ਕੋਟਕਪੂਰਾ ਦੇ ਗੁਰਦੁਆਰਾ ਬਾਜ਼ਾਰ ‘ਚ ਇਕ ਛੋਟੀ ਜਿਹੀ ਕੱਪੜਿਆਂ ਦੀ ਦੁਕਾਨ ‘ਤੇ ਬੈਠਾ ਇਕ ਨੌਜਵਾਨ ਰੈਡੀਮੇਟ ਕੱਪੜੇ ਵੇਚ ਰਿਹੈ। ਇਹ ਕੰਮ ਉਸ ਦਾ ਸ਼ੌਕ ਨਹੀਂ, ਮਹਿਜ਼ ਰੁਜ਼ਗਾਰ ਹੈ। ਵਕਤ ਚੱਲ ਰਿਹੈ, ਉਹ ਕੱਪੜੇ ਵੇਚ ਰਿਹੈ, ਸੁਪਨੇ ਬੁਣ ਰਿਹਾ ਹੈ। ਅਦਾਕਾਰੀ ਦਾ ਬੇਹੱਦ ਸ਼ੌਕ ਹੈ, ਲਿਖਣ ਦੀ ਸਮਝ ਹੈ, ਸ਼ਬਦਾਂ ਦਾ ਭੰਡਾਰ ਹੈ ਪਰ ‘ਦੁਕਾਨਦਾਰੀ’ ਉਠਣ ਨਹੀਂ ਦੇ ਰਹੀ। ਹੌਲੀ ਹੌਲੀ ਰੰਗਮੰਚ ਵੱਲ ਅਹੁਲਦਾ ਹੈ। ਬੱਚਿਆਂ ਨਾਲ ਥੀਏਟਰ ਸ਼ੁਰੂ ਕਰਦੈ। ਕਈ ਨਾਟਕ ਮਕਬੂਲ ਹੁੰਦੇ ਹਨ। ਲੋਕ ਪਹਿਚਾਨਣ ਲੱਗਦੇ ਹਨ। ਦੁਕਾਨਦਾਰੀ ‘ਚੋਂ ਬਾਹਰ ਆ ਕੇ ਫਿਰ ਉਹ ਇਕ ਕਿਤਾਬ ਲਿਖਦਾ ਹੈ ‘ਰੱਬਾ ਰੱਬਾ ਮੀਂਹ ਵਰਸ•ਾ’। ਉਸ ਵੱਲੋਂ ਖੇਡੇ ਗਏ ਬੱਚਿਆਂ ਦੇ ਨਾਟਕਾਂ ਦੀ ਇਹ ਕਿਤਾਬ ਉਸ ਨੂੰ ‘ਪਰਵਾਜ਼’ ਬਖ਼ਸ਼ਦੀ ਹੈ। ਹੌਸਲਾ ਪੈਂਦਾ ਹੈ ਤਾਂ ਉਹ ਜ਼ਿੰਦਗੀ ‘ਚ ਰਿਸਕ ਲੈਣ ਲਈ ਤਿਆਰ ਹੋ ਜਾਂਦਾ। ਦੁਕਾਨ ਤੋਂ ਉੱਠ ਸੁਪਨਿਆਂ ਦੀ ਮੰਡੀ ਵੱਲ ਵੱਧਦਾ ਹੈ। ਧੱਕੇ, ਠੇਢੇ ਖਾਂਦਿਆਂ ਨੂੰ ਫ਼ਿਲਮ ਲਿਖਣ ਦਾ ਮੌਕਾ ਤੇ ਅਦਾਕਾਰੀ ਕਰਨ ਦਾ ਸੁਭਾਗ ਹਾਸਲ ਹੁੰਦਾ ਹੈ। ਪਹਿਲੀ ਫ਼ਿਲਮ ‘ਚ ਹੀ ਗੁਰਦਾਸ ਮਾਨ ਵਰਗੇ ਫ਼ਨਕਾਰ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ। ‘ਚੱਕ ਜਵਾਨਾਂ’ ਤੋਂ ਬਾਅਦ ਨਿਰਦੇਸ਼ਕ ਮਨਮੋਹਨ ਸਿੰਘ ਨੇ ‘ਇਕ ਕੁੜੀ ਪੰਜਾਬ ਦੀ’ ਵਿੱਚ ਅਹਿਮ ਭੂਮਿਕਾ ਨਿਭਾਉਣਾ ਦਾ ਮੌਕਾ ਦਿੱਤਾ। ਦੋ ਫ਼ਿਲਮਾਂ ਤੋਂ ਬਾਅਦ ਉਹ ਅਦਾਕਾਰ ਤਾਂ ਬਣ ਗਿਆ, ਪਰ ਅੰਦਰਲਾ ਲੇਖਕ ਕਿਥੇ ਟਿਕ ਕੇ ਬੈਠਣ ਦੇਵੇ। ਆਖਰ ਉਹ ਦਿਨ ਵੀ ਆ ਗਿਆ। ਪੰਜਾਬੀ ਫ਼ਿਲਮ ‘ਜੱਟ ਬੁਆਏਜ਼, ਪੁੱਤ ਜੱਟਾਂ ਦੇ’। ਲਿਖਣ ਦਾ ਮੌਕਾ ਮਿਲਿਆ। ਉਸ ਦੀ ਇਸ ਪਲੇਠੀ ਫ਼ਿਲਮ ਨੂੰ ਹੀ ਸਰਬੋਤਮ ਫ਼ਿਲਮ ਦਾ ਐਵਾਰਡ ਮਿਲਦਾ ਹੈ। ਕੱਪੜੇ ਵੇਚਣ ਵਾਲਾ ਉਹ ਨੌਜਵਾਨ ‘ਪ੍ਰਿੰਸਾ’ ਅੱਜ ਪੰਜਾਬੀ ਫ਼ਿਲਮ ਜਗਤ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਵਜੋਂ ਜਾਣਿਆ ਜਾਂਦਾ ਹੈ।
ਪ੍ਰਿੰਸ ਕੰਵਲਜੀਤ ਸਿੰਘ ਅੱਜ ਪੰਜਾਬੀ ਦੇ ਚੋਟੀ ਦੇ ਫ਼ਿਲਮ ਲੇਖਕਾਂ ਵਿੱਚੋਂ ਇਕ ਹੈ। ਉਸ ਦੀ ਅਦਾਕਾਰੀ ਨੇ ਲੱਖਾਂ ਪ੍ਰਸ਼ਸੰਕ ਹਨ। ਪ੍ਰਿੰਸੇ ਮੁਤਾਬਕ ਉਹ ਸਧਾਰਨ ਜਿਹਾ ਬੰਦਾ ਸੀ, ਜ਼ਿੰਦਗੀ ‘ਚ ਕੁਝ ਬਣਨਾ ਚਾਹੁੰਦਾ ਸੀ। ਸੰਘਰਸ਼ ਸ਼ੁਰੂ ਕੀਤਾ, ਮੁਸ਼ਕਲਾ ਦਾ ਸਾਹਮਣਾ ਕੀਤਾ ਤੇ ਹੌਲੀ ਹੌਲੀ ਮੰਜ਼ਿਲ ਦਿਸਣ ਲੱਗ ਗਈ। ਉਹ ਦੱਸਦੈ ਕਿ ਅਦਾਕਾਰੀ ਦੀ ਸ਼ੁਰੂਆਤ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਦੇ ਨਾਟਕ ‘ਨਾਇਕ-ਖਲਨਾਇਕ’ ਤੋਂ ਹੋਈ ਸੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਲੇਖਕ ਵਜੋਂ ਉਸ ਦੇ ਲਿਖੇ ਨਾਟਕ ‘ਚੰਨ ਜਦੋਂ ਜੋਟੀ ਲੱਗਦੈ’, ‘ਰੱਬ ਜੀ ਥੱਲੇ ਆਜੋ’, ‘ਚਿੜੀ ਕੇ ਕਾਂ’, ਅਤੇ ‘ਰੱਬਾ ਰੱਬਾ ਮੀਂਹ ਵਰਸ•ਾ’ ਮਕਬੂਲ ਹੋਏ। ਫ਼ਿਲਮ ਜਗਤ ‘ਚ ਰਸਤਾ ਮਿਲਣ ਤੋਂ ਬਾਅਦ ਉਸ ਨੂੰ ਸਭ ਤੋਂ ਪਹਿਲੀ ਪ੍ਰਸ਼ੰਸਾ ‘ਜੱਟ ਬੁਆਏਜ਼, ਪੁੱਤ ਜੱਟਾਂ ਦੇ ‘ ਵਿਚਲੇ ‘ਜੌਲੀ ਡੌਨ’ ਦੇ ਕਿਰਦਾਰ ਨਾਲ ਮਿਲੀ। ਉਸ ਮਗਰੋਂ ‘ਲੈਦਰ ਲਾਈਫ’ ਲਿਖੀ ਵੀ ਅਤੇ ਉਸ ‘ਚ ਅਦਾਕਾਰੀ ਵੀ ਕੀਤੀ। ‘ਪੱਤਾ ਪੱਤਾ ਸਿੰਘ ਦੇ ਵੈਰੀ’, ‘ਸ਼ਰੀਕ’, ‘ਅਰਦਾਸ’ ਅਤੇ ‘ਵੰਨਸ ਓਪਨ ਇਨ ਅੰਮ੍ਰਿਤਸਰ’ ਵਰਗੀਆਂ ਫ਼ਿਲਮਾਂ ਨੇ ਉਸ ਨੂੰ ਖੂਬ ਪ੍ਰਸਿੱਧੀ ਦਿੱਤੀ।
ਲਗਾਤਾਰ ਕਾਰਜ ਤੇ ਸੰਘਰਸ਼ੀਲ ਪ੍ਰਿੰਸ ਕੰਵਲਜੀਤ ਸਿੰਘ ਅੱਜ ਕੱਲ• ਆਪਣੀ ਫ਼ਿਲਮ ‘ਟੇਸ਼ਨ’ ਨੂੰ ਲੈ ਕੇ ਚਰਚਾ ਵਿੱਚ ਹੈ। ਥੋੜੇ ਦਿਨ ਪਹਿਲਾਂ ਹੀ ਇਸ ਦਾ ਟਰੇਲਰ ਆਇਆ ਹੈ। ਪ੍ਰਿੰਸ ਨੇ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਲਿਖੇ ਹਨ। ਉਸ ਨੇ ਇਸ ‘ਚ ਇਕ ਅਹਿਮ ਕਿਰਦਾਰ ਵੀ ਅਦਾ ਕੀਤਾ ਹੈ। ਪ੍ਰਿੰਸ ਵਾਂਗ ਪ੍ਰਿੰਸ ਦੀਆਂ ਕਹਾਣੀਆਂ ਵੀ ਬੜੀਆਂ ਸਧਾਰਨ ਅਤੇ ਆਮ ਜਨ ਸਮੂਹ ਨਾਲ ਜੁੜੀਆਂ ਹੋਈਆਂ ਹਨ। ਇਹ ਫ਼ਿਲਮ ਵੀ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਦੇ ਸਧਾਰਨ ਜਿਹੇ ਮੁੰਡੇ ਦੀ ਕਹਾਣੀ ਹੈ। 23 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਡਾਇਰੈਕਟ ਸੁਖਬੀਰ ਸਿੰਘ ਨੇ ਕੀਤਾ ਹੈ। ਹੈਪੀ ਰਾਏਕੋਟੀ ਇਸ ਦਾ ਹੀਰੋ ਅਤੇ ਦਿਲਜੋਤ ਹੀਰੋਇਨ ਹੈ। ‘ਰਾਹੁਲ ਪ੍ਰੋਡਕਸ਼ਨ ਅਤੇ ਪਾਰਸ ਜਾਂਗੂ ਫ਼ਿਲਮਜ਼’ ਦੇ ਬੈਨਰ ਹੇਠ ਬਣੀ ਨਿਰਮਾਤਾ ਡੀ ਆਰ ਟੌਕਸ ਅਤੇ ਅਸ਼ੋਕ ਜਾਂਗੂ ਦੀ ਇਹ ਫ਼ਿਲਮ ਪੁਰਾਤਨ ਪਿੰਡਾਂ ਅਤੇ ਅਜੌਕੇ ਸ਼ਹਿਰਾਂ ਨੂੰ ਪਰਦੇ ‘ਤੇ ਰੂਪਮਾਨ ਕਰਦੀ ਹੈ। ਫ਼ਿਲਮ ‘ਚ ਠੇਠ ਪੰਜਾਬੀ ਬੋਲੀ, ਪੁਰਾਤਨ ਪਿੰਡਾਂ ਅਤੇ ਪੰਜਾਬੀ ਸੱਭਿਆਚਾਰ ਦੇ ਦੀਦਾਰ ਕਰਨਗੇ ਨੂੰ ਮਿਲਣਗੇ। ਫ਼ਿਲਮ ‘ਚ ਹੈਪੀ ਰਾਏਕੋਟੀ ਅਤੇ ਦਿਲਜੋਤ ਦੇ ਨਾਲ ਸ਼ਵਿੰਦਰ ਮਾਹਲ, ਯੋਗਰਾਜ ਸਿੰਘ, ਪ੍ਰਿੰਸ ਕੰਵਲਜੀਤ ਸਿੰਘ, ਕਰਮਜੀਤ ਅਨਮੋਲ, ਵਿਰਾਸਤ ਸੰਧੂ, ਅਨੀਤਾ ਦੇਵਗਣ ਅਤੇ ਹਰਿੰਦਰ ਭੁੱਲਰ ਨੇ ਅਹਿਮ ਭੂਮਿਕਾ ਨਿਭਾਈ ਹੈ। ਪ੍ਰਿੰਸ ਮੁਤਾਬਕ ਪੰਜਾਬੀ ਦੀ ਇਹ ਫ਼ਿਲਮ ਠੇਠ ਪੰਜਾਬੀ ਫ਼ਿਲਮ ਹੋਵੇਗੀ, ਜੋ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਉਹਨਾਂ ਨੂੰ ਪੰਜਾਬ ਦੇ ਰੀਤੀ ਰਿਵਾਜਾਂ ਤੋਂ ਵੀ ਜਾਣੂ ਕਰਵਾਏਗੀ। ਇਸ ਫ਼ਿਲਮ ਤੋਂ ਬਾਅਦ ਉਹ ਇਕ ਇਤਿਹਾਸਕ ਫ਼ਿਲਮ ‘ਗਦਰੀ ਯੋਧੇ’ ਲੈ ਕੇ ਅਉਣਗੇ। ਪੰਜਾਬ ਦੇ ਸੂਰਬੀਰਾਂ ਦੀਆਂ ਸ਼ਹਾਦਤਾਂ ਨੂੰ ਪਰਦੇ ‘ਤੇ ਉਤਾਰਦੀ ਇਸ ਫ਼ਿਲਮ ਦੀ ਕਹਾਣੀ ‘ਤੇ ਉਹ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਸਨ। ‘ਟੇਸ਼ਨ’ ਰਿਲੀਜ਼ ਹੁੰਦਿਆਂ ਹੀ ਇਸ ਫ਼ਿਲਮ ਦੇ ਅਗਲੇ ਪੜਾਅ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਪ੍ਰਿੰਸ ਦਾ ਕਹਿਣਾ ਹੈ ਕਿ ਉਹ ਇਸੇ ਤਰ•ਾਂ ਹੀ ਕੁਝ ਵੱਖਰਾ ਕਰਦਾ ਰਹਿਣਾ ਚਾਹੁੰਦਾ ਹੈ। ਇਸ ਲਈ ਉਹ ਹਮੇਸ਼ਾ ਆਪਣੇ ਅਤੀਤ ਨਾਲ ਜੁੜਿਆ ਰਹਿੰਦਾ ਹੈ।
ਸਪਨ ਮਨਚੰਦਾ
95016 33900



