ਗਾਇਕ, ਅਦਾਕਾਰ, ਲੇਖਕ ਅਤੇ ਸੰਗੀਤਕਾਰ ਬੱਬੂ ਮਾਨ ‘ਬਾਜ’ ਤੋਂ ਬਾਅਦ ਚਾਰ ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਨਜ਼ਰ ਆਉਂਣਗੇ। ਉਨ•ਾਂ ਦੀ ਫ਼ਿਲਮ ‘ਬਣਜਾਰਾ’ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਉਹ ਤਿੰਨ ਵੱਖ ਵੱਖ ਕਿਰਦਾਰਾਂ ‘ਚ ਨਜ਼ਰ ਆਉਂਣਗੇ। ‘ਰਾਣਾ ਅਹਲੂਵਾਲੀਆ ਪ੍ਰੋਡਕਸ਼ਨ’ ਅਤੇ ‘ਓਹਰੀ ਪ੍ਰੋਡਕਸ਼ਨ’ ਦੀ ਪੇਸ਼ਕਸ਼, ਨਿਰਮਾਤਾ ਰਾਣਾ ਅਹਲੂਵਾਲੀਆ, ਬਾਬੂ ਸਿੰਘ ਮਾਨ ਅਤੇ ਹਰਜੀਤ ਮੰਦਰ ਦੀ ਇਸ ਫ਼ਿਲਮ ਨੂੰ ਨਿਰਦੇਸ਼ਕ ਮੁਸਤਾਕ ਪਾਸ਼ਾ ਨੇ ਕੀਤਾ ਹੈ। ਨਾਮਵਰ ਫ਼ਿਲਮ ਲੇਖਕ ਧੀਰਜ ਰਤਨ ਦੀ ਲਿਖੀ ਅਤੇ ਸੁਰਮੀਤ ਮਾਵੀ ਦੇ ਲਿਖੇ ਡਾਇਲਾਗਾਂ ਵਾਲੀ ਇਸ ਫ਼ਿਲਮ ਵਿੱਚ ਬੱਬੂ ਮਾਨ ਦੇ ਨਾਲ ਰਾਣਾ ਰਣਬੀਰ, ਰਾਣਾ ਅਹਲੂਵਾਲੀਆ, ਸ਼ਰਧਾ ਆਰੀਆ, ਸਾਰਾ ਖੱਤਰੀ ਅਤੇ ਜੀਆ ਮੁਸਤਫ਼ਾ ਨੇ ਅਹਿਮ ਭੂਮਿਕਾ ਨਿਭਾਈ ਹੈ। ਕੈਨੇਡਾ, ਪੰਜਾਬ ਅਤੇ ਰਾਜਸਥਾਨ ‘ਚ ਫ਼ਿਲਮਾਈ ਗਈ ਇਹ ਫ਼ਿਲਮ ਤਿੰਨ ਪੀੜ•ੀਆਂ ਦੀ ਕਹਾਣੀ ਹੈ। ਜਿਸ ‘ਚ ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਤੋਂ ਬਾਅਦ ਅਤੇ ਅਜੌਕੇ ਦੌਰ ਨੂੰ ਦਿਖਾਇਆ ਗਿਆ ਹੈ।

