fbpx

ਕੱਲ ਰਿਲੀਜ਼ ਹੋ ਰਹੀ ਹੈ ’15 ਲੱਖ ਕਦੋਂ ਆਉਂਣਗੇ’, ਜਾਣੋ ਕੀ ਹੈ ਖਾਸ 

Posted on May 9th, 2019 in News

ਫ਼ਿਲਮ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕੱਲ, 10 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ’15 ਲੱਖ ਕਦੋਂ ਆਉਂਣਗੇ’ ਸਿਆਸਤ ‘ਤੇ ਵਿਅੰਗ ਕਰਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਨ•ਾਂ ਦੇ ਖਾਤਿਆਂ ‘ਚ 15 15 ਲੱਖ ਰੁਪਏ ਆਉਂਣਗੇ, ਜੋ ਅਜੇ ਤੱਕ ਨਹੀਂ ਆਏ।


ਸਿਆਸੀ ਜੁਮਲਾ ਬਣਾ ਚੁੱਕੇ ਇਸ ਮੁੱਦੇ ‘ਤੇ ਹੀ ਅਧਾਰਿਤ ਹੈ ਇਹ ਫ਼ਿਲਮ। ਇਹ ਫ਼ਿਲਮ ਸਿਆਸੀ ਲੀਡਰਾਂ ਵੱਲੋਂ ਆਮ ਲੋਕਾਂ ਨਾਲ ਕੀਤੇ ਜਾਂਦੇ ਵਾਅਦਿਆਂ ‘ਤੇ ਵਿਅੰਗ ਕਰਦੀ ਹੋਈ, ਆਮ ਲੋਕਾਂ ਦੀ ਹੋਣੀ ਦੇ ਨਾਲ ਨਾਲ ਅਖੌਤੀ ਲੀਡਰਾਂ ‘ਤੇ ਵੀ ਕਟਾਕਸ਼ ਕਰਦੀ ਹੈ। ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰ’ ਵੱਲੋਂ ਬਣਾਈ ਗਈ ਨਿਰਮਾਤਾ ਰੁਪਾਲੀ ਗੁਪਤਾ ਦੀ ਇਸ ਫ਼ਿਲਮ ਨੂੰ ਮਨਪ੍ਰੀਤ ਬਰਾੜ ਨੇ ਨਿਰਦੇਸ਼ਤ ਕੀਤਾ ਹੈ। ਸੁਰਮੀਤ ਮਾਵੀ ਦੀ ਲਿਖੀ ਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦੀ ਕਾਫ਼ੀ ਚਰਚਾ ਹੈ। ਫ਼ਿਲਮ ‘ਚ ਰਵਿੰਦਰ ਗਰੇਵਾਲ ਨਾਲ ਪੂਜਾ ਵਰਮਾ, ਹੌਬੀ ਧਾਲੀਵਾਲ, ਮਲਕੀਤ ਰੌਣੀ, ਯਾਦ ਗਰੇਵਾਲ, ਜਸਵੰਤ ਰਠੋੜ, ਖਿਆਲੀ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ ਅਤੇ ਅਜੇ ਜੇਠੀ ਅਹਿਮ ਭੂਮਿਕਾ ‘ਚ ਦਿਖਾਈ ਦੇਣਗੇ।

ਸੁਰਮੀਤ ਮਾਵੀ ਵੱਲੋਂ ਲਿਖੇ ਸਕਰੀਨਪਲੇ ‘ਤੇ ਅਧਾਰਿਤ ਇਹ ਫ਼ਿਲਮ ਪੰਜਾਬੀ ਦੀ ਆਪਣੇ ਕਿਸਮ ਦੀ ਇਹ ਪਹਿਲੀ ਫ਼ਿਲਮ ਹੈ, ਜੋ ਸਿੱਧੇ ਤੌਰ ‘ਤੇ ਸਿਆਸੀ ਟਿੱਪਣੀ ਕਰਦੀ ਹੈ। ਇਹ ਫ਼ਿਲਮ ਪੰਜਾਬੀ ਸਿਨੇਮੇ ਲਈ ਇਕ ਨਵਾਂ ਤਜ਼ਰਬਾ ਸਾਬਤ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬੀ ਵਿੱਚ ਸਮਾਜਿਕ ਤੇ ਕਈ ਹੋਰ ਅਹਿਮ ਮੁੱਦਿਆਂ ‘ਤੇ ਕਟਾਕਸ਼ ਕਰਨ ਵਾਲੀਆਂ ਫ਼ਿਲਮਾਂ ਦੀ ਗਿਣਤੀ ਆਟੇ ‘ਚ ਲੂਣ ਦੇ ਬਰਾਬਰ ਹੀ ਹੈ।  ਵਿਆਹਾਂ, ਪੀਰੀਅਡ ਫ਼ਿਲਮਾਂ ਅਤੇ ਅਜਿਹੇ ਹੀ ਮੁੱਦਿਆਂ ਵਾਲੀਆਂ ਫ਼ਿਲਮਾਂ ‘ਚ ਘਿਰੇ ਪੰਜਾਬੀ ਸਿਨੇਮੇ ਨੂੰ ਅਜਿਹੇ ਮੁੱਦਾ ਭਰਪੂਰ ਫ਼ਿਲਮਾਂ ਦੀ ਬੇਹੱਦ ਜ਼ਰੂਰਤ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਇਸ ਰਵਾਇਤ ਨੂੰ ਤੋੜਦੀ ਹੋਈ ਇਕ ਨਵੀਂ ਪਿਰਤ ਪਾ ਸਕਦੀ ਹੈ।  ਇਹ ਫ਼ਿਲਮ ਇਸੇ ਲਈ ਹੀ ਆਮ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਹੈ ਕਿ ਇਹ ਫ਼ਿਲਮ ਫ਼ਿਲਮੀ ਨਾ ਹੋ ਕੇ ਆਮ ਲੋਕਾਂ ਦੀ ਕਹਾਣੀ ਹੈ।

Comments & Feedback