in

ਪੰਜਾਬੀ ਸਿਨੇਮੇ ‘ਚ ਕਿਸਮਤ ਅਜ਼ਮਾਉਣ ਆਈਆਂ ਇਹ ਮੁਟਿਆਰਾਂ

ਹਿੰਦੀ ਸਿਨੇਮੇ ਵਾਂਗ ਭਾਵੇਂ ਪੰਜਾਬੀ ਫ਼ਿਲਮਾਂ ਵਿੱਚ ਹੀਰੋਇਨਾਂ ਦੇ ਕਿਰਦਾਰਾਂ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਪਰ ਇਸ ਦੇ ਬਾਵਜੂਦ ਹੀਰੋਇਨ ਨੂੰ ਹਰ ਫ਼ਿਲਮ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਹੀਰੋਇਨ ਤੋਂ ਬਿਨਾਂ ਨਾ ਤਾਂ ਫ਼ਿਲਮ ਦੀ ਕਹਾਣੀ ਸੰਪਰੂਨ ਮੰਨੀ ਜਾਂਦੀ ਹੈ ਅਤੇ ਨਾ ਹੀ ਫ਼ਿਲਮ ਦੀ ਕਾਸਟ। ਇਸ ਲਈ ਜਦੋਂ ਵੀ ਕੋਈ ਨਵੀਂ ਫ਼ਿਲਮ ਸ਼ੁਰੂ ਕੀਤੀ ਜਾਂਦੀ ਹੈ ਤਾਂ ਸਭ ਤੋਂ ਅਹਿਮ ਹੀਰੋਇਨ ਦੀ ਚੋਣ ਮੰਨੀ ਜਾਂਦੀ ਹੈ। ਪੰਜਾਬੀ ਸਿਨੇਮੇ ਦੀ ਇਹ ਤ੍ਰਾਸਦੀ ਕਹੀ ਜਾ ਸਕਦੀ ਹੈ ਕਿ ਇਥੇ ਕਾਬਲ ਤੇ ਟਿਕਾਊ ਹੀਰੋਇਨਾਂ ਦੀ ਹਮੇਸ਼ਾ ਹੀ ਕਮੀ ਰਹੀ ਹੈ। ਪੰਜਾਬੀ ਹੀਰੋਇਨਾਂ ਦੀ ਜੇ ਗਿਣਤੀ ਕੀਤੀ ਜਾਵੇ ਤਾਂ ਉਂਗਲੀਆਂ ਦੀ ਗਿਣਤੀ ਵੀ ਪੂਰੀ ਨਹੀਂ ਹੁੰਦੀ। ਇਸ ਲੋੜ ਨੇ ਬਹੁਤ ਸਾਰੀਆਂ ਨਵੀਂਆਂ ਕੁੜੀਆਂ ਨੂੰ ਹੀਰੋਇਨ ਬਣਨ ਦਾ ਮੌਕਾ ਵੀ ਦਿੱਤਾ ਹੈ ਪਰ ਇਸ ਖੇਤਰ ‘ਚ ਖੁਦ ਨੂੰ ਸਥਾਪਤ ਰਹਿਣ ਦਾ ਹੁਨਰ ਬਹੁਤ ਘੱਟ ਹੀਰੋਇਨਾਂ ਦੇ ਕੋਲ ਹੈ। ਹਰ ਸਾਲ ਦੋ ਦਰਜਨ ਦੇ ਨੇੜੇ ਕੁੜੀਆਂ ਪੰਜਾਬੀ ਸਿਨੇਮੇ ‘ਚ ਆਪਣੀ ਸ਼ੁਰੂਆਤ ਕਰਦੀਆਂ ਹਨ ਪਰ ਇਨ•ਾਂ ‘ਚੋਂ ਅਗਲੇ ਸਾਲ ਮਹਿਜ਼ ਦੋ ਜਾਂ ਚਾਰ ਚਿਹਰੇ ਹੀ ਨਜ਼ਰ ਆਉਂਦੇ ਹਨ। ਪਿਛਲੇ ਸਾਲਾਂ ਵਾਂਗ ਇਸ ਚਾਲੂ ਸਾਲ ਵਿੱਚ ਵੀ ਦੋ ਦਰਜਨ ਦੇ ਨੇੜੇ ਕਲਾਕਾਰ ਕੁੜੀਆਂ ਬਤੌਰ ਹੀਰੋਇਨ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਇਨ•ਾਂ ਵਿੱਚ ਕਈਆਂ ਦੀ ਪਹਿਲੀ ਫ਼ਿਲਮ ਰਿਲੀਜ਼ ਹੋ ਚੁੱਕੀ ਹੈ ਅਤੇ ਕਈਆਂ ਦੀ ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋਵੇਗੀ। ਜੇ ਇਸ ਸਾਲ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀਆਂ ਹੀਰੋਇਨਾਂ ਦੀ ਗੱਲ ਕਰੀਏ ਤਾਂ ਇਸ ਸਾਲ ਸਭ ਤੋਂ ਪਹਿਲਾਂ ਅਰੂਸ਼ੀ ਸ਼ਰਮਾ ਨੇ ਆਪਣੀ ਸ਼ੁਰੂਆਤ ਕੀਤੀ। 18 ਜਨਵਰੀ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਕਾਕਾ ਜੀ’ ਜ਼ਰੀਏ ਇਸ ਅਦਾਕਾਰਾ ਨੇ ਪਹਿਲੀ ਵਾਰ ਵੱਡੇ ਪਰਦੇ ‘ਤੇ ਆਪਣਾ ਆਗਮਨ ਕੀਤਾ। ਇਸ ਸਾਲ ਇਸ ਨੂੰ ਇਕ ਹੋਰ ਪੰਜਾਬੀ ਫ਼ਿਲਮ ‘ਹਾਈਐਂਡ ਯਾਰੀਆਂ’ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਰਾਜਧਾਨੀ ਦਿੱਲੀ ਨਾਲ ਸਬੰਧਿਤ ਇਹ ਮੁਟਿਆਰ ਬਤੌਰ ਮਾਡਲ ਕਈ ਸਾਲਾਂ ਤੋਂ ਮਨੋਰੰਜਨ ਜਗਤ ਵਿੱਚ ਸਰਗਰਮ ਹੈ। ਕਈ ਸੁੰਦਰਤਾ ਮੁਕਾਬਲਿਆਂ ਦੇ ਟਾਈਟਲ ਜਿੱਤ ਚੁੱਕੀ ਅਰੂਸ਼ੀ ਨੂੰ ਆਪਣੀਆਂ ਇਨ•ਾਂ ਦੋਵਾਂ ਫ਼ਿਲਮਾਂ ਨਾਲੋਂ ਮਿਲਵਾਂ ਜੁਲਵਾਂ ਹੁੰਗਾਰਾ ਮਿਲਿਆ ਹੈ। ਇਹ ਹੀਰੋਇਨ ਹੁਣ ਅਗਲੇ ਸਾਲ ਟਿਕ ਪਾਵੇਗੀ ਜਾਂ ਨਹੀਂ ਇਸ ਬਾਰੇ ਫਿਲਹਾਲ ਕੁਝ ਨਹੀਂ ਆਖਿਆ ਜਾ ਸਕਦਾ।