ਬੱਬੂ ਮਾਨ ਇਸ ‘ਚ ਪਹਿਲਾਂ ਦਾਦਾ ਫਿਰ ਪੁੱਤਰ ਅਤੇ ਪੋਤੇ ਦੀ ਭੂਮਿਕਾ ਨਿਭਾ ਰਿਹਾ ਹੈ। ਕਿਸੇ ਫ਼ਿਲਮ ‘ਚ ਇਸ ਤਰ•ਾਂ ਤੀਹਰੀ ਭੂਮਿਕਾ ਨਿਭਾਉਣ ਵਾਲਾ ਬੱਬੂ ਮਾਨ ਪਹਿਲਾ ਪੰਜਾਬੀ ਅਦਾਕਾਰ ਹੈ। ਇਹ ਫ਼ਿਲਮ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਤੋਂ ਸ਼ੁਰੂ ਹੁੰਦੀ ਹੈ ਅਤੇ ਅਜੌਕੇ ਦੌਰ ‘ਤੇ ਸਮਾਪਤ। ਦਰਅਸਲ ਇਹ ਫ਼ਿਲਮ ਇਕ ਟਰੱਕ ਡਰਾਈਵਰ ਦੀ ਯਾਤਰਾ ਦੀ ਕਹਾਣੀ ਹੈ। ਟਰੱਕ ਡਰਾਈਵਰ ਆਪਣੀ ਜ਼ਿੰਦਗੀ ‘ਚ ਸਭ ਤੋਂ ਵੱਧ ਘੁੰਮਦੇ ਹਨ। ਉਨ•ਾਂ ਦਾ ਆਮ ਲੋਕਾਂ ਨਾਲੋਂ ਜ਼ਿੰਦਗੀ ਦਾ ਤਜ਼ਰਬਾ ਵੀ ਜ਼ਿਆਦਾ ਹੁੰਦਾ ਹੈ। ਵੱਖੋਂ ਵੱਖਰੇ ਸੱਭਿਆਚਾਰ ਅਤੇ ਲੋਕਾਂ ‘ਚ ਵਿਚਰਨ ਵਾਲੇ ਟਰੱਕ ਡਰਾਈਵਰ ਦੇ ਜ਼ਰੀਏ ਹੀ ਸਮੁੱਚੀ ਦੁਨੀਆਂ ਦੇ ਦੀਦਾਰ ਕਰਵਾਏ ਗਏ ਹਨ।

ਬੱਬੂ ਮਾਨ ਮੁਤਾਬਕ ਉਸ ਨੂੰ ਅਜਿਹੀਆਂ ਹੀ ਕਹਾਣੀਆਂ ਪਸੰਦ ਹਨ, ਜੋ ਅਸਲ ਜ਼ਿੰਦਗੀ ਦੇ ਨੇੜੇ ਹੋਣ। ਇਸ ਫ਼ਿਲਮ ‘ਚ ਉਸਨੇ ਟਰੱਕ ਡਰਾਈਵਰ ਦੀ ਜ਼ਿੰਦਗੀ ਨੂੰ ਮਾਣਿਆ ਹੈ। ਇਸ ਦੇ ਨਾਲ ਹੀ ਤਿੰਨ ਪੀੜ•ੀਆਂ ਨੂੰ ਜਿਓਣ ਦਾ ਮੌਕਾ ਵੀ ਮਿਲਿਆ ਹੈ। ਫ਼ਿਲਮ ਦੇ ਨਿਰਦੇਸ਼ਕ ਮੁਸਤਾਕ ਪਾਸ਼ਾ ਮੁਤਾਬਕ ਉਸ ਨੇ ਸਾਲ 2005 ਵਿੱਚ ਪਹਿਲੀ ਪੰਜਾਬੀ ਫ਼ਿਲਮ ‘ਮੈਂ ਤੂੰ ਅਸੀਂ ਤੁਸੀਂ’ ਬਣਾਈ ਸੀ। ਇਸ ਫ਼ਿਲਮ ਤੋਂ ਬਾਅਦ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਸੀ। ਉਸਦੀ ਇਹ ਫ਼ਿਲਮ ਉਸਦੀ ਸਭ ਤੋਂ ਅਹਿਮ ਅਤੇ ਖਾਸ ਫ਼ਿਲਮ ਹੈ। ਇਸ ਫ਼ਿਲਮ ਲਈ ਉਸਦੀ ਸਮੁੱਚੀ ਟੀਮ ਨੇ ਬੇਹੱਦ ਮਿਹਨਤ ਕੀਤੀ ਹੈ। ਉਸ ਨੂੰ ਆਸ ਹੈ ਕਿ ਦਰਸ਼ਕ ਇਸ ਵੱਖਰੇ ਕਿਸਮ ਦੀ ਫ਼ਿਲਮ ਨੂੰ ਭਰਪੂਰ ਹੁੰਗਾਰਾ ਦੇਣਗੇ।

in Article
ਬੱਬੂ ਮਾਨ ਦੇ ਤੀਹਰੇ ਕਿਰਦਾਰ ਵਾਲੀ ‘ਬਣਜਾਰਾ’, 7 ਦਸੰਬਰ ਨੂੰ ਹੋਵੇਗੀ ਰਿਲੀਜ਼


