ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੀ ਹੌਂਟ ਅਦਾਵਾਂ ਨਾਲ ਸੋਸ਼ਲ ਮੀਡੀਆ ‘ਤੇ ਜ਼ਿਆਦਾ ਚਰਚਾ ਵਿੱਚ ਰਹਿਣ ਵਾਲੀ ਪੰਜਾਬੀ ਸਿਨੇਮੇ ਦੀ ਇਸ ਚਰਚਿਤ ਤੇ ਮੋਹਰੀ ਅਦਾਕਾਰ ਸੋਨਮ ਬਾਜਵਾ ਅੱਜ ਆਪਣਾ 29 ਵਾਂ ਜਨਮ ਦਿਨ ਮਨਾ ਰਹੀ ਹੈ। ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਦੇ ਹਿੱਸੇ ਜਿੰਨੀਆਂ ਵੀ ਫ਼ਿਲਮਾਂ ਆਈਆਂ ਹਨ, ਸਭ ਵੱਡੀਆਂ ਫ਼ਿਲਮਾਂ ਹੀ ਆਈਆਂ ਹਨ। ਉਸ ਦੀ ਇਸ ਵੇਲੇ ਪੂਰੀ ਡਿਮਾਂਡ ਹੈ।
ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਦੀ ਫ਼ਿਲਮ ‘ਬੈਸਟ ਆਫ਼ ਲੱਕ’ ਵਿੱਚ ਪਹਿਲੀ ਵਾਰ ਨਜ਼ਰ ਆਈ ਸੋਨਮ ਨੂੰ ਪਹਿਚਾਣ ਦਿਲਜੀਤ ਦੁਸਾਂਝ ਦੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਪੰਜਾਬ 1984’ ਨਾਲ ਮਿਲੀ ਸੀ। ਇਸ ਫ਼ਿਲਮ ਤੋਂ ਬਾਅਦ ਉਸਨੇ ਆਪਣੀ ਅਦਾਕਾਰੀ ਅਤੇ ਲੁੱਕ ਦੇ ਵਿੱਚ ਹੈਰਾਨੀ ਜਨਕ ਤਬਦੀਲੀ ਲਿਆਂਦੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਫ਼ਿਲਮ ਤੋਂ ਬਾਅਦ ਸੋਨਮ ਨੇ ਆਪਣੀ ਲੁੱਕ ਨੂੰ ਹੋਰ ਖੂਬਸੂਰਤ ਬਣਾਉਣ ਲਈ ਪਲਾਸਟਿਕ ਸਰਜਰੀ ਦਾ ਵੀ ਸਹਾਰਾ ਲਿਆ।
ਦਰਜਨਾਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਨੇ ਖੁਦ ਨੂੰ ‘ਗੁੱਡੀਆਂ ਪਟੌਲੇ’ ਫਿਲਮ ਜ਼ਰੀਏ ਕਾਬਲ ਹੀਰੋਇਨ ਵਜੋਂ ਸਾਬਤ ਕੀਤਾ। ਇਹ ਫ਼ਿਲਮ ਸੋਨਮ ਦੀਆਂ ਹੁਣ ਤੱਕ ਦੀਆਂ ਫ਼ਿਲਮਾਂ ਵਿੱਚੋਂ ਸਭ ਤੋਂ ਬਿਹਤਰੀਨ ਫ਼ਿਲਮ ਸੀ। ਹਾਲਹਿ ਵਿੱਚ ਉਹ ਪਰਮੀਸ਼ ਵਰਮਾ ਨਾਲ ਸਿੰਘਮ’ ਫਿਲਮ ਵਿੱਚ ਵੀ ਦਿਖਾਈ ਦਿੱਤੀ, ਪਰ ਇਸ ਫ਼ਿਲਮ ਵਿੱਚ ਉਸਦਾ ਕੋਈ ਜਾਦੂ ਨਹੀਂ ਚੱਲਿਆ। ਹੁਣ ਉਹ ਛੇਤੀ ਹੀ ਇਕ ਨਵੀਂ ਫ਼ਿਲਮ ‘ਅੜਬ ਮੁਟਿਆਰਾਂ’ ਵਿੱਚ ਨਜ਼ਰ ਆਵੇਗੀ। ‘ਗੁੱਡੀਆਂ ਪਟੌਲੇ’ ਤੋਂ ਬਾਅਦ ਦਰਸ਼ਕ ਉਸ ਨੂੰ ਇਸ ਫ਼ਿਲਮ ਵਿੱਚ ਵੀ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ।
ਸੋਨਮ ਇਹ ਖੂਬ ਜਾਣਦੀ ਹੈ ਕਿ ਉਸ ਨੇ ਖੁਦ ਨੂੰ ਚਰਚਾ ਵਿੱਚ ਕਿਵੇਂ ਰੱਖਣਾ ਹੈ। ਇਸ ਲਈ Àਸ ਕੋਲ ਸੋਸ਼ਲ ਮੀਡੀਆ ਸਭ ਤੋਂ ਵੱਡਾ ਹਥਿਆਰ ਸਾਬਤ ਹੋ ਰਿਹਾ ਹੈ। ਆਏ ਦਿਨ ਉਸਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੁੰਦੀਆਂ ਹੀ ਰਹਿੰਦੀਆਂ ਹਨ। ਉਹ ਹਮੇਸ਼ਾ ਆਪਣੀ ਹੌਂਟ ਲੁੱਕ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਦੀ ਹੈ।
ਦੱਸ ਦਈਏ ਕਿ ਸਾਲ 2013 ‘ਚ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀ ਅਤੇ ਮੂਲ ਰੂਪ ‘ਚ ਉਤਰਾਖੰਡ ਦੀ ਨਿਵਾਸੀ ਸੋਨਮ ਬਾਜਵਾ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। ਦਰਜਨ ਦੇ ਕਰੀਬ ਫ਼ਿਲਮਾਂ ‘ਚ ਕੰਮ ਕਰ ਚੁੱਕੀ ਸੋਨਮ ਗਲੈਮਰ ਜਗਤ ਦਾ ਹਿੱਸਾ ਬਣਨ ਤੋਂ ਪਹਿਲਾਂ ਏਅਰ ਹੋਸਟਸ ਵਜੋਂ ਕੰਮ ਕਰ ਚੁੱਕੀ ਹੈ। ਉਸ ਨੇ ਐਕਟਰਸ ਵਜੋਂ ਆਪਣੀ ਸ਼ੁਰੂਆਤ ਸਾਲ 2012 ‘ਚ ਮੁੰਬਈ ਤੋਂ ਕੀਤੀ ਸੀ। ਅਸੀਂ ਉਸਨੂੰ ਉਸਦੇ ਇਸ ਖਾਸ ਦਿਹਾੜੇ ‘ਤੇ ਸ਼ੁਭ ਕਾਮਨਾਵਾਂ ਭੇਂਟ ਕਰਦੇ ਹੋਏ ਜਨਮ ਦਿਵਸ ਦੀ ਵਧਾਈ ਦਿੰਦੇ ਹਾਂ।