ਅਦਾਕਾਰ ਕਰਤਾਰ ਚੀਮਾ ਤੇ ਗਾਇਕ ਹਰਸਿਮਰਨ ਪੰਜਾਬੀ ਫ਼ਿਲਮ ‘ਮੁਸਾਫਿਰ’ ਵਿੱਚ ਨਜ਼ਰ ਆਉਂਣਗੇ। ਇਸ ਫ਼ਿਲਮ ਦਾ ਪੋਸਟਰ ਹਾਲਹਿ ਵਿੱਚ ਸੋਸ਼ਲ ਮੀਡੀਆ ‘ਤੇ ਪਾਇਆ ਗਿਆ ਹੈ। ਇੰਦਰ ਸੋਹੀ ਦੀ ਲਿਖੀ ਅਤੇ ਉਸ ਵੱਲੋਂ ਹੀ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇਹ ਫ਼ਿਲਮ ‘ਬਲੈਕ ਰੋਜ ਇੰਟਰਟੇਨਮੈਂਟ’ ਅਤੇ ‘ਰਿਹਾਨ ਮੀਡੀਆ’ ਦੀ ਪੇਸ਼ਕਸ਼ ਹੈ। ਫ਼ਿਲਮ ਦੇ ਨਿਰਮਾਤਾ ਮਾਲਵਿੰਦਰ ਸੰਧੂ, ਪ੍ਰਵੇਸ਼ ਕੁਮਾਰ, ਇੰਦਰਜੀਤ ਸਿੰਘ ਅਤੇ ਪਲਮੀਤ ਸੰਧੂ ਹਨ। ਫ਼ਿਲਮ ਵਿੱਚ ਕਰਤਾਰ ਚੀਮਾ ਤੇ ਹਰਸਿਮਰਨ ਦੇ ਨਾਲ ਨਾਲ ਗਾਇਕ ਇੰਦਰ ਨਾਗਰਾ, ਅਦਾਕਾਰਾ ਮਨਮੀਤ ਕੌਰ, ਨਿਸ਼ਾ ਆਲੀਆ, ਪ੍ਰਿੰਸ ਕੰਵਲਜੀਤ ਸਿੰਘ, ਯਾਦ ਗਰੇਵਾਲ, ਗਾਇਕ ਸੰਸਾਰ ਸੰਧੂ, ਰਵਿੰਦਰ ਮੰਡ ਅਤੇ ਮਹਾਂਵੀਰ ਭੁੱਲਰ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ। ਦੱਸ ਦਈਏ ਕਿ ‘ਬਲੈਕ ਰੋਜ ਇੰਟਰਟੇਨਮੈਂਟ’ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਜੱਅ ਵਰਸਿਜ਼ ਆਈਲੈਂਟਸ’ ਦਾ ਨਿਰਮਾਣ ਕਰ ਚੁੱਕੀ ਹੈ। ਇਸ ਬੈਨਰ ਦੀ ਇਹ ਦੂਜੀ ਪੰਜਾਬੀ ਫ਼ਿਲਮ ਹੋਵੇਗੀ।

ਇਸ ਫ਼ਿਲਮ ਨੂੰ ਨਿਰਦੇਸ਼ਤ ਕਰਨ ਜਾ ਰਿਹਾ ਇੰਦਰ ਸੋਹੀ ਦੀ ਨਿਰਦੇਸ਼ਕ ਵਜੋਂ ਇਹ ਤੀਜੀ ਫ਼ਿਲਮ ਹੋਵੇਗੀ। ਉਸ ਦੀ ਪਲੇਠੀ ਫ਼ਿਲਮ ‘ਗੁਲਾਮ’ ਸੀ, ਜਿਸ ਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਜਦਕਿ ਉਸਦੀ ਦੂਜੀ ਪੰਜਾਬੀ ਫ਼ਿਲਮ ‘ਗੁੰਡਾ’ ਦੀ ਸ਼ੂਟਿੰਗ ਕੁਝ ਕਾਰਨਾਂ ਕਰਕੇ ਵਿਚਾਲੇ ਹੀ ਰੁੱਕ ਗਈ ਸੀ। ਉਹ ਇਸ ਤੋਂ ਪਹਿਲਾਂ ਬਤੌਰ ਵੀਡੀਓ ਨਿਰਦੇਸ਼ਕ ਅਤੇ ਸਿਨੇਮਾਟੋਗ੍ਰਾਫਰ ਵਜੋਂ ਸੈਂਕੜੇ ਗੀਤਾਂ ਦੇ ਵੀਡੀਓਜ਼ ਬਣਾ ਚੁੱਕਾ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਗਾਇਕ ਹਰਸਿਮਰਨ ਦੀ ਵੀ ਇਹ ਦੂਜੀ ਪੰਜਾਬੀ ਹੋਵੇਗੀ। ਉਹ ਇਸ ਤੋਂ ਪਹਿਲਾਂ ਨਿਰਦੇਸ਼ਕ ਇੰਦਰ ਸੋਹੀ ਨਾਲ ਹੀ ‘ਗੁਲਾਮ’ ਫ਼ਿਲਮ ਵਿੱਚ ਕੰਮ ਕਰ ਚੁੱਕਾ ਹੈ, ਪਰ ਉਸ ਦੀ ਅਦਾਕਾਰੀ ਅਜੇ ਤੱਕ ਦਰਸ਼ਕਾਂ ਸਾਹਮਣੇ ਨਹੀਂ ਆਈ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਮਨੋਰੰਜਨ ਭਰਪੂਰ ਰੁਮਾਂਸ, ਐਕਸ਼ਨ ਤੇ ਡਰਾਮਾ ਫ਼ਿਲਮ ਹੋਵੇਗੀ।


