fbpx

‘ਛੜਾ’ ਨਾਲ ਮੁੜ ਧੱਕ ਪਾਉਣ ਆ ਰਿਹੈ ਦਿਲਜੀਤ ਦੁਸਾਂਝ, ਜਾਣੋ ਕੀ ਹੈ ਖਾਸ

Posted on May 28th, 2019 in Article

ਦਿਲਜੀਤ ਦੁਸਾਂਝ ਇਸ ਵੇਲੇ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦਾ ਸਟਾਰ ਗਾਇਕ ਤੇ ਅਦਾਕਾਰ ਹੈ। ਉਸਦੇ ਨਾਂ ਅਤੇ ਸਖ਼ਸ਼ੀਅਤ ਦੇ ਚਰਚੇ ਹਿੰਦੀ ਫ਼ਿਲਮ ਜਗਤ ਤੇ ਭਾਰਤੀ ਟੈਲੀਵਿਜ਼ਨ ਇੰਡਸਟਰੀ ‘ਚ ਵੀ ਹੋਣ ਲੱਗੇ ਹਨ। ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਤੋਂ ਉੱਠਕੇ ਦੁਨੀਆਂ ਭਰ ‘ਚ ਆਪਣਾ ਕਲਾ ਦਾ ਜਾਦੂ ਚਲਾਉਣ ਵਾਲਾ ਦਿਲਜੀਤ ਦੁਸਾਂਝ ਅੱਜ ਕੱਲ• ਆਪਣੀ ਫ਼ਿਲਮ ‘ਛੜਾ’ ਨੂੰ ਲੈ ਕੇ ਚਰਚਾ ਵਿੱਚ ਹੈ। ਅਗਲੇ ਮਹੀਨੇ 21 ਜੂਨ ਨੂੰ ਰਿਲੀਜ਼ ਹੋ ਰਹੀ ਦਿਲਜੀਤ ਦੀ ਇਸ ਫ਼ਿਲਮ ਦਾ ਟ੍ਰੇਲਰ ਹਾਲਹਿ ਵਿੱਚ ਰਿਲੀਜ਼ ਹੋਇਆ ਹੈ, ਜਿਸ ਨੂੰ ਚੁਫੇਰਿਓਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਹੀ ਨਹੀਂ ਫ਼ਿਲਮ ਦਾ ਟਾਈਟਲ ਟਰੈਕ ਵੀ ਟਰੈਂਡਿੰਗ ਵਿੱਚ ਚੱਲ ਰਿਹਾ ਹੈ। ਇਸ ਫ਼ਿਲਮ ਜ਼ਰੀਏ ਦਿਲਜੀਤ ਅਤੇ ਨੀਰੂ ਬਾਜਵਾ ਦੀ ਸਫ਼ਲ ਜੋੜੀ ਕਈ ਸਾਲਾਂ ਬਾਅਦ ਇਕ ਵਾਰ ਫਿਰ ਵੱਡੇ ਪਰਦੇ ‘ਤੇ ਦਿਖਾਈ ਦੇਵੇਗੀ। ਨੌਜਵਾਨ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਇਸ ਫ਼ਿਲਮ ਨੂੰ ਲੈ ਕੇ ਦਿਲਜੀਤ ਬੇਹੱਦ ਉਤਸ਼ਾਹਿਤ ਹੈ। ਉਹ ਲਗਾਤਾਰ ਆਪਣੇ ਸੋਸ਼ਲ ਅਕਾਊਂਟਸ ‘ਤੇ ਇਸ ਬਾਬਤ ਪੋਸਟਾਂ ਸਾਂਝੀਆਂ ਕਰ ਰਹੇ ਹਨ ਦਿਲਜੀਤ ਦੀ ਇਹ ਫ਼ਿਲਮ ਮਨੋਰੰਜਨ ਭਰਪੂਰ ਪਰਿਵਾਰਕ ਡਰਾਮਾ ਫ਼ਿਲਮ ਹੈ।

ਉਸ ਮੁਤਾਬਕ ਇਹ ਫ਼ਿਲਮ ਇੱਕ ਵੱਖਰੇ ਜ਼ੋਨਰ ਦੀ ਫ਼ਿਲਮ ਹੈ। ਫ਼ਿਲਮ ਦੇ ਟਾਈਟਲ ਤੋਂ ਇਸ ਦੀ ਕਹਾਣੀ ਦਾ ਪਤਾ ਲਗਾਇਆ ਜਾ ਸਕਦਾ ਹੈ। ਬਿਨਾਂ ਸ਼ੱਕ ਇਹ ਇਕ ਸਧਾਰਨ ਜਿਹੇ ਪੇਂਡੂ ਨੌਜਵਾਨ ਦੀ ਕਹਾਣੀ ਹੈ, ਜਿਸ ਦੇ ਵਿਆਹ ਦੀ ਉਮਰ ਬੀਤਦੀ ਜਾ ਰਹੀ ਹੈ। ਉਸ ਦਾ ਵਿਆਹ ਕਿਸ ਨਾਲ ਹੁੰਦਾ ਹੈ ਤੇ ਦੇਰੀ ਨਾਲ ਹੋਏ ਵਿਆਹ ਕਾਰਨ ਕੀ ਕੀ ਮੁਸ਼ਕਲਾਂ ਆਉਂਦੀਆਂ ਹਨ ਇਹ ਦੇਖਣਾ ਦਿਲਚਸਪ ਹੋਵੇਗਾ। ਪੰਜਾਬੀ ਸਿਨੇਮੇ ਦੀ ਝੋਲੀ ਦਰਜਨ ਦੇ ਨੇੜੇ ਹਿੱਟ ਫ਼ਿਲਮਾਂ ਪਾ ਚੁੱਕੇ ਦਿਲਜੀਤ ਲਈ ਇਹ ਫ਼ਿਲਮ ਬੇਹੱਦ ਖਾਸ ਹੈ। ਪੰਜਾਬੀ ਫ਼ਿਲਮ ‘ਸੱਜਣ ਸਿੰਘ ਗੰਗਰੂਟ’ ਤੋਂ ਬਾਅਦ ਹੁਣ ਉਸਦੀ ਇਸ ਫ਼ਿਲਮ ਤੋਂ ਪੰਜਾਬੀ ਦਰਸ਼ਕਾਂ ਨੂੰ ਵੱਡੀਆਂ ਆਸਾਂ ਹਨ। ਖੁਦ ਦਿਲਜੀਤ ਲਈ ਵੀ ਇਹ ਫ਼ਿਲਮ ਬੇਹੱਦ ਖਾਸ ਮੰਨੀ ਜਾ ਰਹੀ ਹੈ।

ਦਿਲਜੀਤ ਮੁਤਾਬਕ ਉਸਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਲ 2011 ਵਿੱਚ ਪੰਜਾਬੀ ਫ਼ਿਲਮ ‘ਦਾ ਲਾਇਨ ਆਫ਼ ਪੰਜਾਬ’ ਤੋਂ ਹੋਈ ਸੀ। ‘ਜੱਟ ਐਂਡ ਜੂਲੀਅਟ’ ਫ਼ਿਲਮ ਨੇ ਉਸ ਨੂੰ ਇਸ ਇੰਡਸਟਰੀ ‘ਚ ਸਥਾਪਤ ਕੀਤਾ। ਨੈਸ਼ਨਲ ਐਡਾਰਡ ਜੇਤੂ ਫ਼ਿਲਮ ‘ਪੰਜਾਬ 1984’ ਨੇ ਉਸਦੀ ਅਭਿਨੈ ਪ੍ਰਤਿਭਾ ਨੂੰ ਇਕ ਨਵੇਂ ਰੂਪ ‘ਚ ਦਰਸ਼ਕਾਂ ਸਾਹਮਣੇ ਰੱਖਿਆ। ‘ਸੱਜਣ ਸਿੰਘ ਰੰਗਰੂਟ’ ਵਰਗੀ ਵੱਡੀ ਫ਼ਿਲਮ ਜ਼ਰੀਏ ਆਪਣੇ ਅਦਾਕਾਰੀ ਕੱਦ ਦਾ ਅਹਿਸਾਸ ਕਰਵਾਉਣ ਵਾਲਾ ਦਿਲਜੀਤ ਹੁਣ ਆਪਣੇ ਪਸੰਦੀਦਾ ਜੋਨਰ ਦੀ ਇਹ ਫ਼ਿਲਮ ਲੈ ਕੇ ਆ ਰਿਹਾ ਹੈ। ‘ ਏ ਐਂਡ ਏ ਐਡਵਾਈਜ’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਬਣਨ ਜਾ ਰਹੀ ਹੈ। ਦਿਲਜੀਤ ਮੁਤਾਬਕ ਇਸ ਫ਼ਿਲਮ ਦੀ ਕਹਾਣੀ ਬੇਹੱਦ ਖੂਬਸੂਰਤ ਹੈ। ਉਸਨੂੰ ਇਸ ਤਰ•ਾਂ ਦੀਆਂ ਫ਼ਿਲਮਾਂ ਦਿਲਚਸਪ ਲੱਗਦੀਆਂ ਹਨ।

Comments & Feedback