fbpx

ਪੰਜਾਬੀ ਸਿਨੇਮੇ ‘ਚ ਤਾਜ਼ਗੀ ਭਰੇਗੀ ਪੰਜਾਬੀ ਫ਼ਿਲਮ ‘ਕਾਲਾ ਸ਼ਾਹ ਕਾਲਾ’, 14 ਫਰਵਰੀ ਨੂੰ ਹੋਵੇਗੀ ਰਿਲੀਜ਼

Posted on February 8th, 2019 in Article

‘ਜੀ ਸਟੂਡੀਓ’, ‘ਨਾਓਟੀ ਮੈਨ ਪ੍ਰੋਡਕਸ਼ਨਸ’, ‘ਇੰਫੈਂਟਰੀ ਪਿਕਚਰਸ’ ਅਤੇ ਡ੍ਰੀਮਇਟਆਤਾ ਇੰਟਰਨੇਮੈਂਟ’ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਅਤੇ ਲੇਖਕ ਅਮਰਜੀਤ ਸਿੰਘ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਕਾਲਾ ਸ਼ਾਹ ਕਾਲਾ’ 14 ਫ਼ਰਵਰੀ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਅਤੇ ਸੰਗੀਤ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਿਹਾ ਹੈ। ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਇਸ ਫ਼ਿਲਮ ਦਾ ਟ੍ਰੇਲਰ ਪੰਜਾਬੀ ਸਿਨੇਮੇ ‘ਚ ਤਾਜ਼ਗੀ ਭਰ ਰਿਹਾ ਹੈ। ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਜੌਰਡਨ ਸੰਧੂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਜਤਿੰਦਰ ਕੌਰ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਬੀ ਐਨ ਸ਼ਰਮਾ ਅਤੇ ਗੁਰਮੀਤ ਸਾਜਨ ਨੇ ਅਹਿਮ ਭੂਮਿਕਾ ਨਿਭਾਈ ਹੈ। ਦਰਜਨਾਂ ਪੰਜਾਬੀ ਫ਼ਿਲਮਾਂ ਵਿੱਚ ਸਹਾਇਕ ਅਤੇ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਨੌਜਵਾਨ ਨਿਰਦੇਸ਼ਕ ਅਮਰਜੀਤ ਸਿੰਘ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਉਸ ਨੇ ਹੀ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਲਿਖਿਆ ਹੈ। ਜਦਕਿ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ।

ਨਿਰੋਲ ਰੂਪ ‘ਚ ਕਾਮੇਡੀ ਅਤੇ ਡਰਾਮਾ ਭਰਪੂਰ ਇਸ ਫ਼ਿਲਮ ਦੀ ਕਹਾਣੀ ਇਕ ਰੰਗ ਦੇ ਕਾਲੇ ਨੌਜਵਾਨ ਦੇ ਸੱਧਰਾਂ ਅਤੇ ਚਾਵਾਂ ਦੀ ਕਹਾਣੀ ਹੈ, ਜਿਸ ਨੂੰ ਇਕ ਖੂਬਸੂਰਤ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਦੋਵਾਂ ਦਾ ਰੰਗ ਰੂਪ ਤੇ ਸੁਭਾਅ ਇਕ ਦੂਜੇ ਤੋਂ ਉਲਟ ਹੋਣ ਕਾਰਨ ਇਸ ਨੌਜਵਾਨ ਨੂੰ ਆਪਣੀ ਮੁਹੱਬਤ ਹਾਸਲ ਕਰਨ ਲਈ ਕੀ ਕੀ ਪਾਪੜ ਵੇਲਣੇ ਪੈਂਦੇ ਹਨ ਇਹ ਫ਼ਿਲਮ ਇਸੇ ਮੁੱਦੇ ‘ਤੇ ਟਿਕੀ ਹੋਈ ਹੈ। ਪੰਜਾਬੀ ਫ਼ਿਲਮ ‘ਕਾਕੇ ਦਾ ਵਿਆਹ’ ਨਾਲ ਪੰਜਾਬੀ ਸਿਨੇਮੇ ਨਾਲ ਜੁੜਿਆ ਪੰਜਾਬੀ ਗਾਇਕ ਜੌਰਡਨ ਸੰਧੂ ਇਸ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਸ ਦਾ ਕਿਰਦਾਰ ਹੀ ਇਸ ਅਣਜੋੜ ਪ੍ਰੇਮ ਕਹਾਣੀ ‘ਚ ਨਵੇਂ ਰੰਗ ਭਰਦਾ ਹੋਇਆ ਫ਼ਿਲਮ ਦੀ ਕਹਾਣੀ ਨੂੰ ਖੂਬਸੂਰਤ ਮੋੜ ਵੱਲ ਮੋੜਦਾ ਹੈ। ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਬੀਨੂੰ ਢਿੱਲੋਂ ਮੁਤਾਬਕ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਸ ਫ਼ਿਲਮ ‘ਚ ਉਸਦਾ ਕਿਰਦਾਰ ਦਰਸ਼ਕਾਂ ਨੂੰ ਹਸਾਏਗਾ ਹੀ ਨਹੀਂ ਬਲਕਿ ਕੁਦਰਤ ਵੱਲੋਂ ਹੀ ਰੰਗ ਦੇ ਕਾਲੇ ਜਾਂ ਸਾਂਵਲੇ ਲੋਕਾਂ ਦੀਆਂ ਦਿਲ ਦੀਆਂ ਭਾਵਨਾਵਾਂ ਨੂੰ ਵੀ ਖੂਬਸੂਰਤ ਤਰੀਕੇ ਨਾਲ ਪਰਦੇ ‘ਤੇ ਪੇਸ਼ ਕਰੇਗਾ। ਉਸ ਮੁਤਾਬਕ ਇਹ ਫ਼ਿਲਮ ਇਕ ਵੱਖਰੇ ਜਿਹੇ ਜ਼ੋਨਰ ਦੀ ਅਤੇ ਜ਼ਿੰਦਗੀ ਦੇ ਨੇੜੇ ਦੀ ਫ਼ਿਲਮ ਹੈ।

ਇਸ ਫ਼ਿਲਮ ਵਿੱਚ ਪਹਿਲੀ ਵਾਰ ਉਹ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨਾਲ ਕੰਮ ਕਰ ਰਿਹਾ ਹੈ। ਉਨ•ਾਂ ਦੀ ਇਹ ਜੋੜੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਫ਼ਿਲਮ ਦੀ ਨਾਇਕਾ ਸਰਗੁਣ ਮੁਤਾਬਕ ਵੀ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਫ਼ਿਲਮ ‘ਚ ਉਸ ਨੇ ਪੰਮੀ ਨਾਂ ਦੀ ਇਕ ਖੂਬਸੂਰਤ ਤੇ ਚੁਲਬਲੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜੋ ਹਮੇਸ਼ਾ ਇਕ ਉੱਚਾ ਲੰਮਾ ਤੇ ਖੂਬਸੂਰਤ ਜੀਵਨ ਸਾਥੀ ਚਾਹੁੰਦੀ ਹੈ, ਪਰ ਉਸ ਦੀ ਜ਼ਿੰਦਗੀ ‘ਚ ਜਦੋਂ ਇਕ ਕਾਲੇ ਰੰਗ ਦਾ ਮੁੰਡਾ ਆਉਂਦਾ ਹੈ ਤਾਂ ਉਸ ਦੀ ਜ਼ਿੰਦਗੀ ‘ਚ ਇਕ ਨਵੀਂ ਹਲਚਲ ਪੈਂਦਾ ਹੁੰਦੀ ਹੈ। ਨਿਰਮਾਤਾ ਹਰਸਿਮਰਨ ਢਿੱਲੋਂ, ਜੀ ਐਸ ਢਿੱਲੋਂ, ਨਵਨੀਅਤ ਸਿੰਘ, ਆਂਚਲ ਕੌਸ਼ਲ, ਕਰਨ ਸੋਨੀ, ਬੀਨੂੰ ਢਿੱਲੋਂ ਅਤੇ ਸਹਿ ਨਿਰਮਾਤਾ ਲਖਵਿੰਦਰ ਸਿੰਘ, ਅਸ਼ੀਸ਼ ਸੈਣੀ ਦੀ ਇਸ ਫ਼ਿਲਮ ਦਾ ਮਿਊਜ਼ਿਕ ਵੀ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਬੰਟੀ ਬੈਂਸ, ਜੈਦੇਵ ਕੁਮਾਰ, ਜੱਗੀ ਸਿੰਘ, ਦਾ ਬੌਸ ਅਤੇ ਜੱਸੀ ਐਕਸ ਦੇ ਸੰਗੀਤ ‘ਚ ਸ਼ਿੰਗਾਰੇ ਫ਼ਿਲਮ ਦੇ ਗੀਤਾਂ ਨੂੰ ਰਣਜੀਤ ਬਾਵਾ, ਜੌਰਡਨ ਸੰਧੂ, ਕੁਮਾਰ ਖ਼ਾਨ, ਨਵਜੀਤ, ਸੋਨੂੰ ਕੱਕੜ ਅਤੇ ਨਵਨੀਰ ਮਾਨ ਨੇ ਆਵਾਜ਼ ਦਿੱਤੀ ਹੈ।

Comments & Feedback