ਇਸੇ ਹੀਰੋਇਨ ਦੀ ਫ਼ਿਲਮ ‘ਹਾਈਐਂਡ ਯਾਰੀਆਂ’ ਜ਼ਰੀਏ ਹੀ ਇਕ ਹੋਰ ਅਦਾਕਾਰਾ ਮੁਸਕਾਨ ਸੇਠੀ ਨੇ ਵੀ ਪੰਜਾਬੀ ਸਿਨੇਮੇ ‘ਚ ਪ੍ਰਵੇਸ਼ ਕੀਤਾ ਹੈ। ਦਿੱਲੀ ਨਾਲ ਸਬੰਧਿਤ ਇਹ 23 ਸਾਲਾ ਅਦਾਕਾਰਾ ਇਸ ਤੋਂ ਪਹਿਲਾਂ ਹੋਰ ਭਾਸ਼ਾਵਾਂ ਦੀਆਂ ਦੋ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਪਰ ਪੰਜਾਬੀ ਵਿੱਚ ਇਸ ਦੀ ਇਹ ਪਹਿਲੀ ਫ਼ਿਲਮ ਸੀ। ਇਹ ਅਦਾਕਾਰਾ ਵੀ ਪਹਿਲਾਂ ਮਾਡਲ ਵਜੋਂ ਫ਼ੈਸ਼ਨ ਇੰਡਸਟਰੀ ਵਿੱਚ ਵਿਚਰ ਰਹੀ ਸੀ। ਇਸ ਨੂੰ ਵੀ ਦਰਸ਼ਕਾਂ ਨੇ ਮਿਲਵਾਂ ਹੁਲਵਾਂ ਹੁੰਗਾਰਾ ਦਿੱਤਾ ਹੈ।

