ਸ਼ੋਰੀਲੀ, ਬੇਅਰਥੀ ਤੇ ਫੂਹੜ ਕਿਸਮ ਦੀ ਗਾਇਕੀ ਦੀ ਝੁੱਲ ਰਹੀ ਹਨੇਰੀ ਵਿੱਚ ਅਰਥ ਭਰਪੂਰ ਤੇ ਸੱਭਿਅਕ ਗਾਇਕੀ ਦਾ ਦੀਵਾ ਓਹੀ ਬਾਲ ਸਕਦੈ ਜਿਸ ਕੋਲ ਸਿਆਣਪ ਦੀ ਬੱਤੀ ਤੇ ਸ਼ਬਦਾਂ ਦਾ ਤੇਲ ਹੋਵੇ। ਡਾ ਸਤਿੰਦਰ ਸਰਤਾਜ ਕੋਲ ਇਹ ਦੋਵੇਂ ਚੀਜ਼ਾਂ ਹਨ ਜਿਸ ਦੀ ਮਿਸਾਲ ਉਸਦੇ ਹਰ ਗੀਤ ‘ਚ ਆਮ ਮਿਲਦੀ ਹੈ। ਉਸਦੀ ਗਾਇਕੀ ਤੇ ਅੰਦਾਜ਼ ਮੁੱਢ ਤੋਂ ਹੀ ਨਿਰਾਲਾ ਹੈ। ਇਸ ਲਈ ਉਸ ਨੂੰ ਹੁਣ ਤੱਕ ਕਿਸੇ ਵੀ ਕਤਾਰ ਦਾ ਹਿੱਸਾ ਨਹੀਂ ਮੰਨਿਆ ਗਿਆ। ਉਸਨੇ ਆਪਣਾ ਮਿਆਰ ਤੇ ਦਾਇਰਾ ਖੁਦ ਸਥਾਪਤ ਕੀਤਾ ਹੈ। ਉਸਦੀ ਨਵੀਂ ਐਲਬਮ ‘ਦਰਿਆਈ ਤਰਜ਼ਾਂ’ ਪੰਜਾਬ, ਪੰਜਾਬੀ, ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਤੇ ਪੰਜਾਬੀ ਸੰਗੀਤ ਦੀ ਉਸਤਤ ਕਰਦੀ ਮਾਖਿਓਂ ਮਿੱਠੇ ਸ਼ਬਦਾਂ ਤੇ ਸੰਗੀਤ ਨਾਲ ਲਿਬਰੇਜ ਐਲਬਮ ਹੈ। ‘ਕੌਮਾਂਤਰੀ ਸੰਗੀਤ ਦਿਵਸ’ ਮੌਕੇ ਇਸ ਐਲਬਮ ਦਾ ਪਲੇਠਾ ਗੀਤ ‘ਗੁਰਮੁਖੀ’ ਦਾ ਬੇਟਾ ਰਿਲੀਜ਼ ਕੀਤਾ ਹੈ।
ਐਲਬਮ ਦਾ ਇਹ ਪਹਿਲਾ ਅਸਟ੍ਰੇਲੀਆ ਵਿੱਚ ਸੰਦੀਪ ਸ਼ਰਮਾ ਵੱਲੋਂ ਫ਼ਿਲਮਾਇਆ ਗਿਆ ਹੈ। ਇਸ ਗੀਤ ਦਾ ਨਿਰਦੇਸ਼ਨ ਤੇ ਸਿਨੇਮਾਟੋਗ੍ਰਾਫੀ ਦੋਵੇਂ ਸੰਦੀਪ ਸ਼ਰਮਾ ਨੇ ਹੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸੰਦੀਪ ਸ਼ਰਮਾ ਸਤਿੰਦਰ ਸਰਤਾਜ ਦੇ ਗੀਤਾਂ ਰਾਹੀਂ ਆਪਣੀ ਕਲਾ ਦਾ ਨਮੂਨਾ ਪੇਸ਼ ਕਰ ਚੁੱਕੇ ਹਨ। ਇਹ ਗੀਤ ਪੰਜਾਬੀ ਬੋਲੀ ਨੂੰ ਸਮਰਪਿਤ ਹੈ ਅਤੇ ਪੰਜਾਬੀ ਭਾਸ਼ਾ ਤੇ ਸ਼ਬਦਾਂ ਦੀ ਗਹਿਰਾਈ ਤੇ ਅਰਥਾਂ ਨੂੰ ਬਿਆਨ ਕਰਦਾ ਹੈ। ਸਤਿੰਦਰ ਸਰਤਾਜ ਦੇ ਲਿਖੇ ਅਤੇ ਗਾਏ ਇਸ ਗੀਤ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ।
ਸੰਗੀਤ ਤੇ ਫ਼ਿਲਮ ਕੰਪਨੀ ‘ਸਾਗਾ ਹਿਟਸ’ ਵੱਲੋਂ ਰਿਲੀਜ਼ ਕੀਤਾ ਗਿਆ ਇਹ ਗੀਤ ਸਰਤਾਜ ਦੇ ਚਾਹੁਣ ਵਾਲਿਆਂ ਦੇ ਨਾਲ ਨਾਲ ਆਮ ਪੰਜਾਬੀ ਦਰਸ਼ਕਾਂ ਦੇ ਦਿਲਾਂ ਨੂੰ ਵੀ ਸਕੂਨ ਦੇ ਰਿਹਾ ਹੈ। ਗੀਤ ਦੇ ਬੋਲਾਂ ਦੇ ਨਾਲ ਨਾਲ ਇਸ ਦਾ ਫਿਲਮਾਂਕਣ ਵੀ ਇਸ ਦੀ ਖੂਬਸੂਰਤੀ ‘ਚ ਹੋਰ ਵਾਧਾ ਕਰਦਾ ਹੈ। ਜੇ ਤੁਸੀਂ ਇਹ ਗੀਤ ਨਹੀਂ ਸੁਣਿਆ, ਦੇਖਿਆ ਤਾਂ ਇਹ ਲਵੋ ਲਿੰਕ : ਸਭ ਨੂੰ ਕੌਮਾਂਤਰੀ ਸੰਗੀਤ ਦਿਵਸ ਦੀਆਂ ਮੁਬਾਰਕਾਂ


