fbpx

ਪੰਜਾਬੀ ਸਿਨੇਮੇ ਦੀ ਸ਼ਾਨ ’ਚ ਵਾਧਾ ਕਰੇਗੀ ‘ਜੱਦੀ ਸਰਦਾਰ’, 6 ਸਤੰਬਰ ਨੂੰ ਹੋਵੇਗੀ ਰਿਲੀਜ਼

Posted on August 30th, 2019 in Article

ਪੰਜਾਬੀ ਸਿਨੇਮੇ ਲਈ ਇਹ ਸਾਲ ਬਹੁਤ ਅਹਿਮ ਹੈ। ਇਸ ਸਾਲ ਵੱਖੋ ਵੱਖਰੇ ਵਿਸ਼ਿਆਂ ਨਾਲ ਸਬੰਧਿਤ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਹ ਫਿਲਮਾਂ ਦਰਸ਼ਕਾਂ ਨੂੰ ਪਰਿਵਾਰਾਂ ਸਮੇਤ ਸਿਨੇਮੇ ਆਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਹੁਣ ਤੱਕ ਦਰਜਨ ਤੋਂ ਵੱਧ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਅੱਗੇ ਰਿਲੀਜ਼ ਹੋਣ ਜਾ ਰਹੀਆਂ ਪੰਜਾਬੀ ਫਿਲਮਾਂ ’ਚ ਅਹਿਮ ਫਿਲਮ ਹੋਵੇਗੀ ‘ਜੱਦੀ ਸਰਦਾਰ’। 6 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਪਰਵਾਸੀ ਪੰਜਾਬੀ ਬਲਜੀਤ ਸਿੰਘ ਜੌਹਲ ਵੱਲੋਂ ਆਪਣੀ ਕੰਪਨੀ ‘ਸਾਫ਼ਟ ਦਿਲ ਪ੍ਰੋਡਕਸ਼ਨ ਯੂਐਸਏ’ ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਵਿੱਚ ਅਦਾਕਾਰ ਤੇ ਗਾਇਕ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਅਦਾਕਾਰਾ ਸਾਵਨ ਰੂਪਾਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ, ਸੰਸਾਰ ਸੰਧੂ, ਯਾਦ ਗਰੇਵਾਲ, ਅਮਨ ਕੌਤਿਸ਼, ਅਨੀਤਾ ਦੇਵਗਨ, ਸਤਵੰਤ ਕੌਰ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ।ਕਰਨ ਸੰਧੂ ਤੇ ਧੀਰਜ ਕੁਮਾਰ ਦੀ ਲਿਖੀ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਨੇ ਡਾਇਰੈਕਟ ਕੀਤਾ ਹੈ।

ਫ਼ਿਲਮ ਦੇ ਹੀਰੋ ਸਿੱਪੀ ਗਿੱਲ ਨੇ ਦੱਸਿਆ ਕਿ ਉਹ ਗਾਇਕੀ ’ਚ ਮਸ਼ਰੂਫ਼ ਹੈ, ਫ਼ਿਲਮ ਖੇਤਰ ’ਚ ਉਹ ਫੂਕ ਫੂਕ ਕੇ ਕਦਮ ਧਰ ਰਿਹਾ ਹੈ। ਉਹ ਜਿਸ ਤਰ੍ਹਾਂ ਦੀਆਂ ਫ਼ਿਲਮਾਂ ’ਚ ਕੰਮ ਕਰਨ ਦੀ ਇਛੁੱਕ ਹੈ, ਇਹ ਫ਼ਿਲਮ ਉਸੇ ਤਰ੍ਹਾਂ ਦੀ ਹੀ ਹੈ। ਫ਼ਿਲਮ ਦਾ ਟਾਈਟਲ ਹੀ ਇਸ ਦਾ ਵਿਸ਼ਾ ਵਸਤੂ ਸਪੱਸ਼ਟ ਕਰ ਰਿਹਾ ਹੈ। ਇਹ ਫ਼ਿਲਮ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ। ਪਿੰਡਾਂ ’ਚ ਵੱਸਦੇ ਅਤੇ ਖੇਤੀਬਾੜੀ ਨਾਲ ਜੁੜੇ ਸਾਂਝੇ ਪਰਿਵਾਰਾਂ ਦੀ ਕਹਾਣੀ ਹੈ। ਉਹ ਇਸ ਫ਼ਿਲਮ ’ਚ ਇਕ ਜ਼ਮੀਨ ਜਾਇਦਾਦ ਵਾਲੇ ਸਰਦਾਰ ਗੁੱਗੂ ਗਿੱਲ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ।

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਫ਼ਿਲਮ ’ਚ ਸਿੱਪੀ ਗਿੱਲ ਦੇ ਸਕੇ ਚਾਚੇ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਦੋਵਾਂ ਭਰਾਵਾਂ ’ਚ ਪੂਰਾ ਪਿਆਰ ਹੈ, ਪਰ ਪਰਿਵਾਰ ਦੀਆਂ ਔਰਤਾਂ ਦੇ ਆਪਸੀ ਝਗੜੇ ’ਚ ਨਾ ਸਿਰਫ ਦੋਵਾਂ ਭਰਾਵਾਂ ’ਚ ਫਿੱਕ ਪੈਂਦੀ ਹੈ ਬਲਕਿ ਪਰਿਵਾਰ ਦੇ ਮੁਖੀ ਯਾਨੀ ਉਨ੍ਹਾਂ ਦੇ ਬਾਪ ਵੀ ਇਕ ਦੂਜੇ ਤੋਂ ਦੂਰ ਹੋਣ ਲਈ ਮਜਬੂਰ ਹੋ ਜਾਂਦੇ ਹਨ। ਅਦਾਕਾਰਾ ਸਾਵਨ ਰੂਪਾਵਾਲੀ ਦੀ ਇਹ ਦੂਜੀ ਪੰਜਾਬੀ ਫ਼ਿਲਮ ਹੈ, ਇਸ ਤੋਂ ਪਹਿਲਾਂ ਉਹ ਹਰਜੀਤਾ ਫ਼ਿਲਮ ’ਚ ਕੰਮ ਕਰ ਚੁੱਕੀ ਹੈ।

ਫ਼ਿਲਮ ਦੇ ਨਿਰਦੇਸ਼ਕ ਮਨਭਾਵਨ ਸਿੰਘ ਨੇ ਦੱਸਿਆ ਕਿ ਪੰਜਾਬੀ ਫ਼ਿਲਮ ‘ਗੇਲੋ’ ਤੋਂ ਬਾਅਦ ਇਹ ਉਸ ਦੀ ਦੂਜੀ ਫ਼ਿਲਮ ਹੈ। ਉਸ ਦੀ ਪਹਿਲੀ ਫ਼ਿਲਮ ਵਾਂਗ ਹੀ ਇਹ ਫ਼ਿਲਮ ਵੀ ਆਮ ਫ਼ਿਲਮਾਂ ਤੋਂ ਬਿਲਕੁਲ ਵੱਖਰੀ ਹੋਵੇਗੀ। ਇਸ ਫ਼ਿਲਮ ਜ਼ਰੀਏ ਉਹ ਪਿੰਡਾਂ ਦੇ ਸਾਂਝੇ ਪਰਿਵਾਰਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਅਤੇ ਇਨ੍ਹਾਂ ਪਰਿਵਾਰਾਂ ਦੇ ਨੌਜਵਾਨਾਂ ਦੀ ਸਥਿਤੀ ਨੂੰ ਪੇਸ਼ ਕਰਨ ਦਾ ਯਤਨ ਕਰਨਗੇ। ਪੰਜਾਬੀ ਸਿਨੇਮੇ ਦੇ ਸਦਾਬਹਾਰ ਅਦਾਕਾਰ ਗੱਗੂ ਗਿੱਲ ਮੁਤਾਬਕ ਦਰਸ਼ਕ ਉਸ ਨੂੰ ਇਸ ਫ਼ਿਲਮ ’ਚ ਉਸਦੀਆਂ ਪੁਰਾਣੀਆਂ ਫ਼ਿਲਮਾਂ ਵਾਲੇ ਅਵਤਾਰ ’ਚ ਦੇਖਣਗੇ। ਉਸ ਨੂੰ ਉਮੀਦ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਕਸਵੱਟੀ ’ਤੇ ਖਰਾ ਉਤਰੇਗੀ। ਇਹ ਫਿਲਮ 6 ਸਤੰਬਰ ਨੂੰ ਨੂੰ ਦੁਨੀਆਂ ਭਰ ’ਚ ਰਿਲੀਜ਼ ਹੋ ਰਹੀ ਹੈ।

Comments & Feedback