ਪੰਜਾਬੀ ਗਾਇਕ ਅਤੇ ਬਾਲੀਵੁੱਡ ਰੈਪਰ ਬਾਦਸ਼ਾਹ ਤੁਹਾਨੂੰ ਹੁਣ ਫ਼ਿਲਮਾਂ ‘ਚ ਐਕਟਿੰਗ ਵੀ ਕਰਦਾ ਨਜ਼ਰ ਆਵੇਗਾ। ਬਤੌਰ ਪ੍ਰੋਡਿਊਸਰ ਪੰਜਾਬੀ ਫ਼ਿਲਮ ‘ਦੋ ਦੂਣੀ ਪੰਜ’ ਦਾ ਨਿਰਮਾਣ ਕਰ ਚੁੱਕੇ ਬਾਦਸਾਹ ਹੁਣ 2 ਅਗਸਤ ਨੂੰ ਰਿਲੀਜ਼ ਹੋ ਰਹੀ ਹਿੰਦੀ ਫ਼ਿਲਮ ‘ਖਾਨਦਾਨੀ ਸਫ਼ਾਖਾਨਾ’ ਵਿੱਚ ਬਤੌਰ ਅਦਾਕਾਰ ਨਜ਼ਰ ਆਉਣਗੇ। ਸੰਗੀਤ ਦੀ ਦੁਨੀਆਂ ਦਾ ਵੱਡਾ ਨਾਂ ਬਾਦਸ਼ਾਹ ਇਸ ਫ਼ਿਲਮ ਆਪਣੀ ਅਸਲੀ ਜ਼ਿੰਦਗੀ ਵਾਂਗ ਹੀ ਇਕ ਰੈਪਰ ਦਾ ਕਿਰਦਾਰ ਨਿਭਾ ਰਹੇ ਹਨ।
ਉਨ੍ਹਾਂ ਦੇ ਕਿਰਦਾਰ ਦਾ ਨਾਂਅ ਹੈ ਗੱਭਰੂ ਘਾਤਕ। ਇਸ ਕਿਰਦਾਰ ਨੂੰ ਨਿਭਾਉਣ ਬਾਰੇ ਉਹ ਕਹਿੰਦੇ ਹਨ, ‘ਮੇਰੇ ਸੰਗੀਤ ਨਿਰਮਾਤਾ ਕੰਪਨੀ ਨਾਲ ਚੰਗੇ ਸਬੰਧ ਹਨ ਅਤੇ ਉਹ ਇਸ ਫ਼ਿਲਮ ਦੇ ਨਿਰਮਾਤਾ ਹਨ। ਜਦੋਂ ਭੂਸ਼ਣ ਕੁਮਾਰ ਨੇ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਮੇਰੇ ਤੋਂ ਐਕਟਿੰਗ ਹੋ ਜਾਵੇਗੀ ਤਾਂ ਮੈਂ ਵੀ ਹਾਂ ਕਹਿ ਦਿੱਤੀ। ਬਾਅਦ ਵਿਚ ਜਦੋਂ ਸ਼ੂਟਿੰਗ ਦਾ ਸਮਾਂ ਆਇਆ ਤਾਂ ਪਤਾ ਲੱਗਿਆ ਕਿ ਐਕਟਿੰਗ ਕਰਨਾ ਬੱਚਿਆਂ ਦੀ ਖੇਡ ਨਹੀਂ ਹੁੰਦੀ। ਮੈਂ ਤਾਂ ਸਮਝਿਆ ਸੀ ਕਿ ਸੰਵਾਦ ਰਟ ਕੇ ਕੈਮਰੇ ਸਾਹਮਣੇ ਬੋਲ ਦੇਵਾਂਗਾ ਅਤੇ ਕੰਮ ਹੋ ਜਾਵੇਗਾ ਪਰ ਜਦੋਂ ਸੈੱਟ ‘ਤੇ ਪਹੁੰਚਿਆ ਉਦੋਂ ਪਤਾ ਲੱਗਿਆ ਕਿ ਮਾਰਕ ਕੀ ਹੁੰਦਾ ਹੈ। ਕਿਊ ਦੇਣਾ ਕਿਸ ਨੂੰ ਕਹਿੰਦੇ ਹਨ। ਸੋਲੋ ਐਕਟਿੰਗ ਕਿਸ ਨੂੰ ਕਹਿੰਦੇ ਹਨ। ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਕਿ ਮੇਰੇ ਸਾਹਮਣੇ ਕੋਈ ਕਲਾਕਾਰ ਨਹੀਂ ਹੁੰਦਾ ਸੀ ਅਤੇ ਮੈਨੂੰ ਹਵਾ ਵਿਚ ਦੇਖ ਕੇ ਕੁਝ ਇਸ ਅੰਦਾਜ਼ ਵਿਚ ਸੰਵਾਦ ਬੋਲਣੇ ਪੈਂਦੇ ਸਨ ਜਿਵੇਂ ਸਾਹਮਣੇ ਕੋਈ ਖੜ੍ਹਾ ਹੋਵੇ।
ਪਰ ਇਕ ਮੁਸ਼ਕਿਲ ਇਹ ਵੀ ਰਹੀ ਕਿ ਸਟੇਜ ‘ਤੇ ਮੈਂ ਕੁਝ ਵੀ ਗਾਉਂਦਾ ਹਾਂ ਤਾਂ ਲੋਕ ਬਹੁਤ ਤਾੜੀਆਂ ਮਾਰਦੇ ਹਨ। ਇਸ ਨਾਲ ਹੋਰ ਮੂਡ ਬਣਦਾ ਹੈ। ਇਥੇ ਕੋਈ ਤਾੜੀ ਵਜਾਉਣ ਵਾਲਾ ਨਹੀਂ ਹੁੰਦਾ ਸੀ। ਇਸ ਤਰ੍ਹਾਂ ਮੂਡ ਬਣੇ ਵੀ ਤਾਂ ਕਿਵੇਂ। ਮੈਂ ਖ਼ੁਦ ਹੌਲੀ ਆਵਾਜ਼ ਵਿਚ ਗੱਲ ਕਰਨਾ ਪਸੰਦ ਕਰਦਾ ਹਾਂ। ਇਥੇ ਮੈਨੂੰ ਦੱਸਿਆ ਗਿਆ ਕਿ ਗੱਬਰੂ ਘਾਤਕ ਦਾ ਕਿਰਦਾਰ ਉੱਚਾ ਬੋਲਣ ਵਾਲਾ ਹੈ ਅਤੇ ਉਹ ਗੱਲ ਵੀ ਉੱਚੀ ਆਵਾਜ਼ ਵਿਚ ਕਰਦਾ ਹੈ। ਮੈਂ ਸੋਚਿਆ ਕਿ ਮੈਂ ਮੀਕਾ ਦੀ ਨਕਲ ਮਾਰ ਕੇ ਇਹ ਕਿਰਦਾਰ ਨਿਭਾਅ ਜਾਵਾਂਗਾ ਪਰ ਜਦੋਂ ਪਤਾ ਲੱਗਿਆ ਕਿ ਇਹ ਤਾਂ ਮੀਕਾ ਤੋਂ ਵੀ ਦਸ ਗੁਣਾ ਜ਼ਿਆਦਾ ਉੱਚੀ ਆਵਾਜ਼ ਵਿਚ ਹੈ। ਫਿਰ ਮੈਨੂੰ ਇਸ ‘ਤੇ ਚੰਗੀ ਤਰ੍ਹਾਂ ਮਿਹਨਤ ਕਰਨੀ ਪਈ ਸੀ।’
ਹੁਣ ਜਦੋਂ ਬਾਦਸ਼ਾਹ ਅਭਿਨੇਤਾ ਬਣ ਗਏ ਹਨ ਤਾਂ ਇਸ ਗੱਲ ਤੋਂ ਸਾਫ਼ ਇਨਕਾਰ ਕਰਦੇ ਹਨ ਕਿ ਹੁਣ ਉਹ ਸੰਗੀਤ ਤੋਂ ਦੂਰੀ ਬਣਾ ਲੈਣਗੇ। ਉਹ ਕਹਿੰਦੇ ਹਨ, ‘ਸੰਗੀਤ ਮੇਰਾ ਪਹਿਲਾ ਪਿਆਰ ਹੈ। ਸੰਗੀਤ ਦੀ ਵਜ੍ਹਾ ਨਾਲ ਮੈਨੂੰ ਕਈ ਚੀਜ਼ਾਂ ਛੱਡਣੀਆਂ ਪਈਆਂ। ਮੈਂ ਭਲਾ ਸੰਗੀਤ ਨੂੰ ਕਿਵੇਂ ਛੱਡ ਸਕਦਾ ਹਾਂ। ਫ਼ਿਲਮ ਮੈਂ ਉਦੋਂ ਹੀ ਕਰਾਂਗਾ ਜਦੋਂ ਭੂਮਿਕਾ ਤੇ ਪ੍ਰਾਜੈਕਟ ਦਮਦਾਰ ਹੋਵੇਗਾ।’ ਉਹ ਪੰਜਾਬੀ ਫ਼ਿਲਮਾਂ ਕਰਨ ਨੂੰ ਵੀ ਰਾਜ਼ੀ ਹਨ ਬਸ਼ਰਤੇ ਕਹਾਣੀ ਤੇ ਫ਼ਿਲਮ ਦਾ ਸਕੇਲ ਚੰਗਾ ਹੋਵੇ।