ਬਾਲੀਵੁੱਡ ਦੀ ਡ੍ਰੀਮ ਗਰਲ ਬਤੌਰ ਨਿਰਮਾਤਾ ਪੰਜਾਬੀ ਫ਼ਿਲਮ ‘ਮਿੱਟੀ ਵਿਰਾਸਤ ਬੱਬਰਾਂ’ ਦੀ ਲੈ ਕੇ ਆ ਰਹੀ ਹੈ। 23 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਕਹਾਣੀ ਲਖਵਿੰਦਰ ਕੰਡੋਲਾ ਨੇ ਲਿਖੀ ਹੈ ਅਤੇ ਹਿਰਦੇ ਸ਼ੈਟੀ ਨੇ ਇਸ ਨੂੰ ਨਿਰਦੇਸ਼ਕ ਕੀਤਾ ਹੈ। ਇਸ ਫ਼ਿਲਮ ਜ਼ਰੀਏ ਨਾਮਵਰ ਮਾਡਲ ਅਕਾਂਸ਼ਾ ਸ਼ਰੀਨ ਬਤੌਰ ਹੀਰੋਇਨ ਆਪਣੇ ਕਰੀਅਰ ਦੀ ਸ਼ੁਰੂਆਤ ਕਰੇਗੀ। ਪੰਜਾਬ ਦੇ ਕਈ ਨਾਮੀਂ ਕਲਾਕਾਰਾਂ ਨਾਲ ਸੱਜੀ ਇਸ ਫ਼ਿਲਮ ਵਿੱਚ ਅਕਾਂਸ਼ਾ ਗੁਰਿੰਦਰ ਕੌਰ ਨਾਂ ਦੀ ਕੁੜੀ ਦਾ ਕਿਰਦਾਰ ਅਦਾ ਕਰ ਰਹੀ ਹੈ।
ਸੈਂਕੜੇ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਚੁੱਕੀ ਅਕਾਂਸ਼ਾ ਦੀ ਚੋਣ ਇਸ ਫ਼ਿਲਮ ਲਈ ਕਈ ਚਿਹਰਿਆਂ ਵਿੱਚੋਂ ਕੀਤੀ ਗਈ ਸੀ। ਹੁਣ ਤੱਕ ਆਪਣਾ ਧਿਆਨ ਸਿਰਫ ਮਿਊਜ਼ਿਕ ਵੀਡੀਓਜ਼ ਤੱਕ ਕੇਂਦਰਿਤ ਰੱਖਣ ਵਾਲੀ ਅਕਾਂਸ਼ਾ ਫ਼ਿਲਮ ਦੀ ਨਿਰਮਾਤਾ ਹੇਮਾ ਮਾਲਿਨੀ ਦੀ ਪਸੰਦ ਬਣਨ ਤੋਂ ਬਾਅਦ ਬੇਹੱਦ ਖੁਸ਼ ਹੈ। ਅਕਾਂਸ਼ਾ ਮੁਤਾਬਕ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਉਸ ਨੂੰ ਆਪਣੀ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ। ਉਸ ਲਈ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ।
ਅਕਾਂਸ਼ਾ ਮੁਤਾਬਕ ਇਸ ਫਿਲਮ ਤੋਂ ਬਾਅਦ ਉਸ ਨੇ ਆਪਣਾ ਸਾਰਾ ਧਿਆਨ ਹੁਣ ਫ਼ਿਲਮਾਂ ‘ਤੇ ਕੇਂਦਰਿਤ ਕਰ ਲਿਆ ਹੈ। ਹੁਣ ਉਹ ਸਿਰਫ ਚੋਣਵੇਂ ਪੰਜਾਬੀ ਮਿਊਜ਼ਿਕ ਵੀਡੀਓਜ਼ ਹੀ ਕਰ ਰਹੀ ਹੈ। ਭਵਿੱਖ ਵਿੱਚ ਉਹ ਨਾਮੀਂ ਫ਼ਿਲਮ ਅਦਾਕਾਰਾ ਹੀ ਬਣਨਾ ਚਾਹੁੰਦੀ ਹੈ। ਇਸ ਫਿਲਮ ਤੋਂ ਬਾਅਦ ਉਸਦੀ ਇਕ ਹੋਰ ਪੰਜਾਬੀ ਫ਼ਿਲਮ ‘ਗੁਰਮੁਖ’ ਆਵੇਗੀ। ਇਸ ਫ਼ਿਲਮ ਵਿੱਚ ਵੀ ਦਰਸ਼ਕ ਉਸਦੀ ਅਦਾਕਾਰੀ ਦੇ ਰੰਗ ਦੇਖਣਗੇ।
ਆਰਮੀ ਪਰਿਵਾਰ ਨਾਲ ਸਬੰਧਿਤ ਅਤੇ ਰੋਪੜ ਦੀ ਜੰਮਪਲ ਅਕਾਂਸ਼ਾ ਨੇ ਆਪਣੀ ਸ਼ੁਰੂਆਤ ਰੌਸ਼ਨ ਪ੍ਰਿੰਸ ਦੇ ਬਹੁ ਚਰਚਿਤ ਗੀਤ ‘ਦਿਲ ਡਰਦਾ’ ਤੋਂ ਕੀਤੀ ਸੀ। ਇਸ ਗੀਤ ਦੀ ਆਪਾਰ ਸਫ਼ਲਤਾ ਤੋਂ ਬਾਅਦ ਉਸ ਕੋਲ ਲਗਾਤਾਰ ਮਿਊਜ਼ਿਕ ਵੀਡੀਓਜ਼ ਦੀਆਂ ਪੇਸਕਸ਼ਾਂ ਆਉਣ ਲੱਗੀਆਂ ਸਨ। ਅਕਾਂਸ਼ਾ ਬੇਸ਼ੱਕ ਇਸ ਤੋਂ ਪਹਿਲਾਂ ਵੀ ਦੋ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਪਰ ਉਹ ਆਪਣੇ ਅਸਲ ਸਫਰ ਦੀ ਸ਼ੁਰੂਆਤ ਇਸ ਫ਼ਿਲਮ ਤੋਂ ਹੀ ਮੰਨ ਰਹੀ ਹੈ।