fbpx

ਜੱਸੀ ਗਿੱਲ ਤੇ ਰਣਜੀਤ ਬਾਵਾ ਮੁੜ ਆਉਂਣਗੇ ਇੱਕਠੇ ਨਜ਼ਰ, ਪਰ ਇਸ ਵਾਰ ਭਰਾਵਾਂ ਦੇ ਕਿਰਦਾਰ ‘ਚ 

Posted on July 10th, 2019 in News

‘ਹਾਈਐਡ ਯਾਰੀਆਂ’ ਅਤੇ ‘ਮਿਸਟਰ ਐਂਡ ਮਿਸਿਜ 420 ਅਗੇਨ’ ਤੋਂ ਬਾਅਦ ਹੁਣ ਇਕ ਵਾਰ ਫਿਰ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਤੇ ਜੱਸੀ ਗਿੱਲ ਮੁੜ ਇੱਕਠੇ ਨਜ਼ਰ ਆਉਂਣਗੇ। ਦੋਵੇਂ ਜਣੇ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2’ ਵਿੱਚ ਬਤੌਰ ਹੀਰੋ ਕੰਮ ਕਰਨ ਜਾ ਰਹੇ ਹਨ।  ਪੰਜਾਬੀ ਫਿਲਮ ‘ਡੈਡੀ ਕੂਲ ਮੁੰਡੇ ਫੂਲ’ 2013 ਦੀ ਹਿੱਟ ਫਿਲਮ ਸੀ। ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਮਰਿੰਦਰ ਗਿੱਲ, ਹਰੀਸ਼ ਵਰਮਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ, ਅਮਰ ਨੂਰੀ ਸਮੇਤ ਕਈ ਵੱਡੇ ਕਲਾਕਾਰਾਂ ਨੇ ਇਸ ਫਿਲਮ ‘ਚ ਕੰਮ ਕੀਤਾ ਸੀ ।


ਫ਼ਿਲਮ ਦੀਆਂ ਹੀਰੋਇਨਾਂ ਇਹਾਨਾ ਢਿੱਲੋਂ ਅਤੇ ਯੁਵਕਾ ਚੌਧਰੀ ਸਨ। ਅੱਜ ਦੇ ਹਿੱਟ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਇਸ ਫ਼ਿਲਮ ਦਾ ਸਕਰੀਨਪਲੇ ਲਿਖਿਆ ਸੀ। ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਨਿਰਦੇਸ਼ਤ ਕੀਤਾ ਸੀ।  ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਹੁਣ ਇਸ ਫਿਲਮ ਦਾ ਸੀਕਵਲ ਬਣਾਇਆ ਜਾ ਰਿਹਾ ਹੈ। ਇਸ ਫਿਲਮ ‘ਚ ਹੁਣ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਦੀ ਥਾਂ  ਗਾਇਕ ਜੱਸੀ ਗਿੱਲ ਤੇ ਰਣਜੀਤ ਬਾਵਾ ਮੁੱਖ ਭੂਮਿਕਾ ਨਿਭਾਉਣਗੇ। ਪਹਿਲੀ ਫਿਲਮ ਵਾਂਗ ਜਸਵਿੰਦਰ ਭੱਲ ‘ਕੂਲ ਡੈਡੀ’ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਫ਼ਿਲਮ ਦੀਆਂ ਹੀਰੋਇਨਾਂ ਲਈ ਅਜੇ ਕਿਸੇ ਦਾ ਨਾਂ ਸਾਹਮਣੇ ਨਹੀਂ ਆਇਆ।  ਇਸ ਫਿਲਮ ਦੀ ਸ਼ੂਟਿੰਗ ਲੰਡਨ ‘ਚ ਜਲਦ ਸ਼ੁਰੂ ਹੋਵੇਗੀ।

‘ਡੈਡੀ ਕੂਲ ਮੁੰਡੇ ਫੂਲ 2’ ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਹੀ ਹੋਣਗੇ। ਇਹ ਫ਼ਿਲਮ  ਸਪੀਡ ਰਿਕਾਡਸ, ਪਿਟਾਰਾ ਟੀ. ਵੀ. ਅਤੇ ਓਮਜੀ ਗਰੁੱਪ ਵਲੋਂ ਸਾਂਝੇ ਤੌਰ ‘ਤੇ ਪ੍ਰੋਡਿਊਸ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜੱਸੀ ਗਿੱਲ ਨੇ ਹੀ ‘ਡੈਡੀ ਕੂਲ ਮੁੰਡੇ ਫੂਲ’ ਫਿਲਮ ਦਾ ਪ੍ਰਮੋਸ਼ਨਲ ਗੀਤ ਕੀਤਾ ਸੀ, ਜਿਹੜਾ ਕਿ 2013 ਦਾ ਹਿੱਟ ਗੀਤ ਰਿਹਾ ਸੀ। ਹੁਣ ਜੱਸੀ ਗਿੱਲ ‘ਡੈਡੀ ਕੂਲ ਮੁੰਡੇ ਫੂਲ 2’ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਜੱਸੀ ਗਿੱਲ ਨੂੰ ਰਣਜੀਤ ਬਾਵਾ ਨਾਲ ਪਿਛਲੀ ਫ਼ਿਲਮ ‘ਮਿਸਟਰ ਐਂਡ ਮਿਸਿਜ 420 ਰਿਟਰਨ’ ਵਿੱਚ  ਔਰਤ ਬਣਨਾ ਪਿਆ ਸੀ। ਪਰ ਇਸ ਫ਼ਿਲਮ ਵਿੱਚ ਦੋਵੇਂ ਭਰਾ ਦੇ ਰੂਪ ‘ਚ ਨਜ਼ਰ ਆਉਂਣਗੇ।

 

Comments & Feedback