼ਿਲਮ ‘ਚ ਉਹ ਇਕ ਭ੍ਰਿਸ਼ਟ ਕੈਨੇਡੀਅਨ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾ ਰਿਹਾ ਹੈ। ਨਾਮਵਰ ਫ਼ਿਲਮ ਨਿਰਦੇਸ਼ਕਾ ਦੀਪ ਮਹਿਤਾ ਦੇ ਸਹਾਇਕ ਵਜੋਂ ਕਰ ਚੁੱਕੇ ਰਾਣੇ ਮੁਤਾਬਕ ਦਰਸ਼ਕ ਉਸ ਨੂੰ ਇਸ ਵੱਖਰੇ ਕਿਸਮ ਦੇ ਅਵਤਾਰ ‘ਚ ਪਸੰਦ ਕਰਨਗੇ।
ਉਸ ਮੁਤਾਬਕ ਉਸ ਦਾ ਅਤੇ ਬੱਬੂ ਮਾਨ ਦਾ ਪਰਿਵਾਰ ਟਰੱਕਾਂ ਦੇ ਕਾਰੋਬਾਰ ਨਾਲ ਜੁੜਿਆ ਰਿਹਾ ਹੈ। ਬੱਬੂ ਮਾਨ ਦੇ ਪਿਤਾ ਸਰਦਾਰ ਬਾਬੂ ਸਿੰਘ ਮਾਨ ਨੇ ਕਈ ਸਾਲ ਟਰੱਕ ਚਲਾਇਆ ਵੀ ਹੈ। ਇਸ ਕਰਕੇ ਉਹ ਅਤੇ ਬੱਬੂ ਮਾਨ ਇਸ ਫ਼ਿਲਮ ਨਾਲ ਨਿੱਜੀ ਤੌਰ ‘ਤੇ ਵੀ ਜੁੜੇ ਹੋਏ ਹਨ। ਰਾਣੇ ਮੁਤਾਬਕ ਫ਼ਿਲਮ ਦੇ ਟ੍ਰੇਲਰ ਨੁੰ ਮਿਲੇ ਹੁੰਗਾਰੇ ਤੋਂ ਆਸ ਬੱਝੀ ਹੈ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ।
in News
‘ਬਣਜਾਰਾ’ ਵਿੱਚ ਬੱਬੂ ਮਾਨ ਦਾ ਟਰੱਕ ਰੋਕੇਗਾ ਇਹ ਭ੍ਰਿਸ਼ਟ ਪੁਲਿਸ ਅਫ਼ਸਰ