ਪੰਜਾਬੀ ਫ਼ਿਲਮ ‘ਕਾਕੇ ਦਾ ਵਿਆਹ’ ਰਾਹੀਂ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਈ ਪੰਜਾਬੀ ਮਾਡਲ ਪ੍ਰਭ ਗਰੇਵਾਲ ਦੇ ਭਵਿੱਖ ਬਾਰੇ ਵੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਅਦਾਕਾਰਾ ਪਿਛਲੇ ਕੁਝ ਸਾਲਾਂ ਤੋਂ ਬਤੌਰ ਮਾਡਲ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਰਹੀ ਹੈ। ਲੁਧਿਆਣਾ ਨਾਲ ਸਬੰਧਿਤ ਪ੍ਰਭ ਦੀ ਇਹ ਪਹਿਲੀ ਫ਼ਿਲਮ ਸੀ। ਇਹ ਫ਼ਿਲਮ ਬੁਰੀ ਤਰ•ਾਂ ਫ਼ਲਾਪ ਹੋਈ ਸੀ, ਇਸ ਲਈ ਇਸ ਅਦਾਕਾਰਾ ਦੀ ਅਦਾਕਾਰੀ ਪ੍ਰਤਿਭਾ ਬਹੁਤੇ ਦਰਸ਼ਕਾਂ ਤੱਕ ਪਹੁੰਚ ਹੀ ਨਹੀਂ ਸਕੀ। ਹਾਲਹਿ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਜ਼ਰੀਏ ਵੀ ਇਕ ਹੋਰ ਅਦਾਕਾਰਾ ਅੰਮ੍ਰਿਤ ਔਲਖ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਵਿੱਚ ਵੀ ਇਹ ਅਦਾਕਾਰਾ ਨਜ਼ਰ ਆਈ ਸੀ।  ਹੁਣ ਇਹ ‘ਸਾਡੇ ਆਲੇ’ ਵਿੱਚ ਨਜ਼ਰ ਆਵੇਗੀ।

