ਪਹਿਲਾਂ 30 ਸਤੰਬਰ ਅਤੇ ਹੁਣ 21 ਅਕਤੂਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਦੇਸੀ ਮੁੰਡੇ’ ਤੋਂ ਫ਼ਿਲਮ ਦੀ ਹੀਰੋਇਨ ਈਸ਼ਾ ਰਿੱਖੀ ਪ੍ਰੇਸ਼ਾਨ ਹੈ। ਈਸ਼ਾ ਰਿੱਖੀ ਨਹੀਂ ਚਾਹੁੰਦੀ ਉਸ ਦੀ ਇਹ ਫ਼ਿਲਮ ਰਿਲੀਜ਼ ਹੋਵੇ। ਈਸ਼ਾ ਰਿੱਖੀ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ, ਜੋ ਕਰੀਬ 4 ਸਾਲ ਪਹਿਲਾਂ ਬਣੀ ਸੀ। ਈਸ਼ਾ ਨੂੰ ਇਹ ਫ਼ਿਲਮ ਅਦਾਕਾਰਾ ਗੁਰਲੀਨ ਚੋਪੜਾ ਦੇ ਫ਼ਿਲਮ ਛੱਡ ਜਾਣ ਕਾਰਨ ਮਿਲੀ ਸੀ। ਗੁਰਲੀਨ ਚੋਪੜਾ ਇਹ ਫ਼ਿਲਮ ਅਧੂਰੀ ਛੱਡ ਕੇ ਚਲੀ ਗਈ ਸੀ, ਜਿਸ ਤੋਂ ਬਾਅਦ ਈਸ਼ਾ ਰਿੱਖੀ ਨੂੰ ਇਹ ਫ਼ਿਲਮ ਮਿਲੀ। ਇਹ ਫ਼ਿਲਮ ਕਾਫੀ ਸਮੇਂ ਤੋਂ ਡੱਬੇ ‘ਚ ਸੀ। ਈਸ਼ਾ ਦੀ ਪ੍ਰਦਰਸ਼ਿਤ ਹੋਣ ਵਾਲੀ ਪਹਿਲੀ ਫ਼ਿਲਮ ‘ਜੱਟ ਬੁਆਏਜ਼, ਪੁੱਤ ਜੱਟਾਂ ਦੇ’ ਹੈ। ਹੁਣ ਜਦੋਂ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਈਸ਼ਾ 5 ਦੇ ਕਰੀਬ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਈਸ਼ਾ ਨੂੰ ਡਰ ਹੈ ਕਿਤੇ ਉਸ ਦੀ ਇਹ ਪਹਿਲੀ ਉਸ ਦੀ ਮਿਹਨਤ ‘ਤੇ ਪਾਣੀ ਨਾ ਫੇਰ ਦੇਵੇ। ‘ਦੇਸੀ ਮੁੰਡੇ’ ‘ਚ ਉਸ ਨੇ ਇਕ ਤਾਂ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ ਦੂਜਾ ਇਸ ਫ਼ਿਲਮ ‘ਚ ਉਸ ਦਾ ਕਿਰਦਾਰ ਕੋਈ ਜ਼ਿਆਦਾ ਮਹੱਤਵਪੂਰਨ ਵੀ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਈਸ਼ਾ ਨੇ ਫ਼ਿਲਮ ਦਾ ਪ੍ਰਚਾਰ ਕਰਨ ਤੋਂ ਵੀ ਕੋਰੀ ਨਾਂਹ ਕਰ ਦਿੱਤੀ ਹੈ। ਫ਼ਿਲਮ ਸਬੰਧੀ ਉਸ ਨੇ ਅਜੇ ਤੱਕ ਜਨਤਕ ਤੌਰ ‘ਤੇ ਕੋਈ ਵੀ ਗੱਲ ਨਹੀਂ ਕੀਤੀ। ਪਤਾ ਲੱਗਾ ਹੈ ਕਿ ਈਸ਼ਾ ਰਿੱਖੀ ਇਸ ਫ਼ਿਲਮ ਨੂੰ ਲੈ ਕੇ ਪ੍ਰੇਸ਼ਾਨ ਹੈ। ਉਸ ਨੂੰ ਲੱਗ ਰਿਹਾ ਹੈ ਕਿ ਇਹ ਫ਼ਿਲਮ ਉਸ ਦੀ ਸ਼ਵੀ ਨੂੰ ਖ਼ਰਾਬ ਕਰ ਸਕਦੀ ਹੈ।