ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਗਿੱਪੀ ਗਰੇਵਾਲ ਦੀ ਫ਼ਿਲਮ ‘ਮੰਜੇ ਬਿਸਤਰੇ 2’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਟਾਈਟਲ ਟਰੈਕ ਸਮੇਤ ਦੋ ਗੀਤ ਰਿਲੀਜ਼ ਕੀਤੇ ਗਏ ਸਨ, ਜੋ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਛਾਏ ਹੋਏ ਹਨ। ਦੱਸ ਦਈਏ ਕਿ ਸ਼ੂਟਿੰਗ ਵੇਲੇ ਤੋਂ ਹੀ ਚਰਚਾ ‘ਚ ਬਣੀ ਹੋਈ ਗਿੱਪੀ ਗਰੇਵਾਲ ਦੀ ਇਹ ਫ਼ਿਲਮ ‘ਮੰਜੇ ਬਿਸਤਰੇ’ ਦਾ ਸੀਕੁਅਲ ਹੈ। ਇਸ ਸੀਕੁਅਲ ਦੀ ਸ਼ੂਟਿੰਗ ਕੈਨੇਡਾ ‘ਚ ਕੀਤੀ ਗਈ ਹੈ। ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ ਜਿਸ ਵਿੱਚ ਕੈਨੇਡਾ ‘ਚ ਵੱਸਦੇ ਪੰਜਾਬੀ ਪਰਿਵਾਰਾਂ ਦੇ ਵਿਆਹ ਸੱਭਿਆਚਾਰ ਨੂੰ ਦਰਸਾਇਆ ਜਾਵੇਗਾ। ਫ਼ਿਲਮ ਦੇ ਟ੍ਰੇਲਰ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਫ਼ਿਲਮ ਦਿਲਚਸਪ ਤੇ ਕਾਮੇਡੀ ਨਾਲ ਭਰਪੂਰ ਹੋਵੇਗੀ। ਗਿੱਪੀ ਗਰੇਵਾਲ ਦੀ ਹੀ ਲਿਖੀ ਇਸ ਫ਼ਿਲਮ ਦੇ ਡਾਇਲਾਗ ਨਾਰੇਸ਼ ਕਥੂਰੀਆ ਨੇ ਲਿਖੇ ਹਨ।
ਗਿੱਪੀ ਗਰੇਵਾਲ ਵੱਲੋਂ ਹੀ ਆਪਣੇ ਨਿੱਜੀ ਬੈਨਰ ‘ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ 12 ਅਪ੍ਰੈਲ ਨੂੰ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਪਹਿਲਾਂ ਨਾਲੋਂ ਵੀ ਦਿਲਚਸਪ ਹੋਵੇਗੀ। ਕੈਨੇਡਾ ਵਰਗੇ ਮੁਲਕ ਵਿੱਚ ਫ਼ਿਲਮਾਈ ਗਈ ਇਸ ਫ਼ਿਲਮ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੈਨੇਡਾ ਵਰਗੇ ਮੁਲਕ ਵਿੱਚ ਪੰਜਾਬੀ ਲੋਕ ਕਿਸ ਤਰੀਕੇ ਨਾਲ ਅਤੇ ਕਿੰਨਾ ਰਸਮਾਂ ਨਾਲ ਵਿਆਹ ਕਰਦੇ ਹਨ। ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਸਰਦਾਰ ਸੋਹੀ, ਰਾਣਾ ਰਣਬੀਰ, ਰਾਣਾ ਜੰਗ ਬਹਾਦਰ, ਕਰਮਜੀਤ ਅਨਮੋਲ, ਜੱਗੀ ਸਿੰਘ, ਮਲਕੀਤ ਰੌਣੀ, ਰਘਬੀਰ ਬੋਲੀ, ਅਨੀਤਾ ਦੇਵਗਨ, ਗੁਰਪੀ੍ਰਤ ਕੌਰ ਭੰਗੂ ਅਤੇ ਨਿਸ਼ਾ ਬਾਨੋ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ। ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਦਾ ਮਿਊਜ਼ਿਕ ਜੱਸੀ ਕਟਿਆਲ, ਗੁਰਮੀਤ ਸਿੰਘ ਅਤੇ ਸੋਲ ਰੌਕਰਸ ਨੇ ਤਿਆਰ ਕੀਤਾ ਹੈ। ਜਤਿੰਦਰ ਸ਼ਾਹ ਦੇ ਪਿੱਠਵਰਤੀ ਸੰਗੀਤ ਨਾਲ ਸਜੀ ਇਸ ਫ਼ਿਲਮ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਇਹ ਫ਼ਿਲਮ ਕੈਨੇਡਾ ਵਰਗੇ ਮੁਲਕਾਂ ਵਿਚ ਪੰਜਾਬੀ ਫ਼ਿਲਮਾਂ ਦਾ ਨਵਾਂ ਰਾਹ ਬਣਾਵੇਗੀ। ਇਹੀ ਨਹੀਂ ਇਸ ਫ਼ਿਲਮ ਨਾਲ ਪੰਜਾਬੀ ਸਿਨੇਮੇ ਵਿੱਚ ਵਿਸ਼ਾ ਪੱਖ ਤੋਂ ਵੀ ਇਕ ਤਾਜ਼ਗੀ ਆਵੇਗੀ। ਯਾਦ ਰਹੇ ਕਿ ਗਿੱਪੀ ਗਰੇਵਾਲ ਦੀ ‘ਮੰਜੇ ਬਿਸਤਰੇ 1’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਹੀ ਪੰਜਾਬੀ ਸਿਨੇਮੇ ‘ਚ ਵਿਆਹਾਂ ਵਾਲੀਆਂ ਫ਼ਿਲਮਾਂ ਦਾ ਰੁਝਾਨ ਸ਼ੁਰੂ ਹੋਇਆ ਸੀ। ਲਗਭਗ ਇਕੋ ਜਿਹੇ ਵਿਆਹਾਂ ਵਾਲੀਆਂ ਫ਼ਿਲਮਾਂ ਦੇ ਦੌਰ ‘ਚ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਵਿਸ਼ਾ ਪੱਖ ਤੋਂ ਇਕ ਤਾਜ਼ਗੀ ਪ੍ਰਦਾਨ ਕਰੇਗੀ।


