ਪੰਜਾਬੀ ਮਨੋਰੰਜਨ ਜਗਤ ਨਾਲ ਸਬੰਧਿਤ ਨਾਮਵਰ ਕੰਪਨੀ ‘ਵਾਈਟ ਹਿੱਲ ਸਟੂਡੀਓ ਦੇ ਮੈਨੇਜਿੰਗ ਡਾਇਰੈਕਟਰ ਗੁਣਬੀਰ ਸਿੰਘ ਸਿੱਧੂ ਦਾ ਨਾਂ ਵਰਤਕੇ ਦਿੱਲੀ, ਪੰਜਾਬ ਤੇ ਮੁੰਬਈ ਦੀਆਂ ਮਾਡਲ ਕੁੜੀਆਂ ਨੂੰ ਮੈਸੇਜ ਕਰਕੇ ਕੰਮ ਦਾ ਝਾਸਾ ਦੇਣ ਦੇ ਦੋਸ਼ ਹੇਠ ਮੁਹਾਲੀ ਪੁਲਿਸ ਨੇ ਦਿੱਲੀ ਦੇ ਰਹਿਣ ਵਾਲੇ ਇਕ ਮਾਡਲ ਕੁਆਡੀਨੇਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਓਵੇਦ ਫਰੀਦੀ ਨਾਂ ਦਾ ਇਹ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮਿਊਜ਼ਿਕ ਵੀਡੀਓਜ਼ ਲਈ ਮਾਡਲ ਕੁੜੀਆਂ ਮੁਹਈਆ ਕਰਵਾਉਂਦਾ ਹੈ। ਇਹ ਕੋਆਡੀਨੇਟਰ ਪਿਛਲੇ ਕੁਝ ਸਮੇਂ ਤੋਂ ਕੁੜੀਆਂ ਨੂੰ ਆਪਣੇ ਨਿੱਜੀ ਨੰਬਰ ਤੋਂ ਮੈਸੇਜ ਕਰਦਾ ਸੀ ਅਤੇ ਉਨ੍ਹਾਂ ਦੀ ਗੁਣਬੀਰ ਸਿੰਘ ਸਿੱਧੂ ਨਾਲ ਕਿਸੇ ਵੱਡੇ ਮਿਊਜ਼ਿਕ ਵੀਡੀਓ ਦੀ ਗੱਲ ਕਰਵਾਉਂਦਾ ਸੀ। ਉਹ ਖੁਦ ਹੀ ਕਿਸੇ ਹੋਰ ’ਤੇ ਨੰਬਰ ਗੁਣਬੀਰ ਸਿੰਘ ਸਿੱਧੂ ਬਣਕੇ ਮਾਡਲ ਕੁੜੀਆਂ ਨਾਲ ਗੱਲ ਕਰਦਾ ਅਤੇ ਕੰਮ ਦੇ ਬਦਲੇ ‘ਸਰੀਰਿਕ ਸਮਝੌਤੇ’ ਲਈ ਕਹਿੰਦਾ। ਇਸ ਤਰ੍ਹਾਂ ਉਹ ਪਿਛਲੇ 2 ਮਹੀਨਿਆਂ ਤੋਂ 40 ਦੇ ਕਰੀਬ ਕੁੜੀਆਂ ਨਾਲ ਗੁਣਬੀਰ ਸਿੰਘ ਸਿੱਧੂ ਬਣਕੇ ਗੱਲ ਕਰ ਰਿਹਾ ਸੀ।
ਇਸ ਮਾਮਲੇ ਦੀ ਜਦੋਂ ਗੁਣਬੀਰ ਸਿੰਘ ਸਿੱਧੂ ਨੂੰ ਭਿਣਕ ਪਈ ਤਾਂ ਉਨ੍ਹਾਂ ਤੁਰੰਤ ਇਸ ਦੀ ਆਪਣੇ ਪੱਧਰ ‘ਤੇ ਪੜਤਾਲ ਕੀਤੀ। ਮਾਮਲਾ ਸੰਗੀਤ ਨਿਕਲਣ ਤੋਂ ਬਾਅਦ ਉਨ੍ਹਾਂ ਮੁਹਾਲੀ ਪੁਲਿਸ ਨੂੰ 6 ਸਤਬੰਰ ਨੂੰ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਅਗਲੇ ਦਿਨ ਪੁਲਿਸ ਨੇ ਉਕਤ ਵਿਅਕਤੀ ਨੂੰ ਚੰਡੀਗੜ੍ਹ ਵਿੱਚ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਸ ਦੇ ਮੋਬਾਇਲ ’ਚੋਂ ਕਈ ਅਹਿਮ ਜਾਣਕਾਰੀ ਦੇ ਨਾਲ ਦਰਜਨਾਂ ਮਾਡਲ ਕੁੜੀਆਂ ਦੀਆਂਂ ਤਸਵੀਰਾਂ ਤੇ ਹੋਰ ਜਾਣਕਾਰੀ ਵੀ ਹਾਸਲ ਕੀਤੀ ਹੈ। ਮੁਹਾਲੀ ਪੁਲਿਸ ਹੁਣ ਇਸ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।
ਕਾਬਲੇਗੌਰ ਹੈ ਕਿ ‘ਵਾਈਟ ਹਿੱਲ ਸਟੂਡੀਓ’ ਦੇਸ਼ ਦੇ ਨਾਮੀਂ ਫ਼ਿਲਮ ਅਤੇ ਮਿਊਜ਼ਿਕ ਸਟੂਡੀਓਜ਼ ਵਿੱਚੋਂ ਇਕ ਹੈ, ਜੋ ਹਰ ਸਾਲ ਕਰੀਬ ਅੱਧੀ ਦਰਜਨ ਫ਼ਿਲਮਾਂ ਦਾ ਨਿਰਮਾਣ ਕਰਨ ਦੇ ਨਾਲ ਨਾਲ ਹਰ ਸਾਲ ਸੈਂਕੜੇ ਮਿਊਜ਼ਿਕ ਵੀਡੀਓਜ਼ ਵੀ ਰਿਲੀਜ਼ ਕਰਦਾ ਹੈ। ਇਸ ਤਰ੍ਹਾਂ ਇਕ ਨਾਮੀਂ ਕੰਪਨੀ ਦੇ ਮਾਲਕ ਦਾ ਨਾਂ ਵਰਤਕੇ ਕੁੜੀਆਂ ਦਾ ਸੋਸ਼ਣ ਕਰਨਾ ਸੰਗੀਨ ਮਾਮਲਾ ਹੈ। ਇਸ ਸੈਕੰਡਲ ਦੇ ਬੇਨਕਾਬ ਹੋਣ ਤੋਂ ਬਾਅਦ ਇਸ ਤਰ੍ਹਾਂ ਦਾ ਧੰਦਾ ਕਰਨ ਵਾਲੇ ਹੋਰ ਲੋਕਾਂ ਨੂੰ ਵੀ ਕੰਨ ਹੋਣ ਦੀ ਸੰਭਾਵਨਾ ਹੈ।
in News
ਗੁਣਬੀਰ ਸਿੱਧੂ ਦੇ ਨਾਂ ’ਤੇ ਮਾਡਲ ਕੁੜੀਆਂ ਦਾ ਸੋਸ਼ਣ ਕਰਨ ਵਾਲਾ ਨਕਲੀ’ ਸਿੱਧੂ ਗ੍ਰਿਫ਼ਤਾਰ
