ਕਾਮੇਡੀ ਅਤੇ ਬਿਨਾਂ ਸਿਰ ਪੈਰ ਵਾਲੀਆਂ ਪੰਜਾਬੀ ਫਿਲਮਾਂ ਦੇ ਦੌਰ ‘ਚ ਪੰਜਾਬੀ ਸਿਨੇਮੇ ਨੂੰ ਸਾਰਥਿਕ ਤੇ ਮਨੋਰੰਜਕ ਸਿਨੇਮੇ ਨਾਲ ਜੋੜਨ ਜਾ ਰਹੀ ਪੰਜਾਬੀ ਫ਼ਿਲਮ ‘ਜਮਰੌਦ’ 11 ਅਕਤੂਬਰ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਦਾ ਕੰਮ ਤੇਜ਼ੀ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ। ਰਵਾਇਤੀ ਪੰਜਾਬੀ ਫਿਲਮਾਂ ਤੋਂ ਬਿਲਕੁਲ ਹਟਵੀਂ ਇਹ ਫ਼ਿਲਮ ਨਾਮਵਰ ਕਹਾਣੀਕਾਰ, ਲੇਖਕ ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ’ ‘ਤੇ ਅਧਾਰਿਤ ਹੈ। ‘ਅਜਬ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਬੌਬੀ ਸੱਚਦੇਵਾ ਦੀ ਇਸ ਫ਼ਿਲਮ ਨੂੰ ਨਵਤੇਜ ਸੰਧੂ ਨੇ ਨਿਰਦੇਸ਼ਤ ਕੀਤਾ ਹੈ। ਕੁਲਜਿੰਦਰ ਸਿੱਧੂ, ਸਰਦਾਰ ਸੋਹੀ, ਅਸ਼ੀਸ਼ ਦੁੱਗਲ, ਜਤਿੰਦਰ ਕੌਰ, ਹਰਵਿੰਦਰ ਕੌਰ ਬਬਲੀ, ਕੁਲ ਸਿੱਧੂ, ਜੋਤ ਗਰੇਵਾਲ, ਸੰਜੀਵ ਅੱਤਰੀ, ਜੋਤ ਅਰੋੜਾ ਅਤੇ ਗੁਰਿੰਦਰ ਮਕਨਾ ਦੀ ਅਹਿਮ ਭੂਮਿਕਾ ਵਾਲੀ ਇਸ ਫ਼ਿਲਮ ਦੀ ਕਹਾਣੀ ਜਿਥੇ ਪੰਜਾਬੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ ਉਥੇ ਹੀ ਫ਼ਿਲਮ ਦੀ ਕਹਾਣੀ ਉਨ•ਾਂ ਨੂੰ ਝੰਜੋੜ ਕੇ ਰੱਖ ਦੇਵੇਗੀ। ਇਹ ਫ਼ਿਲਮ ਕੌਮੀ ਅਤੇ ਕੌਮਾਂਤਰੀ ਮੇਲਿਆ ਵਿੱਚ ਵੀ ਸ਼ਿਰਕਤ ਕਰੇਗੀ।
ਇਸ ਫ਼ਿਲਮ ਦਾ ਟਾਈਟਲ ਭਾਵੇ ਇਸ ਦੇ ਇਤਿਹਾਸਕ ਜਾਂ ਧਾਰਮਿਕ ਹੋਣ ਦਾ ਇਸ਼ਾਰਾ ਕਰਦਾ ਹੈ, ਪਰ ਇਹ ਫ਼ਿਲਮ ਪੰਜਾਬ ਦੇ ਅਹਿਮ ਮੁੱਦੇ ਨਾਲ ਜੁੜੀ ਨਿਰੋਲ ਰੂਪ ‘ਚ ਕਮਰਸ਼ੀਅਲ ਫ਼ਿਲਮ ਹੈ। ਮਨੋਰੰਜਨ ਦੇ ਨਾਲ ਨਾਲ ਸਾਰਥਿਕ ਸੁਨੇਹਾ ਦੇਣ ਜਾ ਰਹੀ ਇਹ ਫ਼ਿਲਮ ਪੰਜਾਬ ਦੇ 90 ਦੇ ਦਹਾਕੇ ਦੀ ਪੇਸ਼ਕਾਰੀ ਕਰਦੀ ਹੈ। ਇਹ ਉਸ ਦੌਰ ਦੀ ਕਹਾਣੀ ਹੈ ਜਦੋਂ ਪੰਜਾਬ ‘ਚ ਅੱਤਵਾਦ ਦਾ ਕਹਿਰ ਆਖਰੀ ਪੜ•ਾਅ ‘ਤੇ ਸੀ। ਉਸ ਵੇਲੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਅੱਤਵਾਦ ਤੋਂ ਡਰਦਿਆਂ ਆਪਣੇ ਮੁੰਡੇ, ਕੁੜੀਆਂ ਨੂੰ ਬਾਹਰਲੇ ਮੁਲਕਾਂ ‘ਚ ਭੇਜਣਾ ਸ਼ੁਰੂ ਕੀਤਾ ਸੀ। ਇਹ ਫ਼ਿਲਮ ਉਸ ਦੌਰ ਦੀ ਕਹਾਣੀ ਹੈ। ਇਕ ਬਾਪ ਅਤੇ ਬੇਟੇ ਦੀ ਜ਼ਿੰਦਗੀ ਦੁਆਲੇ ਬਣੀ ਇਹ ਕਹਾਣੀ ਪਰਵਾਸ ਦੇ ਦਰਦ, ਪਰਵਾਸ ਕਰੇ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਦੀ ਹੋਣੀ ਅਤੇ ਸਮਾਜਿਕ ਸਥਿਤੀ ਦੀ ਪੇਸ਼ਕਾਰੀ ਕਰਦੀ ਹੈ।

ਨਿਰਦੇਸ਼ਕ ਨਵਤੇਜ ਸੰਧੂ ਮੁਤਾਬਕ ਕਾਮੇਡੀ, ਵਿਆਹਾਂ ਅਤੇ ਇਸ ਕਿਸਮ ਦੀਆਂ ਫ਼ਿਲਮਾਂ ਦੇ ਦੌਰ ਵਿੱਚ ਅਜਿਹੀ ਫ਼ਿਲਮਾਂ ਬਣਾਉਣ ਭਾਵੇਂ ‘ਹਵਾ ਦੇ ਉਲਟ’ ਵਹਿਣ ਵਾਂਗ ਹੈ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬੀ ਦਰਸ਼ਕ ਸਿਰਫ਼ ਕਾਮੇਡੀ ਫ਼ਿਲਮਾਂ ਹੀ ਦੇਖਦੇ ਹਨ। ਉਹ ਆਪਣੀ ਇਸ ਫ਼ਿਲਮ ਜ਼ਰੀਏ ਪੰਜਾਬੀ ਦਰਸ਼ਕਾਂ ਨੂੰ ਇਕ ਵੱਖਰੇ ਕਿਸਮ ਤੇ ਸਾਰਥਿਕ ਤੇ ਮਨੋਰੰਜਨ ਭਰਪੂਰ ਸਿਨੇਮੇ ਨਾਲ ਜੋੜਨ ਜਾ ਰਹੇ ਹਨ। ਇਸ ਫ਼ਿਲਮ ਦਾ ਹਰ ਕਿਰਦਾਰ ਫ਼ਿਲਮੀ ਹੋਣ ਦੀ ਥਾਂ ਸਮਾਜਿਕ ਪਾਤਰ ਹੈ। ਦਰਸ਼ਕ ਪਹਿਲੀ ਵਾਰ ਅਦਾਕਾਰ ਸਰਦਾਰ ਸੋਹੀ ਨੂੰ ਇਕ ਵੱਖਰੇ ਤੇ ਦਮਦਾਰ ਅੰਦਾਜ਼ ਵਿੱਚ ਦੇਖਣਗੇ। ਇਹੀਂ ਨਹੀਂ ਇਸ ਫ਼ਿਲਮ ਤੋਂ ਬਾਅਦ ਫ਼ਿਲਮ ਵਿਚਲੇ ਹਰ ਕਿਰਦਾਰ ਦੀ ਸ਼ਲਾਘਾ ਹੋਵੇਗੀ।





