ਪੰਜਾਬੀ ਸਿਨੇਮੇ ਦੇ ਇਹ ਦੋ ਦਿੱਗਜ ਤੇ ਖੂਬਸੂਰਤ ਅਦਾਕਾਰ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ‘ਨਾਢੂ ਖਾ’ ਵਿੱਚ ਪਹਿਲੀ ਵਾਰ ਇੱਕਠੇ ਨਜ਼ਰ ਆਉਂਣਗੇ। ਦੋਵਾਂ ਦੀ ਇਹ ਫ਼ਿਲਮ 26 ਅਪ੍ਰੈਲ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਹੈ। ਸੁਖਜਿੰਦਰ ਬੱਬਲ ਦੀ ਲਿਖੀ ਅਤੇ ਇਮਰਾਨ ਸ਼ੇਖ਼ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਇਕ ਖੂਬਸੂਰਤ ਜ਼ਮਾਨੇ ਦੀ ਕਹਾਣੀ ਹੈ। ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਅਚੰਤ ਗੋਇਲ ਤੇ ਰਾਕੇਸ਼ ਦਹੀਆ ਦੀ ਇਸ ਫ਼ਿਲਮ ਵਿੱਚ ਹਰੀਸ਼ ਤੇ ਵਾਮਿਕਾ ਦੇ ਨਾਲ ਪੰਜਾਬ ਦੇ ਕਈ ਨਾਮਵਰ ਕਲਾਕਾਰ ਵੀ ਨਜ਼ਰ ਆਉਂਣਗੇ।
ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਸ ਫ਼ਿਲਮ ਵਿੱਚ ਇਕ ਅਜਿਹੀ ਕਹਾਣੀ ਦੇਖਣ ਨੂੰ ਮਿਲੇਗੀ, ਜੋ ਦਰਸ਼ਕਾਂ ਦਾ ਦਿਲ ਜਿੱਤੇਗੀ। ਹਰੀਸ਼ ਤੇ ਵਾਮਿਕਾ ਦੋਵੇਂ ਜਣੇ ਪਹਿਲੀ ਵਾਰ ਕਿਸੇ ਪੀਰੀਅਡ ਡਰਾਮਾ ਫ਼ਿਲਮ ਵਿੱਚ ਕੰਮ ਕਰ ਰਹੇ ਹਨ। ਦਰਸ਼ਕ ਜਿਥੇ ਹਰੀਸ਼ ਨੂੰ ਇਕ ਪਿੰਡ ਦੇ ਸਧਾਰਨ ਜਿਹੇ ਘਰੇਲੂ ਮੁੰਡੇ ਦੇ ਰੂਪ ‘ਚ ਦੇਖਣਗੇ, ਉਥੇ ਵਾਮਿਕਾ ਗੱਬੀ ਵੀ ਇਕ ਪੇਂਡੂ ਤੇ ਸਿਆਣੀ ਮੁਟਿਆਰ ਦੇ ਰੂਪ ‘ਚ ਨਜ਼ਰ ਆਵੇਗੀ।



