ਪੰਜਾਬੀ ਮਨੋਰੰਜਨ ਜਗਤ ਦੇ ਸਤਿਕਾਰਤ ਤੇ ਚਰਚਿਤ ਚਿਹਰੇ ਹਰਭਜਨ ਮਾਨ ਦੀ ਗਾਇਕੀ ਤੋਂ ਹਰ ਪੰਜਾਬੀ ਸਰੋਤਾ ਵਾਕਤ ਹੈ। ਕਰੋੜਾਂ ਲੋਕਾਂ ਦੇ ਚਹੇਤੇ ਗਾਇਕ ਹਰਭਜਨ ਮਾਨ ਨੇ ਆਪਣੇ ਗਾਇਕੀ ਦੇ ਸਫ਼ਰ ਨੂੰ ਆਪਣੇ ਬੇਟੇ ਅਵਿਕਾਸ਼ ਮਾਨ ਦੇ ਜ਼ਰੀਏ ਅੱਗੇ ਤੋਰਿਆ ਹੈ। ਆਪਣੇ ਪਿਤਾ ਵਾਂਗ ਸਿਦਕ, ਹਲੀਮੀ ਤੇ ਗੁਣਵਾਣ ਅਵਿਕਾਸ਼ ਮਾਨ ਨੇ ਆਪਣੇ ਪਲੇਠੇ ਗੀਤ ‘ਤੇਰੇ ਵਾਸਤੇ’ ਨਾਲ ਇਸ ਲੰਮੇ ਸਫ਼ਰ ‘ਤੇ ਪਹਿਲੀ ਪੈੜ ਪਾਈ ਹੈ। ਪੰਜਾਬੀ ਗਾਇਕੀ ਦੇ ਖੇਤਰ ‘ਚ ਆਪਣਾ ਮੁਕਾਮ ਖੁਦ ਬਣਾਉਣ ਵਾਲੇ ਨੌਜਵਾਨ ਗੀਤਕਾਰ ਹਰਮਨਜੀਤ ਦੇ ਲਿਖੇ ਇਸ ਗੀਤ ਨੂੰ ਕੰਪੋਜ ਅਵਿਕਾਸ਼ ਨੇ ਖੁਦ ਕੀਤਾ ਹੈ।
ਕੈਨੇਡਾ ‘ਚ ਜੰਮੇ ਪਲੇ ਤੇ ਜਵਾਨ ਹੋਏ ਅਵਿਕਾਸ਼ ਨੇ ਆਪਣਾ ਇਹ ਗੀਤ ਆਪਣੀ ਹਾਣ ਦੀ ਉਮਰ ਦੇ ਨੌਜਵਾਨਾਂ ਨੂੰ ਧਿਆਨ ‘ਚ ਰੱਖਕੇ ਤਿਆਰ ਕੀਤਾ ਹੈ। ਪੰਜਾਬੀ ਸੰਗੀਤ ਪ੍ਰੇਮੀਆ ਨੇ ਅਵਿਕਾਸ਼ ਨੇ ਇਸ ਗੀਤ ਨੂੰ ਕਬੂਲ ਕਰਦਿਆਂ ਉਸ ਨੂੰ ਜੀ ਆਇਆ ਆਖਿਆ ਹੈ।
ਹਰਭਜਨ ਮਾਨ ਅਤੇ ਗੁਰਸੇਵਕ ਮਾਨ ਤੋਂ ਬਾਅਦ ਇਸ ਪਰਿਵਾਰ ਦਾ ਅਵਿਕਾਸ਼ ਤੀਜਾ ਬਸ਼ਿੰਦਾ ਹੈ ਜਿਸਨੇ ਗਾਇਕੀ ਨੂੰ ਅਪਣਾਇਆ ਹੈ। ਹਰਭਜਨ ਮਾਨ ਵੀ ਕੈਨੇਡਾ ਦੀ ਸੁੱਖ ਭਰੀ ਜ਼ਿੰਦਗੀ ਛੱਡਕੇ ਪੰਜਾਬ ਗਾਇਕੀ ਖ਼ਾਤਰ ਆਇਆ ਸੀ। ਹੁਣ ਸਮੇਂ ਨੂੰ ਗੇੜ ਦਿੰਦਿਆਂ ਅਵਿਕਾਸ਼ ਮਾਨ ਵੀ ਕੈਨੇਡਾ ਤੋਂ ਵਕਤ ਖੋਹ ਕੇ ਗਾਇਕੀ ਖ਼ਾਤਰ ਪੰਜਾਬ ਆਇਆ ਹੈ। ਆਸ ਹੀ ਨਹੀਂ ਪੂਰਨ ਉਮੀਦ ਹੈ ਕਿ ਆਪਣੇ ਪਿਤਾ ਵਾਂਗ ਅਵਿਕਾਸ਼ ਵੀ ਹਮੇਸ਼ਾ ਪੰਜਾਬੀ ਸਰੋਤਿਆਂ ਦੀ ਕਸਵੱਟੀ ‘ਤੇ ਖਰਾ ਉਤਰਦਾ ਹੋਇਆ ਪਿਤਾ ਵੱਲੋਂ ਬਾਲਿਆ ਸੱਭਿਅਕ ਗਾਇਕੀ ਦਾ ਦੀਵਾ ਜਗਦਾ ਰੱਖੇਗਾ।