fbpx

ਅੰਮਿਤ ਭੱਲੇ ਤੋਂ ਇੰਝ ਬਣਿਆ ਸਟਾਰ ਗਾਇਕ ਨਿੰਜਾ

Posted on March 6th, 2019 in Article

ਪੰਜਾਬੀ ਸੰਗੀਤ ਜਗਤ ਦਾ ਸਥਾਪਿਤ ਚਿਹਰਾ ਅਤੇ ਪੰਜਾਬੀ ਫ਼ਿਲਮਾਂ ਦਾ ਨਾਇਕ ਨਿੰਜਾ ਅਸਲ ਜ਼ਿੰਦਗੀ ਵਿੱਚ ਵੀ ਕਿਸੇ ਨਾਇਕ ਤੋਂ ਘੱਟ ਨਹੀਂ ਹੈ। ਨਿੰਜੇ ਨੇ ਕਰੜੀ ਮਿਹਨਤ, ਸਬਰ ਅਤੇ ਹੌਂਸਲੇ ਨਾਲ ਹਾਲਤਾਂ ਨੂੰ ਮਾਤ ਦਿੰਦਿਆਂ ਆਪਣੀ ਕਿਸਮਤ ਘੜੀ ਹੈ। ਜ਼ਿਲ•ਾ ਲੁਧਿਆਣਾ ਦੇ ਇਕ ਛੋਟੇ ਜਿਹੇ ਮੁੰਡਾ ਦਾ ਕਰੀਬ 100 ਕਿਲੋ ਦੇ ਨੇੜੇ ਭਾਰ ਵਾਲਾ ਗਰੀਬ ਜਿਹਾ ਮੁੰਡਾ ਅੰਮਿਤ ਭੱਲਾ ਇਕ ਦਿਨ ਦੁਨੀਆਂ ਦੇ ਸੰਗੀਤਕ ਨਕਸ਼ੇ ‘ਤੇ ਆਪਣੀਆਂ ਪੈੜਾਂ ਪਾਵੇਗਾ, ਇਹ ਕਿਸੇ ਨੇ ਵੀ ਨਹੀਂ ਕਿਆਸਿਆ ਸੀ। ਨਿੰਜੇ ਦਾ ਅਸਲ ਨਾਂ ਅੰਮਿਤ ਭੱਲਾ ਹੈ। ਸੰਗੀਤ ਉਸ ਦੇ ਰਗ ਰਗ ਵਿੱਚ ਹੈ। ਉਸ ਨੇ ਗਾਇਕ ਬਣਨ ਲਈ ਬਿਨਾਂ ਹੌਂਸਲਾ ਹਾਰਿਆਂ ਬਥੇਰੇ ਪਾਪੜ ਵੇਲੇ ਹਨ। ਮਿਹਨਤ ਦਾ ਮੁੱਲ ਜਦੋਂ ਪੈਂਦਾ ਹੈ ਤਾਂ ਬੰਦਾ ਫ਼ਰਸ਼ ਤੋਂ ਅਰਸ਼ ‘ਤੇ ਪਹੁੰਚ ਜਾਂਦਾ ਹੈ। ਅੱਜ ਨਿੰਜਾ ਵੀ ਗਾਇਕੀ ਦੇ ਅਸਮਾਨ ਦਾ ਚਮਕਦਾ ਸਿਤਾਰਾ ਹੈ। ਗਾਇਕੀ ਦੇ ਨਾਲ ਨਾਲ ਫ਼ਿਲਮ ਜਗਤ ‘ਚ ਸਰਗਰਮ ਨਜ਼ਰ ਆ ਰਿਹਾ ਨਿੰਜਾ ਇਸ ਸਾਲ ਕਈ ਫ਼ਿਲਮਾਂ ‘ਚ ਨਾਇਕ ਵਜੋਂ ਨਜ਼ਰ ਆਵੇਗਾ। ਹਾਲਹਿ ‘ਚ ਉਸਦੀ ਨਵੀਂ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਪੋਸਟਰ ਰਿਲੀਜ਼ ਹੋਇਆ ਹੈ।

ਉਹ ਖੁਸ਼ ਹੈ ਕਿ ਉਹ ਜੋ ਪਾਉਣ ਲਈ ਘਰੋਂ ਨਿਕਲਿਆ ਸੀ, ਉਹ ਉਸਦੀ ਝੌਲੀ ‘ਚ ਹੈ। ਉਸਦਾ ਵਕਤ ਕੀਮੀਤੀ ਹੋ ਗਿਆ ਹੈ। ਜਦੋਂ ਵਕਤ ਕੀਮਤੀ ਹੋਵੇ ਤਾਂ ਬੰਦਾ ਹਰ ਕੰਮ ਸੋਚ, ਸਲਾਹ ਕਰਕੇ ਕਰਦਾ ਹੈ, ਪਰ ਉਹ ਬੇਪ੍ਰਵਾਹ ਹੈ। ਹਮੇਸ਼ਾਂ ਹੋਰਾਂ ਖ਼ਾਤਰ ਖੜ•ਨ ਵਾਲਾ ਨਿੰਜਾ ਕਹਿੰਦਾ ਹੈ ਕਿ ਜ਼ਿੰਦਗੀ ‘ਚ ਹਰ ਬੰਦੇ ਨੂੰ ਅੱਗੇ ਆਉਣ ਲਈ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਉਹ ਮੌਕਿਆਂ ਦਾ ਘਾਟ ਕਾਰਨ ਪਛੜਿਆ ਜ਼ਰੂਰ ਸੀ, ਪਰ ਮੌਕਾ ਮਿਲਣ ‘ਤੇ ਉਸ ਨੇ ਖੁਦ ਨੂੰ ਸਾਬਤ ਕੀਤਾ। ਉਹ ਘਰ ਦੀ ਆਰਥਿਕ ਹਾਲਤ ਠੀਕ ਰੱਖਣ ਅਤੇ ਗਾਇਕੀ ਦੇ ਸ਼ੌਕ ਨੂੰ ਜਾਰੀ ਰੱਖਣ ਲਈ ਬਹੁਤ ਓਹੜ ਪੋਹੜ ਕਰਦਾ ਰਿਹਾ ਹੈ। ਗਾਇਕੀ ਦੇ ਰਾਹ ਪਾਉਣ ਲਈ ਉਹ ਕਦੇ ਕਿਸੇ ਦੀ ਮਿਨਤ ਕੱਢਦਾ ਤੇ ਕਦੇ ਕਿਸੇ ਦਾ ਤਰਲਾ, ਪਰ ਬਹੁਤੇ ਲੋਕਾਂ ਨੇ ਉਸ ਨੂੰ ਸੰਜੀਦਾ ਲਿਆ ਹੀ ਨਹੀਂ। ਬਥੇਰੇ ਲੋਕਾਂ ਨੇ ਉਸ ਤੋਂ ਕੰਮ ਕਢਵਾਏ, ਪਰ ਖੁਦ ਉਸ ਦੇ ਕੰਮ ਨਹੀਂ ਆਏ। ਉਸ ਸਮੇਂ ਦੇ ਇਕ ਮਸ਼ਹੂਰ ਗਾਇਕ ਨੇ ਉਸ ਨੂੰ ਚੰਗਾ ਰਗੜਿਆ। ਨਿੰਜਾ ਦੱਸਦਾ ਹੈ ਕਿ ਉਸ ਗਾਇਕ ਨੇ ਉਸ ਨੂੰ ਸੁਪਨੇ ਦਿਖਾਏ। ਉਹ ਗਾਇਕ ਮਹਿਫ਼ਲ ‘ਚ ਬੈਠਿਆਂ ਨਿੰਜੇ ਨੂੰ ਕਈ ਵਾਰ ਅੱਧੀ ਰਾਤ ਨੂੰ ਉਠ ਕੇ ਫ਼ੋਨ ‘ਤੇ ਗੀਤ ਸੁਣਾਉਣ ਲਈ ਕਹਿੰਦਾ। ਕਦੇ ਮੁਹਾਲੀ ਆ ਕੇ ਮਿਲਣ ਲਈ ਕਹਿੰਦਾ। ਉਹ ਆਪਣੇ ਦੋਸਤ ਦਾਰੇ ਦੀ ਮੰਮੀ ਤੋਂ ਕਿਰਾਏ ਜੋਗੇ ਪੈਸੇ ਲੈਂਦਾ ‘ਤੇ ਮੁਹਾਲੀ ਆ ਜਾਂਦਾ। ਉਹ ਨਾਮੀਂ ਗਾਇਕ ਆਪਣੇ ਦੋਸਤਾਂ ਦੀ ਮਹਿਫ਼ਲ ‘ਚ ਟੱਲੀ ਹੋਇਆ ਨਿੰਜੇ ਨੂੰ ਗੀਤ ਸੁਣਾਉਣ ਲਈ ਕਹਿੰਦਾ। ਉਸ ਗਾਇਕ ਨੇ ਨਿੰਜੇ ਤੋਂ ਆਪਣੀ ਪੂਰੀ ਟਹਿਲ ਸੇਵਾ ਕਰਵਾਈ। ਇਹ ਨਿੰਜਾ ਹੀ ਜਾਣਦਾ ਹੈ ਕਿ ਉਸ ਨੇ ਉਹ ਦੌਰ ਕਿਵੇਂ ਹੰਢਾਇਆ। ਕਹਿੰਦੇ ਹਨ ਕਿ ਕੁਦਰਤ ਹਰ ਮਿਹਨਤੀ ਬੰਦੇ ਨੂੰ ਅੱਗੇ ਆਉਣ ਦਾ ਮੌਕਾ ਜ਼ਰੂਰ ਦਿੰਦੀ ਹੈ। ਇਸ ਦਰਮਿਆਨ ਹੀ ਨਿੰਜੇ ਤੇ ਉਮੇਸ਼ ਕਰਮਾਵਾਲਾ ਦੀ ਮੁਲਾਕਾਤ ਹੋਈ। ਨਿੰਜੇ ਨੇ ਉਮੇਸ਼ ਨੂੰ ਕਿਤੇ ਪੰਜ ਸੱਤ ਹਜ਼ਾਰ ਦੀ ਨੌਕਰੀ ਦਿਵਾਉਣ ਲਈ ਕਿਹਾ। ਉਨ•ਾਂ ਦਿਨਾਂ ‘ਚ ਉਮੇਸ਼ ਵੀ ਆਰਥਿਕ ਪੱਖੋਂ ਤੰਗ ਹੀ ਸੀ। ਚਲੋ, ਦੋਵਾਂ ਨੇ ਇੱਕਠੇ ਕੰਮ ਕਰਨ ਦਾ ਫ਼ੈਸਲਾ ਲਿਆ। ਦੋਵੇਂ ਸਿਰਫਰਿਆਂ ਵਾਂਗ ਤੁਰ ਪਏ ਸੁਪਨੇ ਪੂਰੇ ਕਰਨ। ਇਸ ਦੌਰਾਨ ਨਿੰਜੇ ਨੇ ਮਿਹਨਤ ਦੇ ਨਾਲ ਨਾਲ ਰਿਆਜ਼ ਤੇ ਜਿੰਮ ਜਾਰੀ ਰੱਖੀ।

ਜੂਨ 2013 ‘ਚ ਨਿੰਜਾ ਪੱਕੇ ਤੌਰ ‘ਤੇ ਉਮੇਸ਼ ਦੇ ਘਰ ਆ ਟਿਕਿਆ। ਅਗਾਂਹ ਦੀ ਅਗਾਂਹ ਰਾਹ ਲੱਭ ਕੇ ਦੋਵੇਂ ਦਿੱਲੀ ਸੰਗੀਤਕਾਰ ਕੁੰਵਰ ਵਿਰਕ ਕੋਲ ਚਲੇ ਗਏ। ਉਸ ਦੇ ਸੰਗੀਤ ‘ਚ ਹੀ ਨਿੰਜੇ ਦਾ ਪਹਿਲਾ ਗੀਤ ‘ਅੰਡ ਮੰਡ ਕਾ ਟੋਲਾ’ ਆਇਆ। ਇਹ ਗੀਤ ਫ਼ਲਾਪ ਹੋ ਗਿਆ। ਗੀਤ ਗਾਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਗੀਤ ਤਾਂ ਪਹਿਲਾਂ ਹੀ ਕਿਸੇ ਦਾ ਕੰਪੋਜ਼ ਕੀਤਾ ਗਿਆ ਹੈ। ਗੀਤ ਤਾਂ ਫ਼ਲਾਪ ਹੋਇਆ ਹੀ ਉਤੋਂ ਇਸ ਗੀਤ ਦੇ ਪਹਿਲਾ ਹੱਕਦਾਰ ਅੱਗੇ ਵੀ ਜੇਬ ਖਾਲੀ ਕਰਨੀ ਪਈ। ਐਲਬਮ ਦਾ ਕੰਮ ਵਿੱਚੇ ਰਹਿ ਗਿਆ । ਵਕਤ ਆਪਣੀ ਚਾਲ ਚੱਲਦਾ ਗਿਆ। ਦੋਵਾਂ ਨੇ ਹਾਰ ਨਹੀਂ ਮੰਨੀ, ਹੌਂਸਲੇ ਨਾਲ ਅੱਗੇ ਵੱਧਦੇ ਗਏ। ਨਿੰਜੇ ਕੋਲ ‘ਪਿੰਡਾਂ ਵਾਲੇ ਜੱਟ ਗੀਤ ਦਾ ਅੰਤਰਾ ਤੇ ਸਥਾਈ ਪਿਆ ਸੀ। ਇਹ ਗੀਤ ਉਸ ਦੀ ਐਲਬਮ ਦਾ ਆਖਰੀ ਗੀਤ ਸੀ। ਬਲਜਿੰਦਰ ਮਹੰਤ ਦੇ ਕਹਿਣ ‘ਤੇ ਨਿੰਜਾ ਤੇ ਉਮੇਸ਼ ਦਿੱਲੀ ਮਿਊਜ਼ਿਕ ਡਾਇਰੈਕਟਰ ਜੇਐਸਐਲ ਨੂੰ ਮਿਲੇ। ਜੇਐਸਐਲ ਨੇ ਇਸ ਗੀਤ ਦਾ ਅੰਤਰਾ ਸੁਣਦਿਆਂ ਇਸ ਦੇ ਗੀਤਕਾਰ ਸਲੱਖਣ ਚੀਮਾ ਤੋਂ ਪੂਰਾ ਗੀਤ ਮੰਗਵਾਉਣ ਲਈ ਕਿਹਾ। ਗੀਤ ਮਿਲਦਿਆਂ ਹੀ ਕਰੀਬ ਇਕ ਘੰਟੇ ‘ਚ ਉਸ ਨੇ ਗੀਤ ਤਿਆਰ ਕਰ ਦਿੱਤਾ। ‘ਤੇਰਾ ਚੰਡੀਗੜ• ਹੋਜੂ ਜਵਾਂ ਸੰਨਾ ਜੇ ਪਿੰਡਾਂ ਵਾਲੇ ਜੱਟ ਮੁੜਗੇ”। ਵਿਕਸੀ ਨੇ ਇਸ ਗੀਤ ਦੀ ਵੀਡੀਓ ਬਣਾਈ। ਬੱਸ ਇਸ ਗੀਤ ਨੇ ਦੋਵਾਂ ਦੀ ਕਿਸਮਤ ਬਦਲ ਦਿੱਤੀ। ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਉਸ ਐਲਬਮ ਦੇ ਪਹਿਲੇ 5 ਗੀਤ ਰਿਲੀਜ਼ ਹੀ ਨਹੀਂ ਕੀਤੇ ਗਏ। ਨਿੰਜਾ ਗੌਰਵ ਭੱਲਾ ਤੋਂ ਚਰਚਿਤ ਗਾਇਕ ਨਿੰਜਾ ਬਣ ਗਿਆ। ਇਸ ਮਗਰੋਂ ਦੋਵਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪਹਿਲਾਂ ਕਰਜ਼ੇ ਲਾਹੇ ਤੇ ਫਿਰ ਘਰ ਪਰਿਵਾਰ ਸੈੱਟ ਕੀਤੇ।

ਸਾਲ 2015 ‘ਚ ਨਿੰਜੇ ਦੀ ਕਿਸਮਤ ਬਦਲ ਗਈ। ਇਸ ਮਗਰੋਂ ਉਸ ਦਾ ਹਰ ਗੀਤ ਹਿੱਟ ਰਿਹਾ। ਚਾਹੇ ਉਹ ਗੀਤ ਤੇਰੀ ਭਾਬੀ, ਠੋਕਦਾ ਰਿਹਾ ਜਾਂ ਫਿਰ ਕਿੰਨਾ ਪਿਆਰ ਸੀ ਨਾਲ ਤੇਰੇ, ਸਭ ਗੀਤ ਸਰੋਤਿਆਂ ਦੀ ਕਸਵੱਟੀ ‘ਤੇ ਖਰੇ ਉਤਰੇ। ਸਮਾਂ ਬਦਲਿਆ ਤਾਂ ਉਹ ਲੋਕ ਵੀ ਬਦਲ ਗਏ ਜਿਹੜੇ ਨਿੰਜੇ ਨੂੰ ਟਿੱਚ ਜਾਣਦੇ ਸਨ, ਪਰ ਠੇਢੇ ਖਾ ਖਾ ਸਿਆਣਾ ਹੋ ਚੁੱਕਾ ਨਿੰਜਾ ਚੁੱਪ ਚਾਪ ਆਪਣਾ ਕੰਮ ਕਰਦਾ ਗਿਆ। ਗਾਇਕੀ ‘ਚ ਸਫ਼ਲ ਨਿੰਜੇ ਕੋਲ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਉਣ ਲੱਗੀਆਂ, ਪਰ ਉਹ ਕਾਹਲੀ ‘ਚ ਕੁਝ ਨਹੀਂ ਕਰਨਾ ਚਾਹੁੰਦਾ ਸੀ। ਉਸ ਦੀਆਂ ਹੁਣ ਤੱਕ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਜਦਕਿ ਇਸ ਸਾਲ ਤਿੰਨ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣਗੀਆਂ। ਨਿੰਜੇ ਮੁਤਾਬਕ ਉਸ ਨੇ ਆਪਣੇ ਕੰਮ ਨਾਲ ਇਮਾਨਦਾਰੀ ਵਰਤੀ ਹੈ। ਉਸ ਮੁਤਾਬਕ ਇਸ ਖ਼ੇਤਰ ‘ਚ ਟੀਮ ਦਾ ਹੋਣਾ ਬਹੁਤ ਲਾਜ਼ਮੀ ਹੈ। ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦਾ ਅਤੇ ਉਮੇਸ਼ ਦਾ ਆਪਸੀ ਤਾਲਮੇਲ ਹੀ ਸਫ਼ਲਤਾ ਦਾ ਵੱਡਾ ਕਾਰਨ ਬਣਿਆ।
ਅੱਜ ਅਸੀਂ ਉਸਦੇ ਜਨਮ ਦਿਨ ‘ਤੇ ਉਸ ਨੂੰ ਸ਼ੁਭ ਕਾਮਨਾਵਾਂ ਭੇਟ ਕਰਦੇ ਹੋਏ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ•ਾਂ ਹੀ ਆਪਣੇ ਸੋਰਤਿਆਂ ਦਾ ਅਜ਼ੀਜ਼ ਗਾਇਕ ਬਣਿਆ ਰਹੇ ਤੇ ਉਸ ਨੂੰ ਹਮੇਸ਼ਾ ਹੀ ਇਸੇ ਤਰ•ਾਂ ਮਣਾਂ ਮੂੰਹੀ ਪਿਆਰ ਮਿਲਦਾ ਰਹੇ।

Comments & Feedback