ਹਿੰਮਤ ਅਤੇ ਸਵੈ ਵਿਸ਼ਵਾਸ ਸਭ ਦੁੱਖਾਂ ਦਾ ਦਾਰੂ ਹੈ। ਮਰਨ ਤੋਂ ਪਹਿਲਾਂ ਕਿਉਂ ਮਰ ਮੁੱਕੀਏ। ਅਸੀਂ ਸਿੱਖਣ ਵਾਲੇ ਹੋਈਏ ਤਾਂ ਸਾਡੇ ਤੋਂ ਛੋਟੀ ਉਮਰ ਦੇ ਸਾਨੂੰ ਕਮਾਲ ਦਾ ਸਬਕ ਦੇ ਜਾਂਦੇ ਹਨ। ਖੁਸ਼ੀਆਂ ਬੀਜੋ, ਹਾਸੇ ਉੱਗਣਗੇ। ਬਜ਼ੁਰਗ ਬੋਝ ਤੇ ਪੁਰਾਣਾ ਸਮਾਨ ਨਹੀਂ ਹੁੰਦੇ। ਜ਼ਿੰਦਗੀ ਦਾ ਸਾਰ ਅੰਸ਼ ਇਨ•ਾਂ ਆਸ਼ਾਵਾਦੀ ਸਤਰਾਂ ‘ਚ ਲੁਕਿਆ ਹੋਇਆ ਹੈ। ਪੰਜਾਬੀ ਫ਼ਿਲਮ ‘ਅਰਦਾਸ ਕਰਾਂ’ ਜ਼ਿੰਦਗੀ ਦੇ ਇਸ ਸਾਰ ਅੰਸ਼ ਨੂੰ ਹੀ ਸਿਨੇਮੇ ਦੀ ਭਾਸ਼ਾ ਅਤੇ ਕੈਮਰੇ ਦੀ ਨਜ਼ਰ ਨਾਲ ਪਰਦੇ ‘ਤੇ ਪੇਸ਼ ਕਰਦੀ ਹੈ। ਜ਼ਿੰਦਗੀ ਦੇ ਅਰਥ ਸਮਝਾਉਂਦੀ ਅਤੇ ਜ਼ਿੰਦਗੀ ਨੂੰ ਹੰਢਾਉਣ ਦੀ ਜਗ•ਾ ਜਿਓਂਣ ਲਈ ਪ੍ਰੇਰਿਤ ਕਰਦੀ ਇਹ ਫ਼ਿਲਮ ਸਿਨੇਮੇ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੋਈ ਦਰਸ਼ਕਾਂ ਨਾਲ ਸੰਵਾਦ ਰਚਾਉਂਦੀ ਹੈ। ਉੱਘੇ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਦੇ ਖੂਬਸੂਰਤ ਸੰਵਾਦਾਂ ਵਾਲੀ ਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਸਾਂਝੇ ਤੌਰ ‘ਤੇ ਲਿਖੀ ਹੈ। ਜਿਨ•ਾਂ ਦਰਸ਼ਕਾਂ ਨੇ ਇਸ ਜੋੜੀ ਦੀ ਪਹਿਲੀ ਫ਼ਿਲਮ ‘ਅਰਦਾਸ’ ਦੇਖੀ ਹੈ ਉਹ ਜਾਣਦੇ ਹਨ ਕਿ ਇਹ ਫ਼ਿਲਮ ਜ਼ਿੰਦਗੀ ਦੇ ਕਿੰਨੀ ਨੇੜੇ ਹੈ।
19 ਜੁਲਾਈ ਨੂੰ ਪਰਦਾਪੇਸ਼ ਹੋ ਰਹੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਸੰਗੀਤ ਇਸ ਫ਼ਿਲਮ ਦੇ ਵਿਸ਼ਾ ਵਸਤੂ ਤੇ ਮਿਆਰ ਬਾਰੇ ਜਾਣੂ ਕਰਵਾਉਂਦਾ ਹੋਇਆ ਦਰਸ਼ਕਾਂ ਨੂੰ ਫ਼ਿਲਮ ਪ੍ਰਤੀ ਉਤਸ਼ਾਹਿਤ ਤੇ ਭਾਵੁਕ ਕਰਦਾ ਹੈ। ਬਤੌਰ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਇਹ ਦੂਜੀ ਫ਼ਿਲਮ ਹੈ, ਜਿਸ ਵਿੱਚ ਉਸਨੇ ਅਦਾਕਾਰ ਵਜੋਂ ਵੀ ਕੰਮ ਕੀਤਾ ਹੈ। ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ, ਯੋਗਰਾਜ ਸਿੰਘ, ਬੱਬਲ ਰਾਏ, ਰਘਬੀਰ ਬੋਲੀ, ਕੁਲਜਿੰਦਰ ਸਿੱਧੂ, ਜਪਜੀ ਖਹਿਰਾ, ਸਪਨਾ ਪੱਬੀ, ਮੇਹਰ ਵਿੱਜ, ਗੁਰਪ੍ਰੀਤ ਕੌਰ ਭੰਗੂ ਅਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਚਿਹਰੇ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ।
ਦਰਅਸਲ ਇਹ ਫ਼ਿਲਮ ਤਿੰਨ ਪੀੜ•ੀਆਂ ਦੀ ਕਹਾਣੀ ਹੈ। ਇਹ ਫ਼ਿਲਮ ਪੀੜ•ੀ ਦਰ ਪੀੜ•ੀ ਬਦਲ ਰਹੀ ਜ਼ਿੰਦਗੀ ਨੂੰ ਦਰਸਾਉਂਦੀ ਹੈ। ਫ਼ਿਲਮ ‘ਚ ਬਜ਼ੁਰਗਾਂ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਬਜ਼ੁਰਗਾਂ ਦਾ ਤਜ਼ਰਬਾ ਅਤੇ ਸਾਥ ਤਾਕਤ ਹੁੰਦਾ ਹੈ। ਨਰਿੰਦਰ ਕਪੂਰ ਦੀ ‘ਮਾਲਾ ਮਣਕੇ’ ਵਾਂਗ ਇਸ ਫ਼ਿਲਮ ‘ਚ ਵੀ ਜ਼ਿੰਦਗੀ ਦੇ ਨਿਚੋੜ ਨੂੰ ਤਿੰਨ ਪੀੜ•ੀਆਂ ਦੇ ਸੱਭਿਆਚਾਰਕ ਵਿਖਰੇਵੇ ਜ਼ਰੀਏ ਬਿਆਨ ਕੀਤਾ ਗਿਆ ਹੈ। ਫ਼ਿਲਮ ਦੇ ਲੇਖਕ ਰਾਣਾ ਰਣਬੀਰ ਮੁਤਾਬਕ ‘ਅਰਦਾਸ’ ਦੀ ਸਫ਼ਲਤਾ ਤੋਂ ਬਾਅਦ ਹੀ ਇਸ ਫ਼ਿਲਮ ਦੀ ਵਿਉਂਤਬੰਦੀ ਸ਼ੁਰੂ ਹੋ ਗਈ ਸੀ। ਉਸਨੇ ਅਤੇ ਗਿੱਪੀ ਗਰੇਵਾਲ ਨੇ ਇਸ ਫ਼ਿਲਮ ‘ਤੇ ਤਿੰਨ ਸਾਲ ਲਗਾਏ ਹਨ। ਫ਼ਿਲਮ ‘ਚ ਕੁਝ ਵੀ ਫਿਲਮੀ ਢੰਗ ਨਾਲ ਨਹੀਂ ਦਿਖਾਇਆ ਗਿਆ। ਇਹ ਫ਼ਿਲਮ ਜ਼ਿੰਦਗੀ ਦਾ ਸੱਚ ਬਣਕੇ ਉੱਭਰੇਗੀ। ਇਹ ਫ਼ਿਲਮ ਪਰਿਵਾਰਾਂ ਨੂੰ ਜੋੜਨ ਦਾ ਕੰਮ ਕਰੇਗੀ। ਪੰਜਾਬੀ ਸਿਨਮਾ ਕਮਰਸ਼ੀਅਲ ਹੋ ਚੁੱਕਾ ਹੈ। ਫ਼ਿਲਮ ਨੂੰ ਦਰਸ਼ਕਾਂ ਦੇ ਸੁਆਦ ਮੁਤਾਬਕ ਮਸਾਲੇਦਾਰ ਬਣਾਇਆ ਜਾਂਦਾ ਹੈ ਪਰ ਇਹ ਫ਼ਿਲਮ ਮਸਾਲੇਦਾਰ ਹੋਣ ਦੀ ਥਾਂ ਯਥਾਰਥ ਨਾਲ ਲਿਬਰੇਜ ਹੈ। ਫ਼ਿਲਮ ਦੇ ਟ੍ਰੇਲਰ ਅਤੇ ਸੰਗੀਤ ਨੂੰ ਮਿਲ ਰਿਹਾ ਅਥਾਹ ਹੁੰਗਾਰਾ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀ ਦਰਸ਼ਕ ਵੀ ਅਰਥ ਭਰਪੂਰ ਫ਼ਿਲਮਾਂ ਦੇਖਣਾ ਚਾਹੁੰਦੇ ਹਨ ਬਸਰਤੇ ਫ਼ਿਲਮਸਾਜ਼ ਤੇ ਲੇਖਕ ਨੂੰ ਜ਼ਿੰਦਗੀ ਅਤੇ ਸਿਨੇਮੇ ਦੀ ਬਰਾਬਰ ਸਮਝ ਹੋਣੀ ਜ਼ਰੂਰੀ ਹੈ। ਆਸ ਕੀਤੀ ਜਾ ਰਹੀ ਕਿ ਪਹਿਲੀ ਫ਼ਿਲਮ ‘ਅਰਦਾਸ’ ਵਾਂਗ ਹੀ ਇਸ ਦਾ ਇਹ ਸੀਕਅਲ ‘ਅਰਦਾਸ ਕਰਾਂ’ ਵੀ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰਦਾ ਹੋਇਆ ਹੋਰ ਫ਼ਿਲਮਸਾਜ਼ਾਂ ਨੂੰ ਵੀ ਅਜਿਹੀਆਂ ਫ਼ਿਲਮਾਂ ਬਣਾਉਣ ਵੱਲ ਉਤਸ਼ਾਹਿਤ ਕਰੇਗਾ।
ਸਪਨ ਮਨਚੰਦਾ