14 ਜੂਨ ਨੂੰ ਰਿਲੀਜ਼ ਹੋਈਆਂ ਦੋ ਪੰਜਾਬੀ ਫ਼ਿਲਮਾਂ ‘ਮੁੰਡਾ ਫ਼ਰੀਦਕੋਟੀਆ’ ਅਤੇ ‘ਜਿੰਦ ਜਾਨ’ ਵਿੱਚ ਨਵੀਆਂ ਹੀਰੋਇਨਾਂ ਹੀ ਹਨ। ਨਿਰਦੇਸ਼ਕ ਮਨਦੀਪ ਸਿੰਘ ਦੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਜ਼ਰੀਏ ਅਦਾਕਾਰਾ ਸ਼ਰਨ ਕੌਰ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਈ ਸੀ। ਜ਼ਿਲ•ਾ ਗੁਰਦਾਸਪੁਰ ਨਾਲ ਸਬੰਧਿਤ ਸ਼ਰਨ ਕਈ ਸਾਲਾਂ ਤੋਂ ਮੁੰਬਈ ‘ਚ ਰਹਿ ਰਹੀ ਹੈ। ਕਈ ਟੀਵੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਇਹ ਅਦਾਕਾਰਾ ਕਾਫੀ ਸਮੇਂ ਤੋਂ ਕਿਸੇ ਪੰਜਾਬੀ ਫ਼ਿਲਮ ਦੀ ਉਡੀਕ ਵਿੱਚ ਸੀ, ਜੋ ਇਸ ਫ਼ਿਲਮ ਨਾਲ ਪੂਰੀ ਹੋਈ ਹੈ। ਉਹ ਇਸ ਫ਼ਿਲਮ ਵਿੱਚ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨਾਲ ਪਾਕਿਸਤਾਨੀ ਕੁੜੀ ਮਰੀਅਮ ਦੇ ਕਿਰਦਾਰ ‘ਚ ਦਿਖੀ ਸੀ। ਇਸ ਫ਼ਿਲਮ ਨੂੰ ਕੋਈ ਵੱਡਾ ਹੁੰਗਾਰਾ ਨਹੀਂ ਮਿਲਿਆ। ਦੂਜੇ ਪਾਸੇ ਇਸੇ ਫ਼ਿਲਮ ਨਾਲ ਹੀ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਜਿੰਦ ਜਾਨ’ ਜ਼ਰੀਏ ਵੀ ਇਕ ਹੋਰ ਮੁਟਿਆਰ ਸਾਰਾ ਸ਼ਰਮਾ ਨੇ ਵੀ ਬਤੌਰ ਹੀਰੋਇਨ ਪੰਜਾਬੀ ਦਰਸ਼ਕਾਂ ਮੂਹਰੇ ਹਾਜ਼ਰੀ ਲਗਵਾਈ, ਪਰ ਉਸਦੀ ਹਾਜ਼ਰੀ ਵੀ ਪ੍ਰਵਾਨ ਨਹੀਂ ਹੋਈ।

ਹੁਣ ਤੱਕ ਦੀ ਛਿਮਾਹੀ ਵਿੱਚ ਜੇ ਕਿਸੇ ਅਦਾਕਾਰਾ ਨੂੰ ਵੱਡੀ ਪਹਿਚਾਣ ਮਿਲੀ ਹੈ ਜਾਂ ਜਿਸ ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ਨਜ਼ਰ ਆਈਆਂ ਹਨ ਤਾਂ ਉਹ ਹੈ ਅੰਮ੍ਰਿਤਸਰ ਦੀ ਕੁੜੀ ਤਾਨੀਆ। ਕੈਨੇਡਾ ਵਿੱਚ ਰਹਿ ਰਹੀ ਇਸ ਕੁੜੀ ਨੇ ਪੰਜਾਬੀ ਫ਼ਿਲਮ ‘ਗੁੱਡੀਆਂ ਪਟੌਲੇ’ ਜ਼ਰੀਏ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਭਾਵੇਂ ਤਾਨੀਆ ਇਸ ਤੋਂ ਪਹਿਲਾਂ ਦੋ ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਅਤੇ ‘ਕਿਸਮਤ’ ਵਿੱਚ ਕੰਮ ਕਰ ਚੁੱਕੀ ਹੈ ਪਰ ਹੀਰੋਇਨ ਵਜੋਂ ਉਹ ਪਹਿਲੀ ਦਫ਼ਾ ‘ਗੁੱਡੀਆਂ ਪਟੌਲੇ’ ਨਾਲ ਉਭਰਕੇ ਸਾਹਮਣੀ ਆਈ। ਇਸ ਅਦਾਕਾਰਾ ਤੋਂ ਪੰਜਾਬੀ ਸਿਨੇਮੇ ਨੂੰ ਵੱਡੀਆਂ ਉਮੀਦਾਂ ਹਨ। ਇਸ ਸਾਲ ਦੀ ਦੂਜੀ ਛਿਮਾਹੀ ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਵਿੱਚ ਜ਼ਿਆਦਾਤਰ ਹੀਰੋਇਨਾਂ ਨਵੀਆਂ ਹੀ ਨਜ਼ਰ ਆਉਂਣੀਆਂ

 

19 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਜੁਗਨੀ ਯਾਰਾਂ ਦੀ’ ਜ਼ਰੀਏ ਵੀ ਦੋ ਮੁਟਿਆਰਾਂ ਮਹਿਮਾ ਹੋਰਾ ਤੇ ਸਿੱਧੀ ਅਹੂਜਾ ਦਰਸ਼ਕਾਂ ਸਨਮੁਖ ਪੇਸ਼ ਹੋਣਗੀਆਂ। ਨਿਰਦੇਸ਼ਕ ਸਾਗਰ ਸ਼ਰਮਾ ਦੀ ਇਸ ਫ਼ਿਲਮ ਵਿੱਚ ਕੰਮ ਕਰ ਰਹੀ ਮਹਿਮਾ ਹੋਰਾ ਦਿੱਲੀ ਨਾਲ ਸਬੰਧਿਤ ਹੈ। ਮੁੰਬਈ ਤੋਂ ਐਕਟਿੰਗ ਦੀ ਟ੍ਰੇਨਿੰਗ ਲੈ ਕੇ ਆ ਆਈ ਮਹਿਮਾ ਨੂੰ ਉਮੀਦ ਹੈ ਕਿ ਇਹ ਫ਼ਿਲਮ ਬਤੌਰ ਹੀਰੋਇਨ ਉਸਦਾ ਕੰਮ ਦਰਸ਼ਕਾਂ ਮੂਹਰੇ ਰੱਖੇਗੀ। ਜੇ ਇਹ ਫ਼ਿਲਮ ਸਫ਼ਲ ਹੁੰਦੀ ਹੈ ਤਾਂ ਆਪ ਮੁਹਾਰੇ ਹੀ ਹੋਰ ਨਿਰਮਾਤਾ, ਨਿਰਦੇਸ਼ਕਾਂ ਦੀ ਨਜ਼ਰ ਉਸ ‘ਤੇ ਪੈ ਜਾਵੇਗੀ। ਦਿੱਲੀ ਨਾਲ ਹੀ ਸਬੰਧਿਤ ਇਸ ਫ਼ਿਲਮ ਦੀ ਦੂਜੀ ਹੀਰੋਇਨ ਸਿੱਧੀ ਅਹੂਜਾ ਇਸ ਫ਼ਿਲਮ ਤੋਂ ਪਹਿਲਾਂ ਹਿੰਦੀ ਅਤੇ ਹੋਰ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਹ ਪੰਜਾਬੀ ਫ਼ਿਲਮਾਂ ਦੀ ਹੀਰੋਇਨ ਬਣਨਾ ਚਾਹੁੰਦੀ ਹੈ। ਇਹ ਫ਼ਿਲਮ ਉੁਸਦਾ ਸੁਪਨਾ ਪੂਰਾ ਕਰਨ ‘ਚ ਮੱਦਦ ਕਰਦੀ ਹੈ ਜਾਂ ਨਹੀਂ ਇਸ ਵੀ ਛੇਤੀ ਸਾਹਮਣੇ ਆਵੇਗਾ।  5 ਜੁਲਾਈ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਡੀ ਐਸ ਪੀ ਦੇਵ’ ਜ਼ਰੀਏ ਅਦਾਕਾਰਾ ਮਹਿਰੀਨ ਪਰੀਜ਼ਾਦਾ ਪਹਿਲੀ ਵਾਰ ਪੰਜਾਬੀ ਫਿਲਮ ਵਿੱਚ ਨਜ਼ਰ ਆਵੇਗੀ। ਜ਼ਿਲ•ਾ ਬਠਿੰਡਾ ਨਾਲ ਸਬੰਧਿਤ ਇਹ ਅਦਾਕਾਰਾ ਫ਼ੈਸ਼ਨ ਇੰਡਸਟਰੀ ਵਿੱਚ ਵੀ ਸਰਗਰਮ ਹੈ। ਅੱਧਾ ਦਰਜਨ ਤੋਂ ਵੱਧ ਤੇਲਗੂ ਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਮਹਿਰੀਨ ਦੀ ਮੁੱਢਲੀ ਪਹਿਚਾਣ ਹਿੰਦੀ ਫ਼ਿਲਮ ‘ਫਿਲੌਰੀ’ ਨਾਲ ਜੁੜੀ ਹੋਈ ਹੈ। ਮਹਿਰੀਨ ਇਸ ਫ਼ਿਲਮ ਦੇ ਨਾਲ ਹੀ ਪੰਜਾਬੀ ਗਾਇਕ ਨਿੰਜਾ ਨਾਲ ਵੀ ਇਕ ਫ਼ਿਲਮ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਮੁਕੰਮਲ ਹੋਈ ਹੈ।

26 ਜੁਲਾਈ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਅਦਿਤਯ ਸੂਦ ਦੀ ਫ਼ਿਲਮ ‘ਤੇਰੀ ਮੇਰੀ ਜੋੜੀ’ ਜ਼ਰੀਏ ਵੀ ਇਕ ਹੋਰ ਖੂਬਸੂਰਤ ਮੁਟਿਆਰਾ ਮੋਨਿਕਾ ਸ਼ਰਮਾ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੀ ਹੈ। ਦਿੱਲੀ ਦੀ ਇਹ ਕੁੜੀ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਚੁੱਕੀ ਹੈ। ਕਈ ਹਿੰਦੀ ਸੀਰੀਅਲਾਂ ਜ਼ਰੀਏ ਆਪਣੀ ਅਦਾਕਾਰੀ ਦਾ ਮੁਜ਼ਾਹਰਾ ਕਰ ਚੁੱਕੀ ਮੋਨਿਕਾ ਲਈ ਇਹ ਫ਼ਿਲਮ ਟਰਨਿੰਗ ਪੁਆਇਟ ਹੈ। ਜੇ ਉਸਦੀ ਇਹ ਫ਼ਿਲਮ ਕਾਮਯਾਬ ਹੁੰਦੀ ਹੈ ਤਾਂ ਉਸ ਨੂੰ ਅੱਗੇ ਕੰਮ ਮਿਲਣ ‘ਚ ਕੋਈ ਦਿੱਕਤ ਨਹੀਂ ਹੋਵੇਗੀ। ਰਣਜੀਤ ਬਾਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਤਾਰਾ ਮੀਰਾ’ ਜ਼ਰੀਏ ਵੀ ਨਾਜੀਆ ਹੁਸੈਨ ਦੇ ਰੂਪ ‘ਚ ਪੰਜਾਬੀ ਸਿਨੇਮੇ ਨੂੰ ਨਵੀਂ ਹੀਰੋਇਨ ਮਿਲੇਗੀ। ਲੰਘੇ ਸਾਲ ਆਈ ਹਿੰਦੀ ਫ਼ਿਲਮ ‘ਤੇਰੀ ਭਾਬੀ ਹੈ ਪਾਗਲ’ ਜ਼ਰੀਏ ਚਰਚਾ ਵਿੱਚ ਆਈ ਨਾਜੀਆ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਦੀ ਇਛੁੱਕ ਹੈ। ਜੇ ਉਹ ਆਪਣੀ ਇਸ ਫਿਲਮ ਜ਼ਰੀਏ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋਈ ਤਾਂ ਉਸਦੀ ਇਹ ਇੱਛਾ ਅਧੂਰੀ ਨਹੀਂ ਰਹੇਗੀ।

ਪੰਜਾਬੀ ਫਿਲਮ ‘ਵਲੈਤੀ ਯੰਤਰ’ ਜ਼ਰੀਏ ਵੀ ਇਕ ਹੋਰ ਪੰਜਾਬੀ ਮੁਟਿਆਰ ਅਮਨ ਸੰਧੂ ਆਪਣਾ ਹੀਰੋਇਨ ਬਣਨ ਦਾ ਸੁਪਨਾ ਪੂਰਾ ਕਰਨ ਜਾ ਰਹੀ ਹੈ। ਮਾਡਲ ਅਤੇ ਅਦਾਕਾਰ ਅਮਨ ਕਈ ਸਾਲਾਂ ਤੋਂ ਮੁੰਬਈ ਰਹਿ ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ‘ਚ ਸੀ।

ਦਿਲਜੀਤ ਦੁਸਾਂਝ ਦੀ ਫ਼ਿਲਮ ‘ਸੂਰਮਾ’ ਵਿੱਚ ਛੋਟੇ ਜਿਹੇ ਕਿਰਦਾਰ ‘ਚ ਨਜ਼ਰ ਆਈ ਲੁਧਿਆਣਾ ਦੀ ਜੈਸਮੀਨ ਬਾਜਵਾ ਵੀ ਇਸ ਸਾਲ ਪੰਜਾਬੀ ਫ਼ਿਲਮ ‘ਦੂਰਬੀਨ’ ਜ਼ਰੀਏ ਬਤੌਰ ਹੀਰੋਇਨ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗੀ। ਵੈਬ ਸੀਰੀਜ ‘ਯਾਰ ਜਿਗਰੀ ਕਸੂਤੀ ਡਿਗਰੀ’ ਨਾਲ ਚਰਚਾ ਵਿੱਚ ਆਈ ਜੈਸਮੀਨ ਲਈ ਇਹ ਫ਼ਿਲਮ ਬੇਹੱਦ ਅਹਿਮ ਹੋਵੇਗੀ। ਇਹ ਫ਼ਿਲਮ ਵੀ ਉਸਦੇ ਕਰੀਅਰ ਨੂੰ ਨਵਾਂ ਮੋੜ ਦੇ ਸਕਦੀ ਹੈ। ਇਹੀ ਨਹੀਂ ਇਸ ਸਾਲ ਸ਼ੁਰੂ ਹੋ ਰਹੀਆਂ ਦਰਜਨ ਦੇ ਨੇੜੇ ਫ਼ਿਲਮਾਂ ਵਿੱਚ ਵੀ ਬਹੁਤੇ ਨਵੇਂ ਚਿਹਰੇ ਹੀ ਨਜ਼ਰ ਆਉਂਣਗੇ ਜਿਨ•ਾਂ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਅਗਲੇ ਸਾਲ ਹੋਵੇਗੀ।
ਇਸ ਸਾਲ ਨਜ਼ਰ ਆਉਂਣ ਵਾਲੇ ਇਹ ਨਵੇਂ ਚਿਹਰੇ ਅਗਲੇ ਸਾਲ ਜਾਂ ਆਉਣ ਵਾਲੇ ਸਾਲਾਂ ਵਿੱਚ ਵੀ ਨਜ਼ਰ ਆਉਂਣਗੇ ਜਾਂ ਫਿਰ ਪਿਛਲੇ ਸਾਲ ਨਜ਼ਰ ਆਏ ਬਹੁਤੇ ਚਿਹਰਿਆਂ ਵਾਂਗ ਇਕ ਫ਼ਿਲਮ ਤੋਂ ਬਾਅਦ ਹੀ ਵਿਹਲੇ ਬੈਠ ਜਾਣਗੇ। ਇਸ ਬਾਰੇ ਅਗਾਊ ਕੁਝ ਕਹਿਣਾ ਠੀਕ ਨਹੀਂ ਹੋਵੇਗਾ।
ਸਪਨ ਮਨਚੰਦਾ

Leave a Reply

Your email address will not be published. Required fields are marked *

ਧੰਨ ਕੌਰ (ਸਰਗੁਣ ਮਹਿਤਾ) ਦੀਆਂ ‘ਹੌਟ’ ਤਸਵੀਰਾਂ ਨੇ ਕਰਵਾਈ ਧੰਨ ਧੰਨ

ਹਰਭਜਨ ਮਾਨ ਨੇ ਬੇਟੇ ਅਵਿਕਾਸ਼ ਮਾਨ ਨੂੰ ਜੋੜਿਆ ਪੰਜਾਬੀ ਸੰਗੀਤ ਨਾਲ, ਪਹਿਲਾ ਗੀਤ ਰਿਲੀਜ਼