fbpx

ਅਮਰਿੰਦਰ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਦੇ ਸਿਰ ‘ਤੇ ਮੁੜ ਖੇਡਿਆ ਦਾਅ

Posted on May 27th, 2019 in News

ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਪੰਜਾਬੀ ਦਾ ਵਾਹਦ ਅਜਿਹਾ ਕਲਾਕਾਰ ਕਿਹਾ ਜਾ ਸਕਦਾ ਹੈ ਜੋ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦੇ ਸਿਰ ‘ਤੇ ਵੱਡੇ ਵੱਡੇ ਰਿਸਕ ਲੈਣ ਨੂੰ ਵੀ ਤਿਆਰ ਹੋ ਜਾਂਦਾ ਹੈ। ਇਹੀ ਨਹੀਂ ਉਹ ਹਮੇਸ਼ਾ ਕਾਮਯਾਬ ਵੀ ਹੁੰਦਾ ਹੈ। ਪੰਜਾਬੀ ਫ਼ਿਲਮ ‘ਅਸ਼ਕੇ’ ਇਸ ਗੱਲ ਦੀ ਉਦਾਹਰਣ ਕਹੀ ਜਾ ਸਕਦੀ ਹੈ। ਬਿਨਾਂ ਕਿਸੇ ਪਬਲੀਸਿਟੀ ਅਤੇ ਟ੍ਰੇਲਰ ਤੋਂ ਰਿਲੀਜ਼ ਹੋਈ ਇਸ ਫ਼ਿਲਮ ਨੇ ਅਮਰਿੰਦਰ ਗਿੱਲ ਦੇ ਦਰਸ਼ਕਾਂ ਦੇ ਸਿਰ ‘ਤੇ ਹੀ ਆਪਾਰ ਸਫ਼ਲਤਾ ਹਾਸਲ ਕੀਤੀ ਸੀ। ਇਹੀ ਨਹੀਂ ਅਮਰਿੰਦਰ ਵੀ ਕਦੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਹੋਣ ਦਿੰਦਾ। ਅੱਜ ਕੱਲ• ਉਹ ਆਪਣੀ ਫ਼ਿਲਮ ‘ਲਾਈਏ ਜੇ ਯਾਰੀਆਂ’ ਨਾਲ ਚਰਚਾ ‘ਚ ਹੈ। ਭਾਰਤ ਵਿੱਚ 5 ਅਤੇ ਵਿਦੇਸ਼ਾਂ ਵਿੱਚ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿ ਇਹ ਫ਼ਿਲਮ ਸਲਮਾਨ ਖਾਨ ਦੀ ਫ਼ਿਲਮ ‘ਭਾਰਤ’ ਦੇ ਬਰਾਬਰ ਰਿਲੀਜ਼ ਹੋ ਰਹੀ ਹੈ। ਅਮਰਿੰਦਰ ਗਿੱਲ ਇਕਲੌਤਾ ਅਜਿਹਾ ਹੀਰੋ ਹੈ ਜੋ ਆਪਣੇ ਦਰਸ਼ਕਾਂ ਦੇ ਭਰੋਸੇ ਕਿਸੇ ਦਿੱਗਜ ਬਾਲੀਵੁੱਡ ਹੀਰੋ ਦੇ ਬਰਾਬਰ ਫ਼ਿਲਮ ਰਿਲੀਜ਼ ਕਰਨ ਤੋਂ ਵੀ ਕਦੇ ਨਹੀਂ ਘਬਰਾਇਆ। ਜਿਥੇ ਦਰਸ਼ਕ ਉਸ ਦਾ ਹਮੇਸ਼ਾ ਸਾਥ ਦਿੰਦੇ ਹਨ ਉਥੇ ਉਹ ਵੀ ਆਪਣੀ ਹਰ ਫ਼ਿਲਮ ਨਾਲ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰਦਾ ਹੈ।


ਕਾਬਲੇਗੌਰ ਹੈ ਕਿ ਉਸ ਦੀ ਇਸ ਨਵੀਂ ਫ਼ਿਲਮ ਵਿੱਚ ਉਸ ਨਾਲ ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪੀ ਕੌਰ ਸਮੇਤ ਕਈ ਹੋਰ ਨਾਮੀਂ ਅਦਾਕਰ ਨਜ਼ਰ ਆਉਂਣਗੇ। ਫ਼ਿਲਮ ਦਾ ਪਹਿਲਾ ਗੀਤ ਹਾਲਹਿ ਵਿੱਚ ਰਿਲੀਜ਼ ਹੋਇਆ ਹੈ, ਜਿਸ ਨੂੰ ਚੁਫੇਰਿਓਂ ਭਰਪੂਰ ਹੁੰਗਾਰਾ ਮਿਲਿਆ ਹੈ। ਸੁੱਖ ਸੰਘੇੜਾ ਵੱਲੋਂ ਨਿਰਦੇਸ਼ਤ ਕੀਤੀ ਅਤੇ ਧੀਰਜ ਰਤਨ ਦੀ ਲਿਖੀ ਉਸਦੀ ਇਹ ਫ਼ਿਲਮ ਵੀ ਪਹਿਲੀਆਂ ਫ਼ਿਲਮਾਂ ਵਾਂਗ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।


ਦੱਸ ਦਈਏ ਕਿ ਅਮਰਿੰਦਰ ਗਿੱਲ ਉਹ ਗਾਇਕ ਹੈ, ਜਿਸ ਦਾ ਚਾਹੇ ਦੋ ਸਾਲ ਕੋਈ ਗੀਤ ਨਾ ਵੀ ਆਵੇ ਫਿਰ ਵੀ ਉਹ ਹਮੇਸ਼ਾ ਦਰਸ਼ਕਾਂ ਦੇ ਦਿਲਾਂ ‘ਚ ਬਣਿਆ ਰਹਿੰਦਾ ਹੈ। ਜਦਕਿ ਆਲਮ ਇਹ ਹੈ ਕਿ ਅੱਜ ਦੇ ਦੌਰ ‘ਚ ਜੇ ਕਿਸੇ ਗਾਇਕ ਦਾ ਤਿੰਨ ਮਹੀਨੇ ਕੋਈ ਗੀਤ ਨਾ ਆਵੇ ਤਾਂ ਉਹ ਦਰਸ਼ਕਾਂ ਦੇ ਦਿਲਾਂ ‘ਚੋਂ ਵਿਸਰਣਾ ਸ਼ੁਰੂ ਹੋ ਜਾਂਦਾ ਹੈ। ਗਿਣਤੀ ਨਾਲੋਂ ਮਿਆਰ ਨੂੰ ਤਰਜ਼ੀਹ ਦੇਣ ਵਾਲਾ ਇਹ ਹਰਦਿਲ ਅਜ਼ੀਜ਼ ਗਾਇਕ ਅਤੇ ਅਦਾਕਾਰ ਇਕ ਵਾਰ ਆਪਣੇ ਦਰਸ਼ਕਾਂ ਦੇ ਭਰੋਸੇ ਵੱਡਾ ਦਾਅ ਖੇਡਣ ਜਾ ਰਿਹਾ ਹੈ।  ਫ਼ਿਲਮੀ ਹਲਕਿਆਂ ‘ਚ ਚਰਚਾ ਹੈ ਕਿ ਉਹ ਇਸ ਵਾਰ ਵੀ ਆਪਣੇ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰਦਾ ਹੋਇਆ ਵੱਡਾ ਮਾਅਰਕਾ ਮਰੇਗਾ।

Comments & Feedback