fbpx

‘ਤੇਰੀ ਮੇਰੀ ਜੋੜੀ’ ਲੈ ਕੇ ਆ ਰਿਹੈ ਨਿਰਦੇਸ਼ਕ ਅਦਿਤਯ ਸੂਦ, 13 ਸਤੰਬਰ ਨੂੰ ਹੋਵੇਗੀ ਰਿਲੀਜ਼

Posted on August 28th, 2019 in Article

ਨਿਰਦੇਸ਼ਕ ਅਤੇ ਲੇਖਕ ਅਦਿਤਯ ਸੂਦ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਲੈ ਕੇ ਆ ਰਹੇ ਹਨ। 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਹਰ ਪਾਸੇ ਛਾਏ ਫ਼ਿਲਮ ਦੇ ਟ੍ਰੇਲਰ ਨੇ ਸਾਫ਼ ਕਰ ਦਿੱਤਾ ਹੈ ਕਿ ਅਦਿਤਯ ਸੂਦ ਇਸ ਵਾਰ ਵੱਡੀ ਬਾਜ਼ੀ ਮਾਰਨ ਜਾ ਰਹੇ ਹਨ। ਕੁਝ ਸਾਲ ਪੰਜਾਬੀ ਸਿਨੇਮੇ ਤੋਂ ਦੂਰ ਰਹੇ ਕੈਨੇਡਾ ਵਾਸੀ ਅਦਿਤਯ ਸੂਦ ਹੁਣ ਇਸ ਫ਼ਿਲਮ ਨਾਲ ਵਾਪਸੀ ਕਰ ਰਹੇ ਹਨ।


ਆਪਣੇ ਸੁਭਾਅ ਮੁਤਾਬਕ ਉਹਨਾਂ ਇਸ ਵਾਰ ਵੀ ਕਿਸੇ ਦੀਆਂ ਪੈੜਾਂ ’ਚ ਪੈਰ ਪਾਉਣ ਦੀ ਥਾਂ ਆਪਣੇ ਰਾਹ ਖੁਦ ਬਣਾਇਆ ਹੈ। ਉਨ੍ਹਾਂ ਆਪਣੀ ਫ਼ਿਲਮ ‘ਮਰ ਜਾਵਾਂ ਗੁੜ ਖਾ ਕੇ’ ਜ਼ਰੀਏ ਜਿਥੇ ਅੱਧੀ ਦਰਜਨ ਨਵੇਂ ਕਲਾਕਾਰਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਸੀ ਤਾਂ ‘ਓਏ ਹੋਏ ਪਿਆਰ ਹੋ ਗਿਆ’ ਜ਼ਰੀਏ ਵੀ ਪੰਜਾਬੀ ਗਾਇਕ ਸ਼ੈਰੀ ਮਾਨ ਸਮੇਤ ਅੱਧੀ ਦਰਜਨ ਨਵੇਂ ਕਲਾਕਾਰਾਂ ਨੂੰ ਵੱਡੇ ਪਰਦੇ ‘ਤੇ ਪੇਸ਼ ਕੀਤਾ ਸੀ।


ਇਸ ਵਾਰ ਵੀ ਹੁਣ ਉਹ ਆਪਣੀ ਇਸ ਫ਼ਿਲਮ ‘ਤੇਰੀ ਮੇਰੀ ਜੋੜੀ ਜ਼ਰੀਏ’ ਇਕ ਨਹੀਂ, ਦੋ ਨਹੀਂ ਬਲਕਿ ਅੱਧੀ ਦਰਜਨ ਦੇ ਨੇੜੇ ਮੁੜ ਨਵੇਂ ਕਲਾਕਾਰਾਂ ਨੂੰ ਅੱਗੇ ਵਧਣ ਦਾ ਮੌਕਾ ਦੇ ਰਹੇ ਹਨ। ਨਾਮਵਰ ਯੂ ਟਿਊਬਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਇਸੇ ਫ਼ਿਲਮ ਨਾਲ ਹੀ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕਰ ਰਹੇ ਹਨ। ਇਹੀ ਨਹੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਪਹਿਲੀ ਵਾਰ ਅਦਿਤਯ ਸੂਦ ਦੀ ਹੀ ਫ਼ਿਲਮ ਵਿੱਚ ਐਕਟਿੰਗ ਕਰਦਾ ਨਜ਼ਰ ਆਵੇਗਾ। ਦਿੱਗਜ ਅਦਾਕਾਰ ਯੋਗਰਾਜ ਸਿੰਘ ਵੀ ਆਪਣੇ ਬੇਟੇ ਵਿਕਟਰ ਯੋਗਰਾਜ ਸਿੰਘ ਨੂੰ ਇਸੇ ਫ਼ਿਲਮ ਜ਼ਰੀਏ ਦਰਸ਼ਕਾਂ ਮੂਹਰੇ ਲੈ ਕੇ ਆ ਰਹੇ ਹਨ। ਨਾਮਵਰ ਮਾਡਲ ਅਤੇ ਟੈਲੀਵਿਜ਼ਨ ਅਦਾਕਾਰਾ ਮੋਨਿਕਾ ਸ਼ਰਮਾ ਦੀ ਵੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ।

ਕੈਨੇਡਾ ਦੀ ਨਾਮਵਰ ਮਾਡਲ ਅਰਸ਼ ਪੁਰਬਾ ਨੂੰ ਵੀ ਅਦਿਤਯ ਸੂਦ ਹੀ ਵੱਡੇ ਪਰਦੇ ’ਤੇ ਲੈ ਕੇ ਆ ਰਹੇ ਹਨ। ਅਦਿਤਯ ਸੂਦ ਦੀ ਇਸ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਕਹਾਣੀ ਵੀ ਉਨ੍ਹਾਂ ਖੁਦ ਹੀ ਲਿਖੀ ਹੈ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦੇ ਮਨਾਂ ‘ਤੇ ਗਹਿਰਾ ਪ੍ਰਭਾਵ ਛੱਡੇਗਾ। ਇਹ ਫ਼ਿਲਮ ਪਿਆਰ, ਮਹੁੱਬਤ, ਰਿਸ਼ਤੇ ਨਾਤੇ ਅਤੇ ਦੋਸਤੀ ਦੀ ਬਾਤ ਪਾਵੇਗੀ। ਹਰ ਤਰ੍ਹਾਂ ਦੇ ਰੰਗ ਪੇਸ਼ ਕਰਦੀ ਇਹ ਫ਼ਿਲਮ ਹਰ ਤਰ੍ਹਾਂ ਦੇ ਦਰਸ਼ਕਾਂ ਨੂੰ ਮੁੱਖ ਰੱਖਕੇ ਬਣਾਈ ਗਈ ਹੈ। ਇਹ ਫ਼ਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੋਵੇਗੀ। ਇਸ ਫ਼ਿਲਮ ਨੂੰ ਲਿਖਦਿਆਂ ਅਤੇ ਫਿਲਮਾਉਂਦਿਆਂ ਉਨ੍ਹਾਂ ਇਕ ਨਵੀਂ ਜਿੰਦਗੀ ਜਿਉਂਈ ਹੈ। ਇਹ ਫਿਲਮ ਦੇਖਦਿਆਂ ਦਰਸ਼ਕ ਵੀ ਇਕ ਵੱਖਰੀ ਦੁਨੀਆਂ ਅਤੇ ਰਿਸ਼ਤਿਆਂ ਦਾ ਅਹਿਸਾਸ ਕਰਨਗੇ

Comments & Feedback