ਕਿਸੇ ਵੀ ਫ਼ਿਲਮ ਨੂੰ ਦੇਖਣ ਸਮੇਂ ਬਹੁ ਗਿਣਤੀ ਦਰਸ਼ਕ ਉਸ ‘ਚੋਂ ਸਭ ਤੋਂ ਪਹਿਲਾਂ ਕਹਾਣੀ ਲੱਭਦੇ ਹਨ। ਪੰਜਾਬੀ ਦੀਆਂ ਬਹੁਤੀਆਂ ਫ਼ਿਲਮਾਂ ਦੇ ਫ਼ਲਾਪ ਹੋਣ ਦਾ ਕਾਰਨ ਵੀ ਇਹੋ ਹੈ ਕਿ ਉਹਨਾਂ ‘ਚ ਜਾਂ ਤਾਂ ਕਹਾਣੀ ਹੁੰਦੀ ਹੀ ਨਹੀਂ, ਜੇ ਕਿਸੇ ਫ਼ਿਲਮ ‘ਚ ਕਹਾਣੀ ਹੁੰਦੀ ਵੀ ਹੈ ਤਾਂ ਉਸ ਨੂੰ ਕਹਿਣ ਦਾ ਢੰਗ ਨਹੀਂ ਹੁੰਦਾ। ਜਦੋਂ ਦਰਸ਼ਕਾਂ ਨੂੰ ਕਹਾਣੀ ਆਪਣੀ ਦੁਨੀਆਂ ਦੀ ਲੱਗੇ ਤਾਂ ਉਸ ਫ਼ਿਲਮ ਨੂੰ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਪੰਜਾਬੀ ਫ਼ਿਲਮ ‘ਟੇਸ਼ਨ’ ਦੇ ਫ਼ਲਾਪ ਹੋਣ ਦਾ ਕਾਰਨ ਵੀ ਉਪਰੋਕਤ ਗੱਲਾਂ ਹੀ ਹਨ। ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਲਿਖੀ ਅਤੇ ਸੁਖਬੀਰ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਪੰਜਾਬੀਆਂ ਦੀਆਂ ਬਹੁਤੀਆਂ ਚਾਲੂ ਕਿਸਮ ਦੀਆਂ ਫ਼ਿਲਮਾਂ ਵਾਂਗ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਹੀ ਨਹੀਂ ਸਕੀ। ਪੂਰੀ ਫ਼ਿਲਮ ‘ਚ ਦਰਸ਼ਕ ਇਹੋ ਜਵਾਬ ਲੱਭਦੈ ਕਿ ਇਹ ਫ਼ਿਲਮ ਕੀ ਕਹਿਣਾ ਚਾਹੁੰਦੀ ਅਤੇ ਕਿਉਂ ਕਹਿਣਾ ਚਾਹੁੰਦੀ ਹੈ?
ਫ਼ਿਲਮ ਦੀ ਪਟਕਥਾ ਮੁਤਾਬਕ ਪੰਜਾਬ ਦੇ ਇਕ ਸਰਹੱਦੀ ਪਿੰਡ ਦੇ ਵਿਹਲੜ ਮੁੰਡੇ ਟੇਸ਼ਨ (ਹੈਪੀ ਰਾਏਕੋਟੀ) ਦਾ ਨੇੜਲੇ ਪਿੰਡ ਦੀ ਇਕ ਕੁੜੀ ਹੱਥੋਂ ਦਿਲ ਟੁੱਟਦਾ ਹੈ। ਉਸ ਦਾ ਮਿੱਤਰ ਚੁੰਬਕ (ਪ੍ਰਿੰਸ ਕੰਵਲਜੀਤ ਸਿੰਘ) ਉਸ ਨੂੰ ਚੰਡੀਗੜ• ਰਹਿੰਦੇ ਪਿੰਡ ਦੇ ਹੀ ਇਕ ਮੁੰਡੇ ਪ੍ਰਿਤਪਾਲ (ਵਿਰਾਸਤ ਸੰਧੂ) ਕੋਲ ਲੈ ਜਾਂਦੈ। ਜਿਥੇ ਪ੍ਰਿਤਪਾਲ ਦੇ ਕਾਲਜ ‘ਚ ਉਸ ਦੀ ਮੁਲਾਕਾਤ ਕਾਲਜ ਪੜ• ਰਹੀ ਤੇ ਵਿਦੇਸ਼ ਤੋਂ ਆਈ ਕੁੜੀ ਜਿੰਨੀ (ਦਿਲਜੋਤ) ਨਾਲ ਹੁੰਦੀ ਹੈ। ਪਹਿਲੇ ਝਟਕੇ ਹੀ ਜਿੰਨੀ ਨੂੰ ਟੇਸ਼ਨ ਨਾਲ ਪਿਆਰ ਹੋ ਜਾਂਦੈ। ਉਧਰ ਟੇਸ਼ਨ ਵੀ ਪਹਿਲੀ ਦਾ ਗਮ ਭੁਲਾ ਕੇ ਦੂਜੀ ਨੂੰ ਗਲ ਲਾ ਲੈਂਦੈ। ਜਿੰਨੀ ਦੇ ਕਹਿਣ ‘ਤੇ ਦੋਵਾਂ ‘ਚ ਵਿਆਹ ਦੀ ਸਹਿਮਤੀ ਬਣਦੀ ਹੈ। ਇਸ ਤੋਂ ਬਾਅਦ ਸੈਂਕੜੇ ਫ਼ਿਲਮਾਂ ਵਾਲਾ ਘਸਿਆ ਪਿਟਿਆ ਡਰਾਮਾ। ਪਹਿਲਾਂ ਕੁੜੀ ਦਾ ਬਾਪ ਮੰਨਦਾ ਨਹੀਂ ਤੇ ਮੁੰਡੇ ਤੇ ਉਸ ਦੇ ਪਰਿਵਾਰ ਦੀ ਰੱਜ ਕੇ ਬੇਇੱਜਤੀ ਕਰਦੈ ਤੇ ਜਦੋਂ ਉਹ ਉਥੋਂ ਜਾਣ ਲੱਗਦੇ ਹਨ ਤਾਂ ਅਚਾਨਕ ਦਿਲ ‘ਚ ਦਯਾ ਆ ਜਾਂਦੀ ਹੈ ਤੇ ਕੁੜੀ ਨੂੰ ਖੁਸ਼ੀ ਖੁਸ਼ੀ ਵਿਦਾ ਕਰ ਦਿੰਦਾ ਹੈ। ਕਥਾਨਕ ਅਤੇ ਕਹਾਣੀ ਪੱਖੋਂ ਇਹ ਫ਼ਿਲਮ ਜ਼ਰਾ ਵੀ ਜ਼ਿੰਦਗੀ ਦੇ ਨੇੜੇ ਨਹੀਂ ਢੁਕਦੀ।
ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਜਿਸ ਪਿੰਡ ‘ਚ ਟੇਸ਼ਨ ਰਹਿੰਦੈ ਅਤੇ ਆਸ ਪਾਸ ਦਾ ਇਲਾਕਾ ਏਨੇ ਕੁ ਪਛੜੇ ਹੋਏ ਹਨ ਕਿ ਨਾ ਤਾਂ ਉਸ ਪਿੰਡ ‘ਚ ਕਿਸੇ ਬੰਦੇ ਕੋਲ ਮੋਬਾਇਲ ਹੈ (ਰੇਜ਼ ਹੀ ਨਹੀਂ ਹੈ) ਅਤੇ ਨਾ ਹੀ ਉਸ ਦੇ ਪਿੰਡ ‘ਚ ਕੋਈ ਟੈਕਸੀ ਡਰਾਈਵਰ ਗੱਡੀ ਲੈ ਕੇ ਜਾਣ ਨੂੰ ਤਿਆਰ ਹੈ। ਕਿਉਂਕਿ ਪਿੰਡ ਨੂੰ ਕੋਈ ਪੱਕੀ ਸੜਕ ਨਹੀਂ ਜਾਂਦੀ। ਲੋਕ ਕੱਚੇ ਘਰਾਂ ‘ਚ ਰਹਿੰਦੇ ਹਨ। ਮਤਲਬ ਤੇਜ਼ ਰਫ਼ਤਾਰ ਜ਼ਿੰਦਗੀ ਤੋਂ ਬਹੁਤ ਪਰ•ੇ ਹਨ। ਅਜੇ ਇਸ ਪਿੰਡ ਦੇ ਵਾਤਾਵਰਣ ਅਤੇ ਲੋਕਾਂ ਦੀ ਸਮਝ ਲੱਗਣ ਹੀ ਲੱਗਦੀ ਹੈ ਕਿ ਨਿਰਦੇਸ਼ਕ ਪਿੰਡ ਦੇ ਇਕ ਸਧਾਰਨ ਜਿਹੇ ਵਿਆਹ ‘ਚ ‘ਆਈਟਮ ਸਾਗ’ ਲਿਆ ਠੋਕਦੈ। ਚੰਗੀ ਭਲੀ ਫ਼ਿਲਮ ਰਿੜਦੀ, ਪਰ ਬਰੇਕਾਂ ਲੱਗ ਜਾਂਦੀਆਂ ਹਨ। ਇਸ ਤਰ•ਾਂ ਦੀਆਂ ਗਲਤੀਆਂ ਤੇ ਬੇਨਿਯਮੀਆਂ ਸਾਰੀ ਫ਼ਿਲਮ ‘ਚ ਵਾਪਰਦੀਆਂ ਹਨ। ਫ਼ਿਲਮ ‘ਚ ਬਹਤ ਸੀਨ• ਅਜਿਹੇ ਹਨ, ਜਿਹੜੇ ਫ਼ਿਲਮ ਦੀ ਸਟੋਰੀ ਤੇ ਪੇਸ ਨੂੰ ਡਿਸਟਰਬ ਕਰਦੇ ਹਨ। ਕਈ ਸੀਨ•ਾਂ ਦੀ ਜਵਾਂ ਹੀ ਤੁਕ ਨਹੀਂ ਬਣਦੀ, ਪਰ ਫ਼ਿਲਮ ‘ਚ ਵਾੜੇ ਹੋਏ ਹਨ। ਜਿੰਨੀ ਵੱਲੋਂ ਚੁੰਬਕ ਨੂੰ ਟੇਸ਼ਨ ਲਈ ਗ੍ਰਿਫ਼ਟ ਦੇਣਾ। ਬਰਾਤ ਜਾਣ ਵਾਲੇ ਸੂਏ ਵਾਲਾ ਰਚਿਆ ਡਰਾਮਾ। ਪੈਲੇਸ ਪਹੁੰਚ ਕੇ ਬਰਾਤੀਆਂ ਦਾ ਜਾਣ ਬੁੱਝ ਕੇ ਅਨਾੜੀ ਤੇ ਦੇਸੀ ਜਿਹਾ ਬਣਨਾ ਤੇ ਅਜਿਹੀ ਕਈ ਚੀਜ਼ਾਂ ਹਨ, ਜਿਨ•ਾਂ ਜ਼ਰੀਏ ਫ਼ਿਲਮ ਦੇ ਪਾਤਰਾਂ ਨੂੰ ਦੇਸੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਦੇਸੀਪੁਣਾ ਦਰਸ਼ਕਾਂ ਨੂੰ ਚੰਗਾ ਨਹੀਂ ਲੱਗਦਾ ਸਗੋਂ ਚੰਬਦਾ ਹੈ। ਜਿਹੜੇ ਸੀਨ•ਾਂ ‘ਚ ਡੈਪਥ ਦੀ ਲੋੜ ਸੀ, ਉਥੇ ਹੈ ਨਹੀਂ, ਜਿਥੇ ਸਟੋਰੀ ਮੂਵਆਨ ਕਰਨੀ ਹੈ, ਉਥੇ ਮੋਸ਼ਨ ਸਲੋਅ ਹੋ ਜਾਂਦੈ। ਖ਼ੈਰ। ਦਰਸ਼ਕ ਆਪਣਾ ਫ਼ੈਸਲਾ ਸੁਣਾ ਚੁੱਕੇ ਹਨ। ਅਦਾਕਾਰੀ ਪੱਖ ਤੋਂ ਹੈਪੀ ਰਾਏਕੋਟੀ ਨੇ ਆਪਣਾ ਪੂਰਾ ਜ਼ੋਰ ਲਾਇਐ। ਪਰ ਲੱਗਦੈ ਹੈਪੀ ਨੂੰ ਅਜੇ ਹੋਰ ਮਿਹਨਤ ਦੀ ਲੋੜ ਹੈ। ਹੀਰੋਇਨ ਦਿਲਜੋਤ ਦਾ ਕੰਮ ਵਧੀਆ ਹੈ, ਪਰ ਉਸ ਨੂੰ ਵੀ ਆਪਣੀ ਅਦਾਕਾਰੀ ਦੇ ਨਾਲ ਨਾਲ ਮੇਕਅੱਪ ਤੇ ਲੁੱਕ ‘ਤੇ ਬਹੁਤ ਧਿਆਨ ਦੇਣ ਦੀ ਲੋੜ ਜਾਪੀ। ਸਿਨੇਮੇ ਦੀ ਸਕਰੀਨ ਬਹੁਤ ਵੱਡੀ ਹੁੰਦੀ ਹੈ, ਕੈਮਰੇ ਦੀ ਐਚਡੀ ਕੁਆਲਿਟੀ, ਸਾਫ਼ ਦਿਖਾ ਦਿੰਦੀ ਹੈ ਕਿ ਚਿਹਰੇ ‘ਤੇ ਕਿੰਨਾ ਮੇਕਅਪ ਥੱਪਿਆ ਹੈ। ਫ਼ਿਲਮ ਦੇ ਲੇਖਕ ਪ੍ਰਿੰਸ ਕੰਵਲਜੀਤ ਸਿੰਘ ਨੇ ਸਾਬਾਸ਼ੀ ਖੱਟੀ ਹੈ। ਪ੍ਰਿੰਸ ਥੀਏਟਰ ਨਾਲ ਜੁੜਿਆ ਕਲਾਕਾਰ ਹੈ। ਉਸ ‘ਚ ਕਾਬਲ ਅਦਾਕਾਰ ਵਾਲੇ ਸਾਰੇ ਗੁਣ ਹਨ। ਟੇਸ਼ਨ ਨੂੰ ਪ੍ਰਿੰਸ ਦੀ ਅਦਾਕਾਰੀ ਦੀ ਸ਼ੋਅ ਰੀਲ• ਵੀ ਕਿਹਾ ਜਾ ਸਕਦੈ। ਖ਼ੈਰ। ਫ਼ਿਲਮ ਦੀ ਸੁਮੱਚੀ ਟੀਮ ਦੀ ਕੋਸ਼ਿਸ਼ ਵਧੀਆ ਹੈ। ਉਹਨਾਂ ਨੇ ਜੀਅ ਜਾਨ ਲਾ ਕੇ ਫ਼ਿਲਮ ਬਣਾਈ ਹੈ। ਬਹੁਤ ਵਾਰ ਬਾਜ਼ਾਰ ਦੇ ਨਜ਼ਰੀਏ ਤੋਂ ਵੱਡੀਆ ਖਾਮੀਆ ਰਹਿ ਜਾਂਦੀਆਂ ਹਨ। ਪੰਜਾਬੀ ਦਰਸ਼ਕਾਂ ‘ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਹ ਉਹੀ ਦੇਖਦੇ ਹਨ, ਜੋ ਉਹਨਾਂ ਦੇ ਮਨ ਨੂੰ ਭਾਉਂਦਾ ਹੈ। ਸੋ ਨਿਰਾਸ਼ ਹੋਣ ਨਾਲੋਂ ਖਾਮੀਆਂ ‘ਤੇ ਨਜ਼ਰ ਮਾਰਨ ਅਤੇ ਦੁੱਗਣੀ ਅਨਰਜ਼ੀ ਨਾਲ ਅੱਗੇ ਵਧਣ ਦਾ ਵੇਲਾ ਹੈ। ਪੰਜਾਬੀ ਸਿਨੇਮਾ ਜ਼ਿੰਦਾਬਾਦ
in Movie Review
ਟੇਸ਼ਨ : ‘ਟੇਸ਼ਨ’ ‘ਤੇ ਨਹੀਂ ਰੁਕੀ ਦਰਸ਼ਕਾਂ ਦੀ ਟਰੇਨ, ਲਾਲ ਝੰਡੀ ਵੀ ਆਈ ਨਾ ਕੰਮ


