ਪੰਜਾਬੀ ਫ਼ਿਲਮ ‘ਵਾਪਸੀ’ ਨਾਲ ਪੰਜਾਬੀ ਫ਼ਿਲਮ ਜਗਤ ‘ਚ ਪੈਰ ਧਰਾਵਾ ਕਰਨ ਵਾਲਾ ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਛੇਤੀ ਹੀ ਆਪਣੀ ਅਗਲੀ ਫ਼ਿਲਮ ‘ਨਾਨਕ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਅੱਜ ਕੱਲ• ਉਹ ਇਸ ਫ਼ਿਲਮ ਦੀ ਪ੍ਰੀ ਪ੍ਰੋਡਕਸ਼ਨ ‘ਚ ਰੁੱਝੇ ਹੋਏ ਹਨ। ਰਾਕੇਸ਼ ਮਹਿਤਾ ਮੁਤਾਬਕ ‘ਨਾਨਕ’ ਵੀ ‘ਵਾਪਸੀ’ ਵਾਂਗ ਹੀ ਇਕ ਵੱਖਰੇ ਕਿਸਮ ਦੇ ਸਿਨਮੇ ਦੀ ਗੱਲ ਕਰੇਗੀ। ਰਾਕੇਸ਼ ਮਹਿਤਾ ਮੁਤਾਬਕ ਉਸ ਦੀ ਇੱਛਾ ਅਜਿਹੀਆਂ ਪੰਜਾਬੀ ਫ਼ਿਲਮਾਂ ਬਣਾਉਣ ਦੀ ਹੈ, ਜਿਨ•ਾਂ ਦੀ ਗੱਲ ਪੰਜਾਬ ਦੇ ਨਾਲ ਨਾਲ ਪੰਜਾਬ ਤੋਂ ਬਾਹਰ ਹੋਰਨਾਂ ਸੂਬਿਆਂ ‘ਚ ਵੀ ਹੋਵੇ। ਉਹਨਾਂ ਮੁਤਾਬਕ ਉਹ ਪੰਜਾਬੀ ਫ਼ਿਲਮਾਂ ਦੇ ਵਿਸ਼ਿਆਂ ਨੂੰ ਪੰਜਾਬ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ। ਉਸ ਮੁਤਾਬਕ ਉਹ ਸਿਨਮੇ ਨੂੰ ਸਿਰਫ ਮਨੋਰੰਜਨ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦਾ, ਬਲਕਿ ਆਪਣੀਆਂ ਫ਼ਿਲਮਾਂ ਜ਼ਰੀਏ ਸਮਾਜਿਕ ਮੁੱਦਿਆਂ ਅਤੇ ਸਾਰਥਿਕ ਵਿਸ਼ਿਆਂ ਨੂੰ ਪਰਦੇ ‘ਤੇ ਲਿਆਉਣਾ ਚਾਹੁੰਦਾ ਹੈ। ਇਸ ਲਈ ਉਹ ਕੋਈ ਫ਼ਿਲਮ ਬਣਾਉਣ ਤੋਂ ਪਹਿਲਾਂ ਸਮਾਂ ਲੈਂਦਾ ਹੈ। ‘ਵਾਪਸੀ’ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਇਹ ਫ਼ਿਲਮ ਬੇਸ਼ੱਕ ਕਮਰਸ਼ੀਅਲ ਤੌਰ ‘ਤੇ ਜ਼ਿਆਦਾ ਸਫ਼ਲ ਨਹੀਂ, ਪਰ ਸੰਜੀਦਾ ਦਰਸ਼ਕਾਂ, ਫ਼ਿਲਮ ਅਲੋਚਕਾਂ ਅਤੇ ਫ਼ਿਲਮ ਮੇਲਿਆਂ ‘ਚ ਇਸ ਦੀ ਜੰਮ ਕੇ ਸ਼ਲਾਘਾ ਹੋਈ ਹੈ। ਰਾਕੇਸ਼ ਮੁਤਾਬਕ ਬਤੌਰ ਨਿਰਦੇਸ਼ਕ ਉਸ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ। ਇਸ ਫ਼ਿਲਮ ਤੋਂ ਪਹਿਲਾਂ ਉਸ ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਕੰਮ ਕਰਨ ਦੇ ਤਰੀਕੇ ਅਤੇ ਦਸਤੂਰ ਦਾ ਪਤਾ ਨਹੀਂ ਸੀ, ਜਿਸ ਕਾਰਨ ਉਹ ਇਸ ਫ਼ਿਲਮ ਨੂੰ ਸਹੀ ਤਰੀਕੇ ਨਾਲ ਦਰਸ਼ਕਾਂ ਤੱਕ ਪਹੁੰਚਾਉਣ ‘ਚ ਕਾਮਯਾਬ ਨਹੀਂ ਹੋ ਸਕਿਆ। ਇਸ ਫ਼ਿਲਮ ਤੋਂ ਮਿਲੇ ਤਜ਼ਰਬੇ ਨਾਲ ਹੁਣ ਉਹ ਆਪਣੀ ਅਗਲੀ ਫ਼ਿਲਮ ‘ਨਾਨਕ’ ਬਣਾ ਰਹੇ ਹਨ। ਰਾਕੇਸ਼ ਮੁਤਾਬਕ ਇਸ ਫ਼ਿਲਮ ਬਾਰੇ ਸਮੇਂ ਤੋਂ ਪਹਿਲਾਂ ਗੱਲ ਕਰਨਾ ਬੇਵਕੂਫੀ ਹੋਵੇਗੀ। ਉਹਨਾਂ ਮੁਤਾਬਕ ਉਸਦੀਆਂ ਲਘੂ ਫ਼ਿਲਮਾਂ ‘ਡਰਪੋਕ’ ਅਤੇ ‘ਖੁਦਕੁਸ਼ੀ’ ਨੇ ਕੌਮਾਂਤਰੀ ਪੱਧਰ ‘ਤੇ ਨਮਾਣਾ ਖੱਟਿਆ ਸੀ। ਇਹਨਾਂ ਫ਼ਿਲਮਾਂ ਦਾ ਤਜ਼ਰਬਾ ਅਤੇ ਇਸ ਕਿਸਮ ਦੇ ਸਿਨਮੇ ਦੀ ਝਲਕ ਦਰਸ਼ਕਾਂ ਨੂੰ ‘ਨਾਨਕ’ ਵਿੱਚ ਵੀ ਨਜ਼ਰ ਆਵੇਗੀ। ‘ਨਾਨਕ’ ਪੂਰੀ ਤਰ•ਾਂ ਕਮਰਸ਼ੀਅਲ ਫ਼ਿਲਮ ਹੋਵੇਗੀ, ਜੋ ਦਰਸ਼ਕਾਂ ਨੂੰ ਹਸਾਏਗੀ ਤੇ ਰੁਆਏਗੀ ਵੀ।