ਇਸ ਸ਼ੁੱਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ”ਊੜਾ ਐੜਾ” ਨੂੰ ਪੰਜਾਬੀ ਦਰਸ਼ਕਾਂ ਵੱਲੋਂ ਰਜ਼ਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ’ ਵੱਲੋਂ ‘ਸਿਤਿਜ਼ ਚੌਧਰੀ ਫ਼ਿਲਮਸਜ਼’ ਤੇ ‘ਨਾਰੇਸ਼ ਕਥੂਰੀਆ ਫ਼ਿਲਮਸਜ਼’ ਨਾਲ ਮਿਲ ਕੇ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਨਾਰੇਸ਼ ਕਥੂਰੀਆ ਨੇ ਲਿਖੀ ਹੈ ਜਦਕਿ ਸਕਰੀਨਪਲੇ ਤੇ ਡਾਇਲਾਗ ਨਾਰੇਸ਼ ਕੂਥਰੀਆ ਤੇ ਸੁਰਮੀਤ ਮਾਂਵੀ ਨੇ ਸਾਂਝੇ ਤੌਰ ‘ਤੇ ਲਿਖਿਆ ਹੈ। ਸਿਤਿਜ ਚੌਧਰੀ ਵੱਲੋਂ ਨਿਰਦੇਸ਼ਤ ਕੀਤੀ ਗਈ ਅਤੇ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਪ੍ਰਤੀ ਦਰਜਨਾਂ ਰੀਵਿਊਜ਼ ਸਾਹਮਣੇ ਆਏ ਹਨ, ਜਿਨ•ਾਂ ‘ਚੋਂ ਅਸੀਂ ਇਕਬਾਲ ਸਿੰਘ ਚਾਨਾ ਦਾ ਇਹ ਰੀਵਿਊ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।
ਬੱਚਿਆਂ ਸਮੇਤ ਵੇਖਣ ਵਾਲੀ ”ਊੜਾ ਐੜਾ”
ਪਰਿਵਾਰਿਕ ਫਿਲਮ !ਬੜੀ ਦੇਰ ਬਾਅਦ ਇਕ ਵਧੀਆ ਨਵੇਕਲੇ ਵਿਸ਼ੇ ਨੂੰ ਲੈ ਕੇ ਬਣਾਈ ਗਈ ਫਿਲਮ ਹੈ ‘ਊੜਾ ਐੜਾ’ ! ਕਾਨਵੈਂਟ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਦੀ ਹੋੜ ਵਿਚ ਆਪਣੀ ਬੋਲੀ ਅਤੇ ਆਪਣੇ ਕਲਚਰ ਤੋਂ ਦੂਰ ਹੋਈ ਜਾਣਾ, ਮਾਤ ਭਾਸ਼ਾ ਬੋਲਣਾ ਆਪਣੀ ਬੇਇੱਜਤੀ ਸਮਝਣਾ ਤੇ ਪੱਛਮੀ ਕਲਚਰ ਵੱਲ ਦੌੜਨ ਦੇ ਪਾਗਲਪਨ ਦੇ ਨਾਲ ਨਾਲ ਇਸੇ ਹੋੜ ਵਿਚ ਸ਼ਾਮਿਲ ਹੋਣ ਲਈ ਇੱਕ ਸਾਧਾਰਨ, ਆਰਥਕ ਪੱਖੋਂ ਕਮਜ਼ੋਰ ਤੇ ਲਾਚਾਰ ਪਰਿਵਾਰ ਦੀਆਂ ਮਜਬੂਰੀਆਂ ਨੂੰ ਫ਼ਿਲਮੀ ਰੂਪ ਦੇਣ ਲਈ ਫਿਲਮ ਦਾ ਲੇਖਕ ਨਰੇਸ਼ ਕਥੂਰੀਆ ਅਤੇ ਡਾਇਰੈਕਟਰ ਸ਼ਿਤਿਜ ਚੌਧਰੀ ਵਧਾਈ ਦੇ ਹੱਕਦਾਰ ਹਨ।
ਇਕ ਸਾਧਾਰਨ ਪੇਂਡੂ ਪਤੀ-ਪਤਨੀ ਗੁਰਨਾਮ ਸਿੰਘ ਤੇ ਮਨਜੀਤ ਕੌਰ ਵੀ ਚਾਹੁੰਦੇ ਹਨ ਕਿ ਪਿੰਡ ਦੇ ਆਮ ਸਕੂਲ ਵਿਚ ਪੜ੍ਹਦਾ ਉਨ੍ਹਾਂ ਦਾ ਬੇਟਾ ਅਮਨ ਸਭ ਤੋਂ ਪ੍ਰਸਿੱਧ ਸਕੂਲ ਵਿਚ ਦਾਖਿਲ ਹੋ ਕੇ ਪੜ੍ਹਾਈ ਲਿਖਾਈ ਕਰ ਕੇ ਇੱਕ ਵੱਡਾ ਅਫਸਰ ਬਣੇ। ਲੇਕਿਨ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਜੱਦੋਜਹਿਦ ਦੇ ਨਾਲ ਨਾਲ ਉਨ੍ਹਾਂ ਨੂੰ ਜਿਸ ਤਰ੍ਹਾਂ ਦੀਆਂ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਗੁਜ਼ਰਨਾ ਪੈਂਦਾ ਹੈ, ਕਿਸ ਤਰ੍ਹਾਂ ਐਜੂਕੇਸ਼ਨ ਮਾਫੀਆ ਉੱਚ-ਸਿੱਖਿਆ ਦੇ ਢਕੌਂਸਲੇ ਹੇਠ ਕਿਵੇਂ ਵਿੱਦਿਆ ਨੂੰ ਲੁੱਟ-ਖਸੁੱਟ ਦਾ ਵਪਾਰ ਬਣਾਈ ਜਾਂਦਾ ਹੈ, ਤੇ ਕਿਸ ਤਰ੍ਹਾਂ ਇਹ ਸਿਸਟਮ ਸਾਡੀ ਮਾਤਭਾਸ਼ਾ ਅਤੇ ਸੰਸਕਾਰਾਂ ਲਈ ਘਾਤਕ ਬਣਦਾ ਜਾ ਰਿਹਾ ਹੈ, ਇਸ ਫਿਲਮ ਦਾ ਮੁੱਖ ਧੁਰਾ ਹੈ। ਪਹਿਲੇ ਪੰਦਰਾਂ ਵੀਹ ਮਿੰਟ ਤਕ ਘੁੱਗੀ, ਬੀ ਐੱਨ ਸ਼ਰਮਾ ਅਤੇ ਕਰਮਜੀਤ ਅਨਮੋਲ ਦੀ ਚੁਟਕਲੇ-ਨੁਮਾ ਕਾਮੇਡੀ ਵੇਖ ਕੇ ਨਿਰਾਸ਼ਾ ਜਿਹੀ ਹੁੰਦੀ ਹੈ ਪਰ ਜਿਓਂ ਹੀ ਫਿਲਮ ਦੀ ਕਹਾਣੀ ਅਸਲ ਮੁੱਦੇ ਵੱਲ ਮੋੜ ਕੱਟਦੀ ਹੈ, ਤਾਂ ਉਸ ਤੋਂ ਬਾਅਦ ਤੁਹਾਨੂੰ ਹਿੱਲਣ ਨਹੀਂ ਦਿੰਦੀ। ਹਾਲਾਂਕਿ ਫਿਲਮ ਮਲਿਆਲਮ ਦੀ ਬਹੁ-ਚਰਚਿਤ ਫਿਲਮ ‘ਸਾਲ੍ਟ ਮੈਂਗੋ ਟ੍ਰੀ’ ਤੇ ਬਾਅਦ ਵਿਚ ਉਸੇ ਦੀ ਹਿੰਦੀ ਰੀਮੇਕ ‘ਹਿੰਦੀ ਮੀਡੀਅਮ’ ਤੋਂ ਪ੍ਰਭਾਵਤ ਹੈ, ਪਰ ਡਾਇਰੈਕਟਰ ਸ਼ਿਤਿਜ ਚੌਧਰੀ ਵਿਸ਼ੇ ਨੂੰ ਪੰਜਾਬੀ ਮਾਹੌਲ ਵਿਚ ਢਾਲਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਹਾਲਾਂਕਿ ਫਿਲਮ ਵਿਚ ਡਰਾਮਾਈ ਝਟਕੇ ਨਹੀਂ ਹਨ, ਫਿਰ ਵੀ ਅੰਤ ਤਕ ਡਾਇਰੈਕਟਰ ਨੇ ਦਰਸ਼ਕ ਦੀ ਨਬਜ਼ ਫੜੀ ਰਾਖੀ ਹੈ। ਫਿਲਮ ਵਿਚ ਦੋ ਤਿੰਨ ਗਾਣੇ ਹੀ ਹਨ। ਹੈਲੋਈਨ ਦੇ ਮੌਕੇ ਵਾਲਾ ਪੰਜਾਬੀ ਗੀਤ ਦਿਲਚਸਪ ਹੈ।
ਕਲਾਕਾਰਾਂ ਵਿਚੋਂ ਗੁਰਨਾਮ ਸਿੰਘ ਦਾ ਕਿਰਦਾਰ ਤਰਸੇਮ ਜੱਸੜ ਨੇ ਬੜੀ ਸਹਿਜਤਾ ਨਾਲ ਵਧੀਆ ਨਿਭਾਇਆ ਹੈ। ਮਨਜੀਤ ਕੌਰ ਦੇ ਰੂਪ ਵਿਚ ਨੀਰੂ ਬਾਜਵਾ ਵੀ ਠੀਕ ਹੈ ਪਰ ਲੱਗਭਗ ਹਰ ਦ੍ਰਿਸ਼ ਵਿਚ ਉਸਦੀ ਬਦਲੀ ਹੋਈ ਡਰੈੱਸ ਤੇ ਕਈ ਜਗਾਹ ਵਾਲਾਂ ਦਾ ਸਟਾਈਲ ਉਸਨੂੰ ਪੇਂਡੂ ਘੱਟ ਤੇ ‘ਕੈਨੇਡੀਅਨ’ ਜਿਹੀ ਜਿਆਦਾ ਦਰਸਾਉਂਦਾ ਹੈ। ਲੇਕਿਨ ਕਾਨਵੈਂਟ ਸਕੂਲ ਦੀ ਕੌਂਸਲਰ ਦੇ ਰੂਪ ਵਿਚ ਪੌਪੀ ਜੱਬਲ ਬਾਜ਼ੀ ਮਾਰ ਗਈ। ਬੜਾ ਹੀ ਵਧੀਆ ਤੇ ਸੁਭਾਵਕ ਕਿਰਦਾਰ ਨਿਭਾਇਆ ਹੈ ਉਸਨੇ। ਅਮਨ ਦੇ ਰੋਲ ਵਿਚ ਅੰਸ਼ ਤੇਜਪਾਲ ਸਮੇਤ ਸਾਰੇ ਬੱਚਿਆਂ ਨੇ ਵਧੀਆ ਐਕਟਿੰਗ ਕੀਤੀ ਹੈ। ਜਿਵੇਂ ਮੈਂ ਉੱਪਰ ਲਿਖਿਆ ਹੈ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਰੁਟੀਨ ਚੁਟਕਲੇਬਾਜ਼ੀ ਦਾ ਸ਼ਿਕਾਰ ਹਨ। ਬੀ ਐੱਨ ਸ਼ਰਮਾ ਦਾ ਕਿਰਦਾਰ ਗੰਭੀਰ ਹੈ, ਜੇ ਉਸਨੂੰ ਤੇ ਉਸਦੀ ਤ੍ਰਾਸਦੀ ਨੂੰ ਕਾਮੇਡੀ ਦਾ ਤੜਕਾ ਨਾ ਵੀ ਲਾਉਂਦੇ ਤਾਂ ਹੋਰ ਚੰਗਾ ਹੁੰਦਾ।
ਪਿਛਲੇ ਸਾਲ ‘ਪੰਜਾਬੀ ਪੜ੍ਹੋ, ਪੰਜਾਬੀ ਬੋਲੋ, ਪੰਜਾਬੀ ਲਿਖੋ’ ਦੇ ਵਿਸ਼ੇ ਨੇ ਸੋਸ਼ਲ ਮੀਡਿਆ ਉੱਤੇ ਇੱਕ ਤੂਫ਼ਾਨ ਲੈ ਆਂਦਾ ਸੀ। ਤੇ ਇਸੇ ਲਹਿਰ ਨੂੰ ਇਹ ਪੰਜਾਬੀ ਫਿਲਮ ਸਿਨੇਮਾ ਸਕਰੀਨ ਰਹੀ ਅੱਗੇ ਵਧਾਉਂਦੀ ਹੈ, ਇਸ ਲਈ ਮੈਂ ਹਰ ਪੰਜਾਬੀ ਨੂੰ ‘ਊੜਾ ਐੜਾ’ ਵੇਖਣ ਦੀ ਪੁਰਜ਼ੋਰ ਸਿਫਾਰਸ਼ ਕਰਦਾ ਹਾਂ। ਫਿਲਮ ਦੇ ਪ੍ਰੋਡਿਊਸਰਾਂ ਦੀਪਕ ਗੁਪਤਾ, ਰੁਪਾਲੀ ਗੁਪਤਾ, ਨਰੇਸ਼ ਕਥੂਰੀਆ ਤੇ ਸ਼ਿਤਿਜ ਚੌਧਰੀ ਨੂੰ ਸਾਲ 2019 ਦੀ ਪਹਿਲੀ ਵਧੀਆ ਫਿਲਮ ਦੇਣ ਲਈ ਬਹੁਤ ਬਹੁਤ ਮੁਬਾਰਕਾਂ ! -ਇਕਬਾਲ ਸਿੰਘ ਚਾਨਾ