fbpx

15 ਲੱਖ ਲੈ ਕੇ ਆ ਰਿਹੈ ਨਿਰਦੇਸ਼ਕ ਮਨਪ੍ਰੀਤ ਬਰਾੜ

Posted on February 8th, 2019 in News

ਨੌਜਵਾਨ ਫ਼ਿਲਮ ਨਿਰਦੇਸ਼ਕ ਮਨਪ੍ਰੀਤ ਬਰਾੜ ਦੀ ਫ਼ਿਲਮ ’15 ਲੱਖ ਕਦੋ ਆਉਂਣਗੇ’ ਦਾ ਪਹਿਲਾ ਪੋਸਟਰ ਰਿਲੀਜ਼ ਹੁੰਦਿਆਂ ਹੀ ਚਰਚਾ ‘ਚ ਆ ਗਿਆ ਹੈ। ਦਰਜਨਾਂ ਪੰਜਾਬੀ ਫ਼ਿਲਮਾਂ ‘ਚ ਸਹਾਇਕ ਅਤੇ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਮਨਪ੍ਰੀਤ ਬਰਾੜ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਮਾਰਚ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਰੌਲਾ ਪੈ ਗਿਆ, ਜੱਜ ਸਿੰਘ ਐਲ ਐਲ ਬੀ ਅਤੇ ਡੰਗਰ ਡਾਕਟਰ ਵਰਗੀਆਂ ਲੀਕ ਤੋਂ ਹਟਵੀਆਂ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾ ਚੁੱਕੇ ਗਰੇਵਾਲ ਇਸ ਫ਼ਿਲਮ ‘ਚ ਵੀ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਂਣਗੇ। ਇਸ ਫ਼ਿਲਮ ਦੇ ਪੋਸਟਰ ਅਤੇ ਟ੍ਰੇਲਰ ਤੋਂ ਇਹ ਸਾਫ਼ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਕਿਸੇ ਸਿਆਸੀ ਫ਼ੈਸਲੇ ‘ਤੇ ਮਜ਼ਹੀਆ ਢੰਗ ਨਾਲ ਟਿੱਪਣੀ ਕਰਦੀ ਹੈ। ਟ੍ਰੇਲਰ ਤੋਂ ਝਲਕਦਾ ਹੈ ਕਿ ਇਹ ਆਮ ਲੋਕਾਂ ਦੀਆਂ ਸਧਰਾਂ ਦੀ ਕਹਾਣੀ ਹੈ, ਜੋ ਹਮੇਸ਼ਾ ਸਿਆਸੀ ਲੋਕਾਂ ਦੇ ਲਾਰਿਆਂ ਦਾ ਸ਼ਿਕਾਰ ਹੁੰਦੇ ਹਨ। ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦੀ ਕਾਫ਼ੀ ਚਰਚਾ ਹੈ। ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਿਤੇ ਇਹ ਫ਼ਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਨਾਲ ਕੀਤੇ ਗਏ ਵਾਅਦੇ ‘ਤੇ ਵਿਅੰਗ ਕੱਸਦੀ ਹੈ। ਇਕ ਗੰਭੀਰ ਸਮਾਜਿਕ ਮੁੱਦੇ ‘ਤੇ ਟਿੱਪਣੀ ਕਰਦੀ ਇਹ ਫ਼ਿਲਮ ਕਾਮੇਡੀ ਭਰਪੂਰ ਜਾਪਦੀ ਹੈ। ਫ਼ਿਲਮ ‘ਚ ਰਵਿੰਦਰ ਗਰੇਵਾਲ ਨਾਲ ਪੂਜਾ ਵਰਮਾ, ਹੌਬੀ ਧਾਲੀਵਾਲ, ਮਲਕੀਤ ਰੌਣੀ, ਯਾਦ ਗਰੇਵਾਲ, ਜਸਵੰਤ ਰਠੋੜ, ਖਿਆਲੀ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ ਅਤੇ ਅਜੇ ਜੇਠੀ ਅਹਿਮ ਭੂਮਿਕਾ ‘ਚ ਦਿਖਾਈ ਦੇਣਗੇ। ਸੁਰਮੀਤ ਮਾਵੀ ਵੱਲੋਂ ਲਿਖੇ ਸਕਰੀਨਪਲੇ ‘ਤੇ ਅਧਾਰਿਤ ਇਸ ਫ਼ਿਲਮ ਦੇ ਨਿਰਮਾਤਾ ਰੁਪਾਲੀ ਗੁਪਤਾ ਹਨ। ‘ਫ਼ਰਾਈਡੇ ਰਸ਼ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਓਮ ਜੀ ਗੁਰੱਪ ਵੱਲੋਂ ਰਿਲੀਜ਼ ਕੀਤਾ ਜਾਣਾ ਹੈ। ਮਨਪ੍ਰੀਤ ਬਰਾੜ ਮੁਤਾਬਕ ਉਸਦੀ ਇਹ ਫ਼ਿਲਮ ਪੰਜਾਬੀ ਸਿਨੇਮੇ ਲਈ ਇਕ ਨਵਾਂ ਤਜ਼ਰਬਾ ਸਾਬਤ ਹੋਵੇਗੀ। ਇਸ ਫ਼ਿਲਮ ਕਿਸੇ ਮੁੱਦੇ ‘ਤੇ ਹੈ ਅਤੇ ਕੀ ਇਹ ਕਿਸੇ ਸਿਆਸੀ ਬਿਆਨ ‘ਤੇ ਟਿੱਪਣੀ ਕਰਦੀ ਹੈ? ਇਸ ਤਰ•ਾਂ ਦੇ ਸਾਰੇ ਸੁਆਲਾਂ ਦਾ ਜਵਾਬ ਫ਼ਿਲਮ ਦੇਖਣ ਤੋਂ ਬਾਅਦ ਹੀ ਮਿਲ ਸਕਣਗੇ।
ਜ਼ਿਕਰਯੋਗ ਹੈ ਕਿ ਪੰਜਾਬੀ ਵਿੱਚ ਸਮਾਜਿਕ ਤੇ ਕਈ ਹੋਰ ਅਹਿਮ ਮੁੱਦਿਆਂ ‘ਤੇ ਕਟਾਕਸ਼ ਕਰਨ ਵਾਲੀਆਂ ਫ਼ਿਲਮਾਂ ਦੀ ਗਿਣਤੀ ਆਟੇ ‘ਚ ਲੂਣ ਦੇ ਬਰਾਬਰ ਹੀ ਹੈ। ਵਿਆਹਾਂ, ਪੀਰੀਅਡ ਫ਼ਿਲਮਾਂ ਅਤੇ ਅਜਿਹੇ ਹੀ ਮੁੱਦਿਆਂ ਵਾਲੀਆਂ ਫ਼ਿਲਮਾਂ ‘ਚ ਘਿਰੇ ਪੰਜਾਬੀ ਸਿਨੇਮੇ ਨੂੰ ਅਜਿਹੇ ਮੁੱਦਾ ਭਰਪੂਰ ਫ਼ਿਲਮਾਂ ਦੀ ਬੇਹੱਦ ਜ਼ਰੂਰਤ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਇਸ ਰਵਾਇਤ ਨੂੰ ਤੋੜਦੀ ਹੋਈ ਇਕ ਨਵੀਂ ਪਿਰਤ ਪਾ ਸਕਦੀ ਹੈ।

Comments & Feedback