fbpx

ਅਲਵਿਦਾ ਪਰਗਟ ਸਿੰਘ ਲਿਦੜਾਂ 

Posted on March 12th, 2019 in Article

ਉਸ ਕੋਲ ਸੁਹਜ ਸੀ, ਸਹਿਜ ਸੀ, ਪਿੰਡ ਦੀ ਰੂਹ ਸੀ। ਉਸ ਕੋਲ ਪਿੰਡ ਵਾਲਿਆਂ ਦਾ ਕੈਨਵਸ ਸੀ। ਉਸ ਕੈਨਵਸ ਨੂੰ ਉਹ ਆਪਣੀ ਗੀਤਕਾਰੀ ‘ਚ ਤਰਾਸ਼ਦਾ ਸੀ ਅਤੇ ਉਹਦੀ ਗੀਤਕਾਰੀ ਮੁੰਕਮਲ ਪੰਜਾਬ ਦਾ ਵਹੀਖਾਤਾ ਮਹਿਸੂਸ ਹੁੰਦਾ ਸੀ। ਜਿਸ ਬੰਦੇ ਨੇ ਆਪਣੇ ਹਰਫਾਂ ਨਾਲ ਗੀਤਕਾਰੀ ਅੰਦਰ ਦੀ ਕਾਵਿਕਤਾ ਨੂੰ ਜਿਊਂਦਾ ਰੱਖਿਆ ਅਤੇ ਆਪਣੇ ਗੀਤ ਚਾਹੇ ਉਹ ਕਿਸੇ ਵੀ ਵਿਧਾ ਦੇ ਹੋਣ ਉਸ ‘ਚੋਂ ਮਿੱਟੀ ਦਾ ਮੁਹਾਵਰਾ ਗਵਾਚਣ ਨਾ ਦਿੱਤਾ ਹੋਵੇ ਉਹ ਹੁਣ ਖੁਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪੰਜਾਬੀ ਗੀਤਕਾਰ ਪਰਗਟ ਸਿੰਘ ਲਿਦੜਾਂ ਦੇ ਤੁਰ ਜਾਣ ਨਾਲ ਪੰਜਾਬੀ ਗੀਤਕਾਰੀ ਦੇ ਸਾਦ ਮੁਰਾਦੇ ਵਰਤਾਰੇ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ। ਪਰਗਟ ਸਿੰਘ ਦੇ ਗੀਤਾਂ ‘ਚ ਪੰਜਾਬ ਦੇ ਕਾਰ ਵਿਹਾਰ ਦੇ ਸੁਭਾਅ ਨੂੰ ਪੇਸ਼ ਕਰਨ ਦੀ ਸਮਝ ਸੀ। ਉਹਨਾਂ ਦੇ ਗੀਤਾਂ ‘ਚ ਮਹਿਸੂਸ ਹੁੰਦਾ ਸੀ ਕਿ ਪੰਜਾਬ ਦੇ ਪਿੰਡ ਜਿਊਂਦੇ ਕਿਵੇਂ ਹੋਣਗੇ। ਇਸ ਗੀਤ ਦਾ ਨਮੂਨਾ ਪੜ•ੋ-
ਜਿਸ ਵੇਲੇ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਜੱਟ
ਤੋਰੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ
ਉਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
ਸਾਰੀ ਹੀ ਉਮਰ ਤੇਰਾ ਤਾਰੀ ਜਾਊਂ ਮੁੱਲ ਵੇ
ਬਤੌਰ ਗੀਤਕਾਰ ਪਰਗਟ ਸਿੰਘ ਦੀ ਗੀਤਕਾਰੀ ‘ਚ ਮੈਨੂੰ ਉਹਨਾਂ ਦੀ ਇਹ ਤਰਾਸ਼ ਬਹੁਤ ਸੋਹਣੀ ਲੱਗਦੀ ਹੈ।ਉਹਨਾਂ ਦੇ ਸਿਰਜੇ ਪ੍ਰੇਮ ਗੀਤ ਦੀ ਤਰਜ਼ ‘ਚ ਮੁਹੱਬਤ ਦੇ ਇਜ਼ਹਾਰ ‘ਚ ਵੀ ਪੰਜਾਬ ਦਾ ਮੁਹਾਵਰਾ ਨਹੀਂ ਗਵਾਚਦਾ।ਇੰਝ ਦੇ ਉਹਨਾਂ ਦੇ ਅਣਗਿਣਤ ਗੀਤ ਹਨ ਜੋ ਹੈ ਤਾਂ ਪ੍ਰੇਮ ਗੀਤ ਪਰ ਉਹਨਾਂ ‘ਚ ਪੰਜਾਬ ਦੇ ਸਮੇਂ,ਮੌਸਮ,ਮਾਹੌਲ,ਪੇਂਡੂ ਜ਼ਿੰਦਗੀ ਦਾ ਕ੍ਰਾਫਟ ਉਚੇਚਾ ਮਹਿਸੂਸ ਹੋਵੇਗਾ। ਉਹਨਾਂ ਦੇ ਗੀਤਾਂ ‘ਚ ਵੈਰਾਗ ਹੈ।ਸਾਂਝਾ ਪੰਜਾਬ ਹੈ।ਪਰਗਟ ਦੇ ਗੀਤਾਂ ‘ਚ ਪੰਜਾਬ ਦਾ ਉਹ ਲੋਕ ਮੁਹਾਵਰਾ ਵੀ ਮਹਿਸੂਸ ਹੁੰਦਾ ਹੈ ਜਿਹੜਾ ਗੁਰਬਾਣੀ ਅਤੇ ਸਾਧ ਬਾਣੀ ਦੀ ਸਮਝ ਤੋਂ ਪੈਦਾ ਹੋਇਆ।
ਮਨ ਦਾ ਪੰਛੀ ਕੈਦ ਇੱਥੋਂ ਹੁਣ ਉੱਡਣਾ ਚਾਹਵੇ
ਇਸ ਨਿਰਮੋਹੀ ਨਗਰੀ ਦਾ ਮਾਏ ਹੁਣ ਮੋਹ ਨਾ ਆਵੇ
ਪਰਗਟ ਬਦਲ ਰਹੇ ਦੌਰ ਦੇ ਨਵੇਂ ਜਮਾਨੇ ਦਾ ਪੰਜਾਬ ‘ਤੇ ਪੈਂਦਾ ਅਸਰ ਵੀ ਵੇਖ ਰਿਹਾ ਹੈ ਅਤੇ ਖਿੰਡੇ ਪੰਜਾਬ ਦੇ ਨਿਸ਼ਾਨ ਵੀ ਮਹਿਸੂਸਦਾ ਹੈ।ਉਹਨਾਂ ਦੀ ਗੀਤਕਾਰੀ ‘ਚ ਅਜਿਹਾ ਹੋਣਾ ਸ਼ਾਇਦ ਇਸ ਕਰਕੇ ਹੋਵੇ ਕਿਉਂ ਕਿ ਉਹ ਪੁਰਾਣੀ ਦੇ ਨਵੀਂ ਸਦੀ ਦੇ ਵਿਚਕਾਰ ਦੇ ਬੰਦੇ ਹਨ।ਅਜਿਹੀ ਕਈ ਉਦਾਹਰਨਾਂ ਹਨ ਜਿੰਨਾਂ ‘ਚ ਉਹਨਾਂ ਦੇ ਗੀਤ ਦੀ ਬਣਤਰ ਦਾ ਧੁਰਾ ਚਾਹੇ ਪ੍ਰੇਮ ਕਹਾਣੀ ਹੀ ਹੋਵੇ ਪਰ ਉਹਨਾਂ ਦੀ ਬਤੌਰ ਗੀਤਕਾਰ ਚਿੰਤਾ ਉਸ ਤੋਂ ਕਿਤੇ ਵੱਡੀ ਹੈ।
ਸਾਡੇ ਖਿੜੇ ਅਰਮਾਨ ਅੱਜ ਹੋ ਗਏ ਵੇ ਮਿਧੇ ਹੋਏ ਗੁਲਾਬ ਦੀ ਤਰ•ਾਂ
ਹੁਣ ਰੱਬੀ ਜਾਂ ਸਬੱਬੀ ਮੇਲ ਹੋਣਗੇ ਵੇ ਵੰਡੇ ਹੋਏ ਪੰਜਾਬ ਦੀ ਤਰ•ਾਂ
ਪਰਗਟ ਸਿੰਘ ਜਦੋਂ ਪੰਜਾਬ ਦੀ ਕੁੜੀ ਦੀ ਵਡਿਆਈ ਵੀ ਕਰਦੇ ਹਨ ਤਾਂ ਉਹ ਸਮੁੱਚੀ ਗੀਤਕਾਰੀ ਤੋਂ ਬਹੁਤ ਵੱਖਰੀ ਹੈ ਜਿਹਨਾਂ ਸੁਹਪਣ ਦੇ ਨਾਮ ‘ਤੇ ਕੁੜੀ ਦਾ ਚੀਰ ਫਾੜ ਹੀ ਕੀਤਾ ਹੈ।ਪੰਜਾਬ ਦੇ ਗੀਤਾਂ ‘ਚ ਕਾਮੁਕਤਾ ਦਾ ਬਿਆਨ ਘੱਟ ਹੈ ਲੱਚਰਤਾ ਵੱਧ ਹੈ।ਇਹ ਬਹਿਸ ਸਦਾ ਤੁਰਦੀ ਰਹੀ ਹੈ ਕਿ ਪੰਜਾਬੀ ਗੀਤਕਾਰੀ ਜਨਾਨੀ ਵਿਰੋਧੀ,ਹਥਿਆਰਾਂ,ਜਾਤਾਂ ਦਾ ਮਾਣ ਅਤੇ ਕਾਰਾਂ ਟਰੈਕਟਰਾਂ ਦਾ ਗੁਣਗਾਣ ਬਹੁਤਾ ਹੈ।ਗੀਤਕਾਰੀ ਸਾਹਿਤ ਦੀ ਵਿਧਾ ਹੈ ਅਤੇ ਕਾਮੁਕਤਾ ਬੰਦੇ ਦੇ ਜਜ਼ਬਾਤ ਦਾ ਹਿੱਸਾ ਹੈ।ਪਹਿਲਾਂ ਦੀ ਗੀਤਕਾਰੀ ਤੋਂ ਲੈਕੇ ਲੋਕ ਗੀਤਾਂ ‘ਚ ਵੀ ਇਹਦੀ ਛੋਹ ਮਿਲੇਗੀ ਪਰ ਹੁਣ ਦੀ ਗੀਤਕਾਰੀ ‘ਚ ਇਹ ਵੱਖਰੀ ਹੈ।ਲੋਕ ਗੀਤਾਂ ‘ਚ ਉਹ ਸਹਿਜ ਜਜ਼ਬਾਤ ਦਾ ਹਿੱਸਾ ਹੈ ਪਰ ਹੁਣ ਪੂਰਾ ਸੋਚ ਸਮਝਕੇ ਮਿੱਥਕੇ ਪੇਸ਼ ਕੀਤਾ ਲੁੱਚਪੁਣਾ ਹੈ।ਪਰਗਟ ਸਿੰਘ ਦੀ ਗੀਤਕਾਰੀ ‘ਚ ਕੁੜੀ ਦੇ ਸੁਹਪਣ ਦਾ ਸੁਹਜ ਵੀ ਪੰਜਾਬ ਦੀ ਖੂਬਸੂਰਤੀ ਦੇ ਬਿੰਬ ਮਾਰਫਤ ਜ਼ਿਕਰ ‘ਚ ਆਉਂਦਾ ਹੈ।ਗੀਤ ਪੰਜਾ ਪਾਣੀਆਂ ਦੀ ਹੂਰ ਦੀ ਇਹ ਸਤਰ ਪੜ•ੋ-
ਤੇਰਾ ਮਾਲਵੇ ਦੇ ਟਿੱਬਿਆ ਦੀ ਰੇਤ ਜਿਹਾ ਰੰਗ
ਜਾਂ
ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ
ਇੱਕੋ ਚੰਨ ਸੀ ਅੰਬਰੀ ਬੱਦਲਾਂ ਲਕੋ ਲਿਆ
ਪਰਗਟ ਸਿੰਘ ਦਾ ਇੱਕ ਗੀਤ ਆਪਣੇ ਵੇਲੇ ਦਾ ਸਭ ਤੋਂ ਸ਼ਾਨਦਾਰ ਸਿਆਸੀ ਗੀਤ ਹੈ।ਇਹ ਪਰਗਟ ਸਿੰਘ ਦਾ ਹੁਨਰ ਹੈ ਕਿ ਕੋਈ ਪ੍ਰੇਮ ਗੀਤ ਇੰਝ ਦਾ ਸਿਆਸੀ ਗੀਤ ਵੀ ਬਣ ਸਕਦਾ ਹੈ।
ਮੇਰੇ ਪਿੰਡ ਦੀ ਨਹਿਰ ਵਿੱਚੋਂ,ਪਾਣੀ ਲੁੱਟਕੇ ਲੈ ਗਈ ਹੂਰ ਕੁੜੀ
ਆਹ ਦਿੱਲੀ ਦੇ ਵਿੱਚ ਵੱਸਦੀ ਐ,ਐਨੀ ਰਹਿੰਦੀ ਵੀ ਨਹੀਂ ਦੂਰ ਕੁੜੀ
ਬਤੌਰ ਪੰਜਾਬ ਆਪਣੇ ਕੁਦਰਤੀ ਸਰੋਤਾਂ ਦੀ ਲੁੱਟ ‘ਚੋਂ ਹੁਣ ਜਿਸ ਮੁਹਾਨੇ ‘ਤੇ ਖੜ•ਾ ਹੈ ਇਹ ਵੱਡਾ ਸੰਕਟ ਹੈ।ਇਹ ਪੰਜਾਬ ਸਮਾਜਿਕ,ਧਾਰਮਿਕ,ਆਰਥਿਕ ਤ੍ਰਾਸਦੀਆਂ ‘ਚੋਂ ਲੰਘ ਰਿਹਾ ਹੈ।ਇਸ ਪੰਜਾਬ ‘ਚ ਖੇਤੀਬਾੜੀ ਅਤੇ ਕਿਸਾਨੀ ਤਾਂ ਸੰਕਟ ‘ਚ ਹੈ ਹੀ ਪਰ ਕਿਸਾਨ ਖੁਦਕੁਸ਼ੀਆਂ,ਗੰਦਲੇ ਪਾਣੀ,ਪਾਣੀਆਂ ਦੀ ਲੁੱਟ,ਮਜ਼ਦੂਰਾਂ ਦੀ ਮਾੜੀ ਹਾਲਤ,ਪਰਵਾਸ ਕਰਦਾ ਪੰਜਾਬ,ਪ੍ਰਦੂਸ਼ਤ ਹਵਾ,ਪਾਣੀ,ਮਿੱਟੀ ‘ਚ ਪੰਜ ਦਰਿਆਵਾਂ ਦਾ ਪੰਜਾਬ ਸਦਾ ਤ੍ਰਾਸਦੀਆਂ ਦਰ ਤ੍ਰਾਸਦੀਆਂ ਵੱਡੀ ਮਾਰ ਥੱਲੋਂ ਲੰਘ ਰਿਹਾ ਹੈ।ਦਿੱਲੀ ਨਾਮ ਦੇ ਇਸੇ ਗੀਤ ਦੇ ਹੋਰ ਬੋਲ ਹਨ-
ਪਾਣੀ ਬਾਝੋਂ ਖੇਤ ਮੇਰੇ ਰਹਿੰਦੇ ਬੜੇ ਪਿਆਸੇ ਨੇ
ਕਣਕ ਦੇ ਬੂਟੇ ਜਨਮ ਵੇਲੇ ਹੁੰਦੇ ਬੜੇ ਉਦਾਸੇ ਨੇ
ਦਰਿਆਵਾਂ ਦੇ ਮਾਲਕ ਨੂੰ ਪਾਣੀ ਦੇ ਮਾਇਨੇ ਦੱਸਦੀ ਐ
ਪਰ ਬੰਜਰ ਬਣਦੀ ਧਰਤੀ ‘ਤੇ ਅੰਦਰੋ ਅੰਦਰੀ ਹੱਸਦੀ ਐ
ਪਰਗਟ ਸਿੰਘ ਬਤੌਰ ਗੀਤਕਾਰ ਜੋ ਇਸ਼ਾਰੇ ਕਰਦਾ ਹੈ ਉਹਨੂੰ ਸਮਝਣ ਲਈ ਹਵਾਲਾ ਇਹ ਹੈ ਕਿ ਸਦੀਆਂ ਤੋਂ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਭਰੀ ਧਰਤੀ ਨੇ ਖੇਤੀ ਕੀਤੀ ਉਥੋਂ ਦੇ ਕਿਸਾਨਾਂ ਨੂੰ ਗੁੜਤੀ ‘ਚ ਮਿਲੀ ਖੇਤੀ ਹੁਣ ਵੱਡੇ ਵਿੱਦਿਅਕ ਅਦਾਰਿਆਂ ਹੱਥੋਂ ਚਣੌਤੀ ‘ਚੋਂ ਲੰਘ ਰਹੀ ਹੈ।ਪੰਜਾਬ ਦੇ ਮੁਹਾਵਰੇ ‘ਚ ਕਾਂ ਚਿੜੀ ਦੀਆਂ ਕਹਾਣੀਆਂ ਹਨ।ਚਿੜੀ ਦੇ ਲੋਕ ਗੀਤ ਹਨ ਪਰ ਖੇਤੀਬਾੜੀ ਯੂਨੀਵਰਸਿਟੀ ਬਕਾਇਦਾ ਦੁਸ਼ਮਣ ਪੰਛੀ ਦੇ ਰੂਪ ‘ਚ ਚਿੜੀ ਦੀ ਪਛਾਣ ਕਰਦੀ ਹੈ।ਇਹ ਵੀ ਵੱਡੀ ਤ੍ਰਾਸਦੀ ਹੈ ਕਿ ਹੁਣ ਪੰਛੀ ਵੀ ਦੁਸ਼ਮਣ ਬਣ ਗਏ? ਕਦੀ ਯੂਂਨੀਵਰਸਿਟੀ ਦੀਆਂ ਸਿਫਾਰਿਸ਼ਾਂ ‘ਚ ਸੀ ਕਿ ਸਫੈਦਾ ਲਾਓ।ਸਾਲਾਂ ਬਾਅਦ ਕਹਿੰਦੇ ਕਿ ਪਾਣੀ ਬਹੁਤ ਪੀਂਦਾ ਹੈ ਨਾ ਲਾਓ।ਕਦੀ ਕਹਿੰਦੇ ਸੀ ਅੱਗ ਲਾਓ ਇੰਝ ਮਿੱਟੀ ‘ਚ ਕਾਰਬਨ ਵੱਧਦੀ ਹੈ।ਸਾਲਾਂ ਬਾਅਦ ਆਕੇ ਹੁਣ ਕਿਹਾ ਜਾ ਰਿਹਾ ਹੈ ਕਿ ਅੱਗ ਨਾ ਲਓ ਗਲੋਬਲ ਵਾਰਮਿੰਗ ਵੱਧ ਰਹੀ ਹੈ।ਸੋ ਪਰਗਟ ਸਿੰਘ ਨੂੰ ਯਾਦ ਕਰਦਿਆਂ ਉਹਨਾਂ ਦੇ ਮੁੜ ਮੁੜ ਗੀਤ ਪੰਜਾਬ,ਦਿੱਲੀ ਅਤੇ ਅਜਿਹੇ ਗੀਤ ਸੁਣਿਓ।ਪੰਜਾਬੀ ਗੀਤਕਾਰੀਆਂ ‘ਚ ਸੁਹਜ ਗੀਤਾਂ ਦੇ ਇਸ ਗੀਤਕਾਰ ਨੂੰ ਇਹੋ ਜਾਂਦੀ ਵਾਰ ਦਾ ਸਲਾਮ ਹੋਵੇਗਾ।
ਹਰਪ੍ਰੀਤ ਸਿੰਘ ਕਾਹਲੋਂ

Comments & Feedback