ਪਿਛਲੇ ਕੁਝ ਮਹੀਨਿਆਂ ਤੋਂ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਟ੍ਰੇਲਰ ਅਤੇ ਟਾਈਟਲ ਗੀਤ ਨੂੰ ਸੋਸ਼ਲ ਮੀਡੀਆ ’ਤੇ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਨਿਰਦੇਸ਼ਕ ਅਦਿਤਯ ਸੂਦ ਦੀ ਇਹ ਫ਼ਿਲਮ ਪਿਆਰ, ਮੁਹਬੱਤ, ਰਿਸ਼ਤੇ ਨਾਤੇ ਅਤੇ ਜ਼ਿੰਦਗੀ ਦੇ ਅਲੱਗ ਅਲੱਗ ਪਹਿਲੂਆਂ ਦੀ ਕਹਾਣੀ ਹੈ। ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਨਿਰਦੇਸ਼ਕ ਅਦਿਤਯ ਸੂਦ ਨੇ ਖੁਦ ਲਿਖੇ ਹਨ। ਨਿਰਮਾਤਾ ਹਰਮਨ ਸੂਦ ਦੀ ਇਹ ਇਹ ਫ਼ਿਲਮ ਆਪਣੇ ਕਿਸਮ ਦੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ ਜਿਸ ਜ਼ਰੀਏ ਇਕ ਨਹੀਂ, ਦੋ ਨਹੀਂ ਬਲਕਿ ਅੱਧੀ ਦਰਜਨ ਦੇ ਨੇੜੇ ਕਲਾਕਾਰ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਹਾਈਟੈਕ ਤਕਨੀਕ ਅਤੇ ਦੇਸ਼ ਦੇ ਨਾਮਵਰ ਤਕਨੀਕੀ ਮਾਹਰਾਂ ਦੀ ਸ਼ਮੂਲੀਅਤ ਵਾਲੀ ਇਸ ਫ਼ਿਲਮ ਜ਼ਰੀਏ ਜਿਥੇ ਦੁਨੀਆਂ ਦੇ ਦੋ ਨਾਮਵਰ ਯੂਟਿਊਬਰ ਕਿੰਗ ਬੀ ਚੌਹਾਨ ਅਤੇ ਸੈਮੀ ਗਿੱਲ ਪਹਿਲੀ ਵਾਰ ਵੱਡੇ ਪਰਦੇ ’ਤੇ ਆਪਣਾ ਆਗਮਨ ਕਰ ਰਹੇ ਹਨ।

ਉਥੇ ਹੀ ਨਾਮਵਰ ਗਾਇਕ ਸਿੱਧੁ ਮੂਸੇਵਾਲਾ ਨੂੰ ਵੀ ਦਰਸ਼ਕ ਪਹਿਲੀ ਵਾਰ ਇਸ ਫਿਲਮ ਵਿੱਚ ਐਕਟਿੰਗ ਕਰਦਿਆਂ ਦੇਖਣਗੇ। ਇਹੀ ਨਹੀਂ ਪੰਜਾਬੀ ਸਿਨਮਾ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਵੀ ਪਹਿਲੀ ਵਾਰ ਇਸ ਫਿਲਮ ਵਿੱਚ ਹੀ ਦਿਖਾਈ ਦੇਵੇਗਾ।

ਟੈਲੀਵਿਜ਼ਨ ਅਤੇ ਫੈਸ਼ਨ ਇੰਡਸਟਰੀ ਦਾ ਨਾਮਵਰ ਚਿਹਰਾ ਮੋਨਿਕਾ ਸ਼ਰਮਾ ਵੀ ਬਤੌਰ ਹੀਰੋਇਨ ਇਸ ਫਿਲਮ ਜ਼ਰੀਏ ਹੀ ਪੰਜਾਬੀ ਸਿਨਮਾ ਨਾਲ ਜੁੜਨ ਜਾ ਰਹੀ ਹੈ। ਇਥੇ ਹੀ ਬਸ ਨਹੀਂ ਕੈਨੈਡਾ ਦੀ ਨਾਮਵਰ ਮਾਡਲ ਅਰਸ਼ ਪੁਰਬਾ ਵੀ ਪਹਿਲੀ ਵਾਰ ਇਸ ਫਿਲਮ ਵਿੱਚ ਹੀ ਦਿਖਾਈ ਦੇਵੇਗੀ। ਹਾਲੀਵੁੱਡ ਐਕਟਰ ਅਤੇ ਮਾਡਲ ਜੈਜ ਵੀ ਇਸ ਫਿਲਮ ਦਾ ਅਹਿਮਾ ਹਿੱਸਾ ਹੈ।

ਫ਼ਿਲਮ ਦੇ ਨਿਰਦੇਸ਼ਕ ਅਤੇ ਲੇਖਕ ਅਦਿਤਯ ਸੂਦ ਮੁਤਾਬਕ ਬਹੁਤ ਸਾਰੇ ਅਜਿਹੇ ਕਲਾਕਾਰ ਹਨ ਜੋ ਮੌਕਿਆਂ ਦੀ ਘਾਟ ਕਾਰਨ ਅੱਗੇ ਨਹੀਂ ਵੱਧ ਪਾ ਰਹੇ । ਪੰਜਾਬੀ ਸਿਨਮਾ ਵਿੱਚ ਇਕ ਰੁਝਾਨ ਹੈ ਕਿ ਇਥੇ ਹਰ ਕੋਈ ਚਰਚਿਤ ਚਿਹਰਿਆਂ ਮਗਰ ਹੀ ਭੱਜਦਾ ਹੈ, ਕੋਈ ਵੀ ਨਿਰਮਾਤਾ ਨਿਰਦੇਸ਼ਕ ਨਵੇਂ ਕਲਾਕਾਰਾਂ ਨੂੰ ਮੌਕਾ ਦੇਣ ਲਈ ਤਿਆਰ ਨਹੀਂ ਹੈ।

ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਹਰ ਫਿਲਮ ਜ਼ਰੀਏ ਪੰਜਾਬੀ ਦਰਸ਼ਕਾਂ ਮੂਹਰੇ ਨਵੇਂ ਕਲਾਕਾਰਾਂ ਨੂੰ ਲੈ ਕੇ ਆਵੇ। ਉਨ੍ਹਾਂ ਮੁਤਾਬਕ ਇਹ ਫਿਲਮ ਹਰ ਤਰ੍ਹਾਂ ਦੇ ਪੰਜਾਬੀ ਦਰਸ਼ਕਾਂ ਦੇ ਲਈ ਹੈ। ਇਹ ਫਿਲਮ ਨਿਰੋਲ ਰੂਪ ਵਿੱਚ ਪਰਿਵਾਰਕ ਡਰਾਮਾ ਫਿਲਮ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।
in Article
ਕੀ ਤੁਸੀਂ ਜਾਣਦੇ ਹੋ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਇਹ ਸੱਚ?